ਕੈਪਟਨ ਦੀ ਗੈਰਮੌਜੂਦਗੀ ‘ਚ …
ਬਨਵਾਸ ਖਤਮ ਦੀ ਗੱਲ ਕਰਕੇ ਆਪਣੇ ਰਾਜਤਿਲਕ ਦਾ ਇਸ਼ਾਰਾ ਕਰ ਗਏ ਜਨਾਬ
ਕਿਹਾ : … ਭਾਗ ਬਾਬਾ ਬਾਦਲ ਭਾਗ, ਕੁਰਸੀ ਖਾਲੀ ਕਰ ਪੰਜਾਬ ਦੀ ਜਨਤਾ ਆਤੀ ਹੈ
ਨਵੀਂ ਦਿੱਲੀ : ਸਾਲ ਭਰ ਤੋਂ ਜ਼ਿਆਦਾ ਸਮੇਂ ਤੋਂ ਪੰਜਾਬ ਤੋਂ ਬਾਹਰ ਅਤੇ ਕਰੀਬ 130 ਦਿਨਾਂ ਬਾਅਦ ਜਨਤਕ ਤੌਰ ‘ਤੇ ਮੰਚ ‘ਤੇ ਰੂਬਰੂ ਹੋਏ ਨਵਜੋਤ ਸਿੱਧੂ ਨੇ ਖੁਦ ਨੂੰ ਇਸ ਤਰ੍ਹਾਂ ਪੇਸ਼ ਕੀਤਾ, ਮੰਨੋ ਬਨਵਾਸ ਕੱਟ ਕੇ ਆਏ ਹੋਣ। ਸ਼ੁਰੂਆਤ ਜਨਮਜਾਤ ਕਾਂਗਰਸੀ ਹੋਣ ਤੋਂ ਕੀਤੀ। ਬੋਲੇ-ਫਿਰ ਜੜ੍ਹਾਂ ਨਾਲ ਜੁੜ ਗਏ ਹਾਂ … ਪਰ ਇਹ ਨਹੀਂ ਦੱਸਿਆ ਕਿ ਆਖਰ 53 ਸਾਲ ਬਾਅਦ ਹੀ ਉਨ੍ਹਾਂ ਨੂੰ ਇਹ ਯਾਦ ਕਿਉਂ ਆਈ? ਫਿਰ ਉਹ ਤੁਰੰਤ ਰਮਾਇਣ ਦੇ ਕਿਰਦਾਰਾਂ ‘ਤੇ ਆ ਗਏ। ਬੋਲੇ-ਲੋਕ ਕਹਿੰਦੇ ਹਨ ਕਿ ਮੈਂ ਪਾਰਟੀ ਨੂੰ ਮਾਂ ਕਹਿੰਦਾ ਸੀ, ਪਰ ਮਾਂ ਤਾਂ ਕੈਕਈ ਵੀ ਸੀ, ਜੋ ਬਨਵਾਸ ਭੇਜਦੀ ਸੀ। ਆਪਣੀਆਂ ਜੜ੍ਹਾਂ ਤੋਂ ਦੂਰ ਭੇਜਦੀ ਸੀ। ਘਰ ਤੋਂ ਬਾਹਰ ਭੇਜਦੀ … ਅਤੇ ਮਾਤਾ ਕੌਸ਼ਲਿਆ ਵੀ ਸੀ ਜੋ ਬੁਲਾ ਕੇ ਵਿਸ਼ਵਾਸ ਦਾ ਸੱਦਾ ਭੇਜਦੀ ਸੀ ਅਤੇ ਪੰਜਾਬ ਵਾਕਿਫ ਹੈ ਕਿ ਮੰਥਰਾ ਦਾ ਰੋਲ ਕਿਸ ਨੇ ਨਿਭਾਇਆ ਪੰਜਾਬ ਵਿਚ। ਕੌਣ ਉਕਸਾਉਂਦਾ ਸੀ। ਕੌਣ ਸਾਜਿਸ਼ ਕਰਦਾ ਸੀ। ਕੌਣ ਸਿੱਧੂ ਨੂੰ ਦੇਖ ਕੇ ਅਸੁਰੱਖਿਅਤ ਮਹਿਸੂਸ ਕਰਦਾ ਸੀ।
ਇਸ਼ਾਰਿਆਂ ਵਿਚ ਹੀ ਸਿੱਧੂ ਨੇ ਭਾਜਪਾ ਨੂੰ ਕੈਕਈ, ਕਾਂਗਰਸ ਨੂੰ ਕੌਸ਼ਲਿਆ ਅਤੇ ਅਕਾਲੀ ਦਲ ਨੂੰ ਮੰਥਰਾ ਦੱਸ ਕੇ ਖੁਦ ਰਾਮ ਬਣ ਬੈਠ ਗਏ। ਗੱਲਾਂ-ਗੱਲਾਂ ਵਿਚ ਰਾਜਤਿਲਕ ਦਾ ਇੰਤਜ਼ਾਰ ਵੀ ਦਿੱਸਿਆ। ਬੋਲੇ-ਏ ਖਾਕ ਨਸੀਨੋਂ ਉਠ ਬੈਠੋ, ਅਬ ਵਕਤ ਆਣ ਪਹੁੰਚਾ ਹੈ, ਜਬ ਬਾਦਲ ਦੇ ਤਖਤ ਗਿਰਾਏਂ ਜਾਏਂਗੇ, ਔਰ ਤਾਜ ਉਛਾਲੇ ਜਾਏਂਗੇ। … ਭਾਗ ਬਾਬਾ ਬਾਦਲ ਭਾਗ, ਕੁਰਸੀ ਖਾਲੀ ਕਰ ਪੰਜਾਬ ਦੀ ਜਨਤਾ ਆਤੀ ਹੈ। ਮੁੱਖ ਮੰਤਰੀ ਬਣਨ ਦਾ ਸਵਾਲ ਟਾਲ ਗਏ। ਬੋਲੇ-ਗੇਹੂੰ ਖੇਤ ਮੇਂ, ਬੱਚਾ ਪੇਟ ਮੇਂ ਅਤੇ ਆਪ ਵਿਆਹ ਦੀ ਤਿਆਰੀ ਕਰ ਰਹੇ ਹੋ। ਹੁਣ ਵੱਡਾ ਸਵਾਲ ਇਹ ਹੈ ਕਿ ਸਿੱਧੂ ਨੇ ਸਿਰਫ ਵਿਧਾਇਕ ਬਣਨ ਲਈ ਕਾਂਗਰਸ ਜਵਾਇਨ ਕੀਤੀ? ਰਾਜਨੀਤੀ ਦਾ ਕੋਈ ਵੀ ਜਾਣਕਾਰ ਇਸ ਨਾਲ ਇਤਕਾਫ ਨਹੀਂ ਰੱਖਦਾ।
ਸਿੱਧੂ ਪਹੁੰਚੇ ਅੰਮ੍ਰਿਤਸਰ, ਦਰਬਾਰ ਸਾਹਿਬ ਟੇਕਿਆ ਮੱਥਾ
ਸਾਬਕਾ ਸੰਸਦ ਮੈਂਬਰ ਨਵਜੋਤ ਸਿੱਧੂ ਨੇ ਇਸ ਵਾਰ ਕਾਂਗਰਸੀ ਪਿੱਚ ਤੋਂ ਸਿਆਸਤ ਦੀ ਨਵੀਂ ਪਾਰੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦਾ ਅੰਮ੍ਰਿਤਸਰ ਪਹੁੰਚਣ ‘ਤੇ ਕਾਂਗਰਸੀਆਂ ਨੇ ਸਵਾਗਤ ਕੀਤਾ। ਸਿੱਧੂ ਨੇ ਸ਼ੁਕਰਾਨੇ ਵਜੋਂ ਹਰਿਮੰਦਰ ਸਾਹਿਬ ਮੱਥਾ ਟੇਕਿਆ। ਇਸ ਮਗਰੋਂ ਉਨ੍ਹਾਂ ਆਖਿਆ ਕਿ ਪ੍ਰਣ ਕੀਤਾ ਹੈ ਕਿ ਬੇਹਾਲ ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਲੜਾਈ ਲੜਣਗੇ।
ਮੈਂ ਜਨਮ ਤੋਂ ਹੀ ਕਾਂਗਰਸੀ
ਸਿੱਧੂ ਦੇ ਪਿਤਾ ਭਗਵੰਤ ਸਿੱਧੂ ਸੁਤੰਤਰਤਾ ਸੈਨਾਨੀ ਸਨ। ਉਹ 40 ਸਾਲ ਕਾਂਗਰਸ ਨਾਲ ਜੁੜੇ ਰਹੇ। ਕੈਪਟਨ ਦੇ ਨਾਲ ਕੰਮ ਦੇ ਸਵਾਲ ‘ਤੇ ਕਿਹਾ ਕਿ ਜਦ ਦੋ ਦੇਸ਼ ਆਪਣੇ ਮਤਭੇਦ ਇਕੱਠੇ ਬੈਠ ਕੇ ਦੂਰ ਕਰ ਸਕਦੇ ਹਨ ਤਾਂ ਦੋ ਨੇਤਾ ਕਿਉਂ ਨਹੀਂ? ਰਾਜਨੀਤੀ ਵਿਚ ਕੋਈ ਇਫ ਬਟ ਨਹੀਂ ਹੁੰਦਾ।
ਸਰਕਾਰ ਨਹੀਂ, ਧੰਦਾ ਚਲਾਉਂਦੇ ਹਨ ਬਾਦਲ
ਸਿੱਧੂ ਨੇ ਸਭ ਤੋਂ ਵੱਡਾ ਹਮਲਾ ਬਾਦਲ ਪਿਤਾ-ਪੁੱਤਰ ‘ਤੇ ਕੀਤਾ। ਇਹ ਲੋਕ ਧੰਦਾ ਕਰਦੇ ਹਨ, ਧੰਦਾ। ਪੰਜਾਬ ਵਿਚ ਨੇਤਾ ਪੁਲਿਸ ਤੇ ਡਰੱਗ ਮਾਫੀਆ ਮਿਲ ਕੇ ਨਸ਼ੇ ਦਾ ਕਾਰੋਬਾਰ ਕਰ ਰਹੇ ਹਨ। ਕਾਂਗਰਸ ਦੀ ਸਰਕਾਰ ਬਣਨ ‘ਤੇ ਇਸ ‘ਚ ਸ਼ਾਮਲ ਲੋਕਾਂ ‘ਤੇ ਕਾਰਵਾਈ ਕੀਤੀ ਜਾਵੇਗੀ।
ਕੈਪਟਨ ਨੂੰ ਸਿੱਧੂ ਵਿਚ ਪੁੱਤ ਦਿਸਿਆ ਤੇ ਸਿੱਧੂ ਨੂੰ ਅਮਰਿੰਦਰ ‘ਚ ਨਜ਼ਰ ਆਈ ਪਿਤਾ ਦੀ ਝਲਕ
ਅੰਮ੍ਰਿਤਸਰ : ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਵਿੱਚ ਸ਼ਾਮਲ ਹੋਏ ਨਵਜੋਤ ਸਿੰਘ ਸਿੱਧੂ ਨੇ ਆਪਣਾ ਰਿਸ਼ਤਾ ਪਿਓ-ਪੁੱਤਰ ਵਾਲਾ ઠਦੱਸਿਆ ਹੈ। ਵੀਰਵਾਰ ਨੂੰ ਇਨ੍ਹਾਂ ਦੋਵਾਂ ਆਗੂਆਂ ਵੱਲੋਂ ਇੱਥੇ ਇੱਕ ਸਾਂਝਾ ਪੱਤਰਕਾਰ ਸੰਮੇਲਨ ਸੱਦਿਆ ਗਿਆ ਸੀ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਸੱਤਾ ਵਿੱਚ ਆਉਣ ਮਗਰੋਂ ਨਸ਼ਿਆਂ ਦੇ ਕਾਰੋਬਾਰ ਮਾਮਲੇ ‘ਚ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਵੱਲੋਂ ਦਿੱਤੀ ઠਕਲੀਨ ਚਿੱਟ ਦੀ ਮੁੜ ਜਾਂਚ ਕਰਵਾਈ ਜਾਵੇਗੀ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ। ਸਿੱਧੂ ਦੀ ਕਾਂਗਰਸ ਵਿੱਚ ਸ਼ਮੂਲੀਅਤ ਮਗਰੋਂ ਇੱਥੇ ਕਾਂਗਰਸ ਵੱਲੋਂ ਪਹਿਲੀ ਵਾਰ ਇਹ ਸਾਂਝਾ ਪੱਤਰਕਾਰ ਸੰਮੇਲਨ ਸੱਦਿਆ ਗਿਆ ਸੀ, ਜਿਸ ਵਿੱਚ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੋਵੇਂ ਸ਼ਾਮਲ ਸਨ। ਪੱਤਰਕਾਰ ਸੰਮੇਲਨ ਦੌਰਾਨ ਜਦੋਂ ਦੋਵਾਂ ਦੇ ਆਪਸੀ ਸਬੰਧ ਬਾਰੇ ਸਵਾਲ ਕੀਤਾ ਗਿਆ ਤਾਂ ਕਾਂਗਰਸੀ ਪ੍ਰਧਾਨ ਨੇ ਸਿੱਧੂ ਨੂੰ ਆਪਣੇ ਬੇਟੇ ਅਤੇ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਪਿਤਾ ਸਮਾਨ ਦੱਸਿਆ। ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਸਿੱਧੂ ਪਰਿਵਾਰ ਨਾਲ ਉਨ੍ਹਾਂ ਦਾ ਪੁਰਾਣਾ ਸਬੰਧ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਿੱਧੂ ਕਾਂਗਰਸ ਵਿੱਚ ਬਿਨਾ ਕਿਸੇ ਸ਼ਰਤ ਸ਼ਾਮਲ ਹੋਏ ਹਨ। ਇਸ ਮੌਕੇ ਸਿੱਧੂ ਨੇ ਵੀ ਕਾਂਗਰਸ ਵਿੱਚ ਅਹੁਦਾ ਲੈਣ ਦੀਆਂ ਕਿਆਸਅਰਾਈਆਂ ਨੂੰ ਖਾਰਜ ਕਰ ਦਿੱਤਾ। ਕੈਪਟਨ ਅਮਰਿੰਦਰ ਸਿੰਘ ਕੋਲੋਂ ਜਦੋਂ ਇਹ ਪੁੱਛਿਆ ਗਿਆ ਕਿ ਕੀ ਉਹ ਕਾਂਗਰਸ ਸਰਕਾਰ ਆਉਣ ‘ਤੇ ਸਿੱਧੂ ઠਨੂੰ ਮੁੱਖ ਮੰਤਰੀ ਵਜੋਂ ਸਵੀਕਾਰ ਕਰਨਗੇ ਤਾਂ ਪੱਤਰਕਾਰ ਨੂੰ ਟੋਕਦਿਆਂ ਸਿੱਧੂ ਨੇ ਇਸ ਸਵਾਲ ਦਾ ਜਵਾਬ ਜੁਮਲੇ ਵਿੱਚ ਦਿੱਤਾ। ਕਾਂਗਰਸੀ ਪ੍ਰਧਾਨ ਨੇ ਸਿੱਧੂ ਦੀ ਕਾਂਗਰਸ ਵਿੱਚ ਸ਼ਮੂਲੀਅਤ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਖੁਦ ਨੂੰ ਸਾਬਕਾ ਕ੍ਰਿਕਟਰ ਦਾ ਵਿਕਟ ਕੀਪਰ ਦੱਸਿਆ ਜਦਕਿ ਕੋਲ ਬੈਠੀ ਕਾਂਗਰਸ ਦੀ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਨੇ ਖ਼ੁਦ ਨੂੰ ਅੰਪਾਇਰ ਆਖਿਆ। ਪੱਤਰਕਾਰ ਸੰਮੇਲਨ ਵਿੱਚ ਵਧੇਰੇ ਤੌਰ ‘ਤੇ ਸਿੱਧੂ ਚੁੱਪ ਰਹੇ ਅਤੇ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਪੱਤਰਕਾਰਾਂ ਨਾਲ ਗੱਲ ਕਰਨ ਦਾ ਮੌਕਾ ਦਿੱਤਾ ਤੇ ਪੁੱਛੇ ਕਈ ਸਵਾਲਾਂ ਨੂੰ ਟਾਲ ਵੀ ਦਿੱਤਾ। ਇਸ ਮੌਕੇ ਸਾਬਕਾ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਕਾਂਗਰਸ ਸਰਕਾਰ ਆਉਣ ‘ਤੇ ਵੱਖ-ਵੱਖ ਸ਼ਹਿਰਾਂ ਵਿੱਚ ਵਿਕਾਸ ਅਥਾਰਟੀਆਂ ਮੁੜ ਬਹਾਲ ਹੋਣਗੀਆਂ ਅਤੇ ਉਨ੍ਹਾਂ ਨੂੰ ਸ਼ਹਿਰੀ ਵਿਕਾਸ ਲਈ ਵੱਡੇ ਫੰਡ ਵੀ ਦਿੱਤੇ ਜਾਣਗੇ। ਬਾਦਲਾਂ ਖ਼ਿਲਾਫ਼ ਨਰਮ ਰੁਖ ਅਖ਼ਤਿਆਰ ਕਰਨ ਦੇ ਲੱਗ ਰਹੇ ਦੋਸ਼ਾਂ ਦਾ ਜਵਾਬ ਦਿੰਦਿਆਂ ਕਾਂਗਰਸੀ ਆਗੂ ਨੇ ਆਖਿਆ ਕਿ ਮੀਡੀਆ ਇਹ ਚਾਹੁੰਦਾ ਹੈ ਕਿ ਹੁਣ ਬਾਦਲਾਂ ਨੂੰ ਕੁੱਟਿਆ ਜਾਵੇ। ਉਨ੍ਹਾਂ ਆਖਿਆ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਵਾਸਤੇ ਹੀ ਉਹ ਲੰਬੀ ਤੋਂ ਚੋਣ ਲੜ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਲੰਬੀ ਹਲਕੇ ਦੇ ਪਿੰਡਾਂ ਵਿੱਚ ਅਕਾਲੀਆਂ ਪ੍ਰਤੀ ਭਾਰੀ ਰੋਸ ਹੈ ਅਤੇ ਲੋਕ ਇਸ ਵਾਰ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾਉਣਗੇ। ‘ਆਪ’ ਅਤੇ ਅਰਵਿੰਦ ਕੇਜਰੀਵਾਲ ਬਾਰੇ ਗੱਲ ਕਰਦਿਆਂ ਉਨ੍ਹਾਂ ਆਖਿਆ ਕਿ ਉਹ ਅਸਪੱਸ਼ਟ ਵਿਅਕਤੀ ਹਨ ਜੋ ਪੰਜਾਬ ਚੋਣਾਂ ਵਿੱਚ ਬੌਖਲਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਸਮੇਂ ਸਨਅਤ ਨੂੰ ਭਾਰੀ ਢਾਹ ਲੱਗੀ ਹੈ ਜਿਸਨੂੰ ਕਾਂਗਰਸੀ ਸਰਕਾਰ ਆਉਣ ‘ਤੇ ਮੁੜ ਪੈਰਾਂ ਸਿਰ ਕੀਤਾ ਜਾਵੇਗਾ।
ਇਸ ਮੌਕੇ ਗੁਰਜੀਤ ਸਿੰਘ ਔਜਲਾ ਤੇ ਬਾਕੀ ਹਲਕਿਆਂ ਦੇ ਕਾਂਗਰਸੀ ਉਮੀਦਵਾਰਾਂ ਸਮੇਤ ਨਵੇਂ ਬਣਾਏ ਜ਼ਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਤੇ ਹੋਰ ਆਗੂ ਹਾਜ਼ਰ ਸਨ।
Home / ਹਫ਼ਤਾਵਾਰੀ ਫੇਰੀ / ਭਾਜਪਾ ਨੂੰ ਕੈਕਈ, ਕਾਂਗਰਸ ਨੂੰ ਕੋਸ਼ੱਲਿਆ ਤੇ ਅਕਾਲੀ ਦਲ ਨੂੰ ਮੰਥਰਾ ਦੱਸ ਖੁਦ ਰਾਮ ਬਣ ਬੈਠੇ ਸਿੱਧੂ
Check Also
ਜਸਟਿਨ ਟਰੂਡੋ ਮੁੜ ਸਰਕਾਰ ਬਚਾਉਣ ‘ਚ ਹੋਏ ਸਫਲ
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਕ ਵਾਰ ਆਪਣੀ ਸਰਕਾਰ ਬਚਾਉਣ ਵਿਚ …