Breaking News
Home / ਹਫ਼ਤਾਵਾਰੀ ਫੇਰੀ / ਪਰਵਾਸੀ ਮਜ਼ਦੂਰਾਂ ਨੂੰ ਘਰ ਭੇਜਣ ਲਈ ਸੋਨੂੰ ਸੂਦ ਨੇ ਚਲਾਈਆਂ ਬੱਸਾਂ

ਪਰਵਾਸੀ ਮਜ਼ਦੂਰਾਂ ਨੂੰ ਘਰ ਭੇਜਣ ਲਈ ਸੋਨੂੰ ਸੂਦ ਨੇ ਚਲਾਈਆਂ ਬੱਸਾਂ

ਰੇਡੀਓ ਪਰਵਾਸੀ ‘ਤੇ ਆ ਕੇ ਦਿੱਤੀ ਜਾਣਕਾਰੀ
ਮਿਸੀਸਾਗਾ/ਬਿਊਰੋ ਨਿਊਜ਼ : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੋਨੂੰ ਸੂਦ ਨੇ ਮੁੰਬਈ ਵਿਚ ਫਸੇ ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਦੇ ਲਈ ਬੱਸਾਂ ਦਾ ਇੰਤਜ਼ਾਮ ਕੀਤਾ ਹੈ। ਵਰਨਣਯੋਗ ਹੈ ਕਿ ਸੋਨੂੰ ਸੂਦ ਜੋ ਕਿ ਪੰਜਾਬ ਦੇ ਮੋਗਾ ਸ਼ਹਿਰ ਦੇ ਵਸਨੀਕ ਹਨ। ਸਮੇਂ-ਸਮੇ ਸਿਰ ਅਕਸਰ ਲੋਕ ਭਲਾਈ ਕੰਮਾਂ ਵਿਚ ਯੋਗਦਾਨ ਪਾਉਂਦੇ ਰਹਿੰਦੇ ਹਨ। ਲੰਘੇ ਦਿਨੀਂ ਉਨ੍ਹਾਂ ਨੇ ਮੁੰਬਈ ਵਿਚ ਆਪਣਾ ਹੋਟਲ ਖਾਲੀ ਕਰ ਦਿੱਤਾ ਸੀ ਅਤੇ ਫਰੰਟ ਲਾਈਨ ‘ਤੇ ਕੰਮ ਕਰ ਰਹੇ ਡਾਕਟਰਾਂ, ਨਰਸਾਂ ਅਤੇ ਹੋਰ ਸਟਾਫ਼ ਲਈ ਮੁਫ਼ਤ ਰਹਿਣ ਦੀ ਪੇਸ਼ਕਸ਼ ਵੀ ਕੀਤੀ ਸੀ। ‘ਪਰਵਾਸੀ ਰੇਡੀਓ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਪਰਵਾਸੀ ਮਜ਼ਦੂਰਾਂ ਦੀ ਮਾੜੀ ਹਾਲਤ ਦੇਖ ਕੇ ਉਨ੍ਹਾਂ ਕੋਲੋਂ ਰਿਹਾ ਨਹੀਂ ਗਿਆ ਤੇ ਉਨ੍ਹਾਂ ਨੇ ਸੋਚਿਆ ਕਿ ਅਜਿਹੇ ਸਮੇਂ ਵਿਚ ਜੇਕਰ ਉਹ ਇਨ੍ਹਾਂ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰੋ-ਘਰੀ ਪਹੁੰਚਾ ਸਕਣ ਤਾਂ ਇਹ ਉਨ੍ਹਾਂ ਦੀ ਵੱਡੀ ਮਦਦ ਹੋਵੇਗੀ। ਉਨ੍ਹਾਂ ਦੱਸਿਆ ਕਿ ਕਰੋਨਾ ਵਾਇਰਸ ਦੇ ਕਾਰਨ ਲੱਗੀਆਂ ਪਾਬੰਦੀਆਂ ਦੇ ਬਾਵਜੂਦ ਉਹ ਖੁਦ ਜਾ ਕੇ ਇਨ੍ਹਾਂ ਮਜ਼ਦੂਰਾਂ ਨੂੰ ਬੱਸਾਂ ਵਿਚ ਬਿਠਾਉਂਦੇ ਹਨ ਅਤੇ ਸਾਰਾ ਇੰਤਜ਼ਾਮ ਦੇਖਦੇ ਹਨ। ਸੋਨੂੰ ਸੂਦ ਹੁਰਾਂ ਨੇ ਰੇਡੀਓ ਪ੍ਰੋਗਰਾਮ ਦੇ ਹੋਸਟ ਮੀਨਾਕਸ਼ੀ ਸੈਣੀ ਹੁਰਾਂ ਨੂੰ ਦੱਸਿਆ ਕਿ ਕਿਉਂਕਿ ਇਸ ਸਮੇਂ ਫ਼ਿਲਮਾਂ ਬਣਾਉਣ ਦਾ ਕੰਮ ਮੁਕੰਮਲ ਤੌਰ ‘ਤੇ ਬੰਦ ਹੈ ਇਸ ਲਈ ਉਹ ਅਜਿਹੇ ਭਲਾਈ ਦੇ ਕੰਮਾਂ ਲਈ ਆਪਣਾ ਸਮਾਂ ਲਗਾ ਰਹੇ ਹਨ। ਆਪਣੀਆਂ ਆਉਣ ਵਾਲੀਆਂ ਫ਼ਿਲਮਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਨਵੀਂ ਬਣ ਰਹੀ ਫ਼ਿਲਮ ‘ਪ੍ਰਿਥਵੀ ਰਾਜ ਚੌਹਾਨ’ ਵਿਚ ਉਨ੍ਹਾਂ ਦਾ ਅਹਿਮ ਰੋਲ ਅਤੇ ਉਹ ਅਕਸ਼ੈ ਕੁਮਾਰ ਨਾਲ ਇਸ ਫ਼ਿਲਮ ਵਿਚ ਕੰਮ ਕਰ ਰਹੇ ਹਨ। ਉਨ੍ਹਾਂ ਬਾਕੀ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਸਮੇਂ ਜਿੰਨੀ ਵੀ ਹੋ ਸਕਦੀ ਹੈ ਵੱਧ ਤੋਂ ਵੱਧ ਲੋੜਵੰਦਾਂ ਦੀ ਮਦਦ ਕਰਨ।

Check Also

ਫੈਡਰਲ ਚੋਣਾਂ : ਤਾਜ਼ਾ ਸਰਵੇਖਣਾਂ ਅਨੁਸਾਰ ਲਿਬਰਲ ਪਾਰਟੀ ਦਾ ਹੱਥ ਕੰਸਰਵੇਟਿਵਾਂ ਤੋਂ ਉਪਰ

45 % ਵੋਟਰ ਮਾਰਕ ਕਾਰਨੀ ਨੂੰ ਤੇ 34 % ਪੀਅਰ ਪੋਲੀਵਰ ਨੂੰ ਪ੍ਰਧਾਨ ਮੰਤਰੀ ਦੇਖਣ …