-13.9 C
Toronto
Monday, January 26, 2026
spot_img
Homeਹਫ਼ਤਾਵਾਰੀ ਫੇਰੀਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ

ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ

ਨਵੇਂ ਮੁੱਖ ਮੰਤਰੀ ਨੇ ਵੱਖ-ਵੱਖ ਧਾਰਮਿਕ ਸਥਾਨਾਂ ਅਤੇ ਸ਼ਹੀਦੀ ਸਮਾਰਕਾਂ ‘ਤੇ ਵੀ ਝੁਕਾਇਆ ਸੀਸ
ੲ ਕਿਹਾ : ਹਰ ਧਰਮ ਤੇ ਵਰਣ ਨੂੰ ਬਰਾਬਰ ਦਾ ਮਾਣ-ਸਨਮਾਨ ਦਿੱਤਾ ਜਾਵੇਗਾ
ੲਚੰਨੀ ਨੇ ਬੇਅਦਬੀ ਮਾਮਲੇ ਵਿਚ ਪੰਥ ਨੂੰ ਇਨਸਾਫ਼ ਦਿਵਾਉਣ ਦਾ ਦਿੱਤਾ ਭਰੋਸਾ
ਅੰਮ੍ਰਿਤਸਰ/ਬਿਊਰੋ ਨਿਊਜ਼ : ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬੁੱਧਵਾਰ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮੱਥਾ ਟੇਕਿਆ ਅਤੇ ਗੁਰੂ ਸਾਹਿਬ ਦਾ ਅਸ਼ੀਰਵਾਦ ਲਿਆ। ਉਨ੍ਹਾਂ ਨਾਲ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਓ ਪੀ ਸੋਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਗੁਰੂਘਰ ਨਤਮਸਤਕ ਹੋਏ। ਚੰਨੀ ਨੇ ਆਖਿਆ ਕਿ ਸੂਬੇ ਵਿਚ ਰਾਜ ਧਰਮ ਦੇ ਅਨੁਸਾਰ ਚਲਾਇਆ ਜਾਵੇਗਾ, ਜਿਥੇ ਹਰੇਕ ਧਰਮ ਅਤੇ ਵਰਣ ਨੂੰ ਪੂਰਾ ਸਤਿਕਾਰ ਦਿੱਤਾ ਜਾਵੇਗਾ। ਉਨ੍ਹਾਂ ਆਖਿਆ ਕਿ ਬੇਅਦਬੀ ਮਾਮਲੇ ਵਿਚ ਸਿੱਖ ਭਾਈਚਾਰੇ ਨੂੰ ਇਨਸਾਫ਼ ਦਿਵਾਇਆ ਜਾਵੇਗਾ।
ਮੀਡੀਆ ਨਾਲ ਸੰਖੇਪ ਗੱਲਬਾਤ ਦੌਰਾਨ ਚੰਨੀ ਨੇ ਆਖਿਆ ਕਿ ਸੂਬੇ ਵਿਚ ਲੋਕਾਂ ਵਿਚ ਆਪਸੀ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ ਅਤੇ ਇਸ ਨੂੰ ਕਾਇਮ ਰੱਖਿਆ ਜਾਵੇਗਾ। ਸੂਬਾ ਸਰਕਾਰ ਹਰ ਧਰਮ ਅਤੇ ਵਰਣਾਂ ਦੇ ਲੋਕਾਂ ਨੂੰ ਪੂਰਾ ਮਾਣ-ਸਨਮਾਨ ਦੇਵੇਗੀ। ਉਨ੍ਹਾਂ ਕਿਹਾ ਕਿ ਬੇਅਦਬੀ ਮਾਮਲੇ ਵਿਚ ਪੰਥ ਨੂੰ ਨਿਆਂ ਦਿਵਾਇਆ ਜਾਵੇਗਾ। ਇਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਆਖਿਆ ਕਿ ਪਿਛਲੇ ਸਮੇਂ ਦੌਰਾਨ ਰਾਜਨੀਤੀ ਮੁੱਦਿਆਂ ਤੋਂ ਭਟਕ ਗਈ ਸੀ ਪਰ ਨਵੇਂ ਮੁੱਖ ਮੰਤਰੀ ਇਸ ਨੂੰ ਲੀਹ ‘ਤੇ ਲੈ ਆਏ ਹਨ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਲੋਕ ਮਸਲਿਆਂ ਦਾ ਹੱਲ ਨਹੀਂ ਕਰ ਸਕਦੇ ਹਾਂ ਤਾਂ ਫਿਰ ਅਸੀਂ ਸੱਚੇ ਸਿੱਖ ਨਹੀਂ ਹਾਂ। ਧਰਮ ਦਾ ਮਤਲਬ ਭੁੱਖਿਆਂ ਨੂੰ ਰਜਾਉਣਾ ਅਤੇ ਉਜੜਿਆਂ ਨੂੰ ਵਸਾਉਣਾ ਹੈ। ਪੰਜਾਬ ਅਤੇ ਸਮਾਜ ਦੀ ਤਰੱਕੀ ਦੇ ਰਾਹ ਵਿਚ ਆ ਰਹੇ ਹਰ ਅੜਿੱਕੇ ਨੂੰ ਖ਼ਤਮ ਕੀਤਾ ਜਾਵੇਗਾ। ਸਿੱਧੂ ਨੇ ਚੰਨੀ ਨੂੰ ਨਿਮਾਣਾ ਅਤੇ ਉੱਚੀ ਮੱਤ ਵਾਲਾ ਸਿੱਖ ਆਖਦਿਆਂ ਕਿਹਾ ਕਿ ਉਹ ਪਿਛਲੇ ਦਿਨਾਂ ਤੋਂ ਉਨ੍ਹਾਂ ਦੇ ਨਾਲ ਹਨ ਅਤੇ ਖੁਸ਼ੀ ਮਹਿਸੂਸ ਕਰ ਰਹੇ ਹਨ ਜਿਹੜੀ ਉਨ੍ਹਾਂ ਨੂੰ ਆਪਣੇ 17 ਸਾਲ ਦੇ ਸਿਆਸੀ ਸਫਰ ਵਿਚ ਪਹਿਲਾਂ ਕਦੇ ਮਹਿਸੂਸ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਹੁਣ ਨਿਰਭੈ ਅਤੇ ਨਿਧੜਕ ਹੋ ਕੇ ਲੋਕਾਂ ਦੀ ਸੇਵਾ ਕਰ ਸਕਦੀ ਹੈ। ‘ਹੱਕ-ਸੱਚ ਦੀ ਲੜਾਈ ਵਿਚ ਹਰ ਕਾਂਗਰਸੀ ਸ਼ਾਮਲ ਹੋਵੇਗਾ ਅਤੇ ਇਨਸਾਫ਼ ਲੋਕਾਂ ਦੀ ਅਦਾਲਤ ਵਿਚ ਹੋਵੇਗਾ।’
ਇਸ ਤੋਂ ਪਹਿਲਾਂ ਮੁੱਖ ਮੰਤਰੀ ਅਤੇ ਹੋਰ ਆਗੂਆਂ ਨੇ ਬੁੱਧਵਾਰ ਤੜਕੇ ਹੀ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਵੇਲੇ ਬੀੜ ਨੂੰ ਸੁਖ ਆਸਣ ਵਾਲੇ ਸਥਾਨ ਤੋਂ ਲਿਆਉਣ ਸਮੇਂ ਪਾਲਕੀ ਨੂੰ ਮੋਢਾ ਦਿੱਤਾ। ਉਨ੍ਹਾਂ ਕੁਝ ਸਮਾਂ ਗੁਰਬਾਣੀ-ਕੀਰਤਨ ਵੀ ਸਰਵਣ ਕੀਤਾ। ਮਗਰੋਂ ਸੂਚਨਾ ਕੇਂਦਰ ਵਿਚ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਵਲੋਂ ਸਨਮਾਨਿਤ ਵੀ ਕੀਤਾ ਗਿਆ।
ਚੰਨੀ ਜਲ੍ਹਿਆਂਵਾਲਾ ਬਾਗ ‘ਚ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਵੀ ਗਏ। ਉਨ੍ਹਾਂ ਦੁਰਗਿਆਣਾ ਮੰਦਰ ਅਤੇ ਰਾਮ ਤੀਰਥ ਵਿਖੇ ਵੀ ਮੱਥਾ ਟੇਕਿਆ। ਚੰਨੀ ਉਪ ਮੁੱਖ ਮੰਤਰੀ ਓ ਪੀ ਸੋਨੀ, ਸੁਖਬਿੰਦਰ ਸਿੰਘ ਸਰਕਾਰੀਆ, ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਵਿਧਾਇਕ ਰਾਜ ਕੁਮਾਰ ਵੇਰਕਾ ਦੇ ਘਰ ਵੀ ਗਏ।
ਮੁੱਖ ਮੰਤਰੀ ਵੱਲੋਂ ਸ਼ਹੀਦਾਂ ਦੇ ਪੂਰਨਿਆਂ ਉਤੇ ਚੱਲਣ ਦਾ ਸੱਦਾ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮਹਾਨ ਸ਼ਹੀਦਾਂ ਦੀਆਂ ਲਾਮਿਸਾਲ ਕੁਰਬਾਨੀਆਂ ਨੂੰ ਸਾਰਿਆਂ ਲਈ ਪ੍ਰੇਰਨਾ ਦਾ ਸਰੋਤ ਦੱਸਦਿਆਂ ਉਨ੍ਹਾਂ ਦੇ ਨਕਸ਼ੇ ਕਦਮਾਂ ਉਤੇ ਚੱਲਣ ਦਾ ਸੱਦਾ ਦਿੱਤਾ ਹੈ। ਮੁੱਖ ਮੰਤਰੀ ਚੰਨੀ ਖਟਕੜ ਕਲਾਂ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਤੇ ਉਨ੍ਹਾਂ ਦੇ ਪਿਤਾ ਕ੍ਰਿਸ਼ਨ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਮਗਰੋਂ ਬੋਲ ਰਹੇ ਸਨ। ਇਸ ਮੌਕੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। ਚੰਨੀ ਨੇ ਭਾਰਤ ਦੇ ਆਜ਼ਾਦੀ ਸੰਘਰਸ਼ ਵਿੱਚ ਭਗਤ ਸਿੰਘ ਅਤੇ ਹੋਰਨਾਂ ਸ਼ਹੀਦਾਂ ਦੇ ਵਡਮੁੱਲੇ ਯੋਗਦਾਨ ਅਤੇ ਜਜ਼ਬੇ ਨੂੰ ਯਾਦ ਕੀਤਾ।
ਚੰਨੀ ਦੀਆਂ ਚਾਹ ਦੀਆਂ ਚੁਸਕੀਆਂ ਤੇ ਸ਼ੇਅਰੋ ਸ਼ਾਇਰੀ
ਅੰਮ੍ਰਿਤਸਰ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੰਮ੍ਰਿਤਸਰ ‘ਚ ਕਪੂਰ ਰੋਡ ‘ਤੇ ਗਿਆਨੀ ਨਾਂਅ ਦੀ ਚਾਹ ਵਾਲੀ ਦੁਕਾਨ ਦੇ ਬਾਹਰ ਫੁੱਟਪਾਥ ‘ਤੇ ਬੈਠ ਕੇ ਸਟੀਲ ਦੀ ਕਟੋਰੀ ‘ਚ ਚਾਹ ਵੀ ਪੀਤੀ। ਇਸ ਮੌਕੇ ਉਨ੍ਹਾਂ ਨਾਲ ਨਵਜੋਤ ਸਿੱਧੂ, ਸੁਖਜਿੰਦਰ ਰੰਧਾਵਾ ਤੇ ਓ. ਪੀ. ਸੋਨੀ ਵੀ ਹਾਜ਼ਰ ਸਨ। ਇਸ ਮੌਕੇ ਮੁੱਖ ਮੰਤਰੀ ਨੇ ਹਲਕੀ-ਫੁਲਕੀ ਸ਼ਾਇਰੀ ਕਰਦਿਆਂ ਚਾਹ ਨਾਲ ਕਚੌਰੀਆਂ ਵੀ ਖਾਧੀਆਂ। ਇਸ ਦੌਰਾਨ ਚੰਨੀ ਨੇ ਇਹ ਸ਼ੇਅਰ ‘ਚਲਤੇ ਫਿਰਤੇ ਹੂਏ ਮਹਿਤਾਬ ਦਿਖਾਏਗੇਂ ਤੁੰਮਹੇ, ਹਮਸੇ ਮਿਲਣਾ ਕਭੀ ਪੰਜਾਬ ਦਿਖਾਏਂਗੇ ਤੁੰਮਹੇ, ਚਾਂਦ ਹਰ ਛੱਤ ਪਰ ਹੈ, ਸੂਰਜ ਹੈ ਹਰ ਆਂਗਣ ਮੇਂ, ਨੀਂਦ ਸੇ ਜਾਗੋਂ ਨਏ ਖਵਾਬ ਦਿਖਾਏਗੇਂ ਤੁੰਮਹੇ’ ਸੁਣਾ ਕੇ ਸਿੱਧੂ ਤੇ ਹੋਰ ਨੇਤਾਵਾਂ ਦੀ ਵਾਹ ਵਾਹ ਖੱਟੀ।

RELATED ARTICLES
POPULAR POSTS