Breaking News
Home / ਕੈਨੇਡਾ / ਵਕੀਲ ਤੋਂ ਸਿਆਸਤ ਤੱਕ : ਦਮਾਲੇ ਵਾਲਾ ਕਿੰਗ ਮੇਕਰ ਪਿੰਡ ਠੀਕਰੀਵਾਲਾ ਦਾ ਮਾਣ

ਵਕੀਲ ਤੋਂ ਸਿਆਸਤ ਤੱਕ : ਦਮਾਲੇ ਵਾਲਾ ਕਿੰਗ ਮੇਕਰ ਪਿੰਡ ਠੀਕਰੀਵਾਲਾ ਦਾ ਮਾਣ

ਜਗਮੀਤ ਸਿੰਘ ਦੀ ਜਿੱਤ ਦਾ ਪਿੰਡ ‘ਚ ਜਸ਼ਨ
ਬਰਨਾਲਾ/ਬਿਊਰੋ ਨਿਊਜ਼ : ਘੱਟ ਗਿਣਤੀਆਂ ‘ਚੋਂ ਪਹਿਲੇ ਦਮਾਲੇ ਵਾਲੇ ਸਿੱਖ ਨੌਜਵਾਨ ਜਗਮੀਤ ਸਿੰਘ ਨੇ ਗੋਰਿਆਂ ਦੇ ਦੇਸ਼ ‘ਚ ਮੁੜ ਜਿੱਤ ਦੇ ਝੰਡੇ ਗੱਡੇ ਹਨ। ਪ੍ਰਸਿੱਧ ਵਕੀਲ ਤੋਂ ਸਿਆਸਤ ‘ਚ ਕੁੱਦੇ ਜਗਮੀਤ ਸਿੰਘ ਨੇ ਕੈਨੇਡਾ ਦੀ ਧਰਤੀ ‘ਤੇ ਗੋਰਿਆਂ ਦੇ ਮਨ ਨੂੰ ਮੋਹ ਕੇ ਉਨ੍ਹਾਂ ਦਾ ਮੁੜ ਦਿਲ ਜਿੱਤਦਿਆਂ ਆਪਣੀ ਪਾਰਟੀ ਦਾ ਵੋਟ ਬੈਂਕ ਵਧਾਇਆ ਹੈ, ਜਿੱਥੇ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੇ ਪਿਛਲੀ ਵਾਰੀ ਨਾਲੋ ਆਪਣੇ ਇੱਕ ਮੈਂਬਰ ਦੀ ਘੱਟ ਜਿੱਤ ਦਰਜ਼ ਕਰਵਾਈ, ਉੱਥੇ ਹੀ ਨਿਊ ਡੈਮੋਕ੍ਰੇਟਿਕ ਪਾਰਟੀ (ਐਨਡੀਪੀ) ਦੇ ਮੁਖੀ ਸਿੱਖ ਆਗੂ ਜਗਮੀਤ ਸਿੰਘ ਦੀ ਅਗਵਾਈ ‘ਚ 3 ਵੱਧ ਮੈਂਬਰਾਂ ਦੀ ਜਿੱਤ ਦਰਜ ਹੋਈ। ਭਾਵ ਪਿਛਲੀ ਕੈਨੇਡਾ ਦੀ ਸਰਕਾਰ ‘ਚ ਐਨਡੀਪੀ ਪਾਰਟੀ ਦੇ 24 ਮੈਂਬਰ ਸਨ ਇਸ ਵਾਰ 27 ਮੈਂਬਰਾਂ ਦੇ ਸਿਰ ਜਿੱਤ ਦਾ ਤਾਜ ਸਜਿਆ ਹੈ।
ਅਮਰ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਸ਼ਰੀਕੇ ‘ਚੋਂ ਪੜਪੋਤੇ ਜਗਮੀਤ ਸਿੰਘ ਭਾਵੇਂ ਕੈਨੇਡਾ ਦੇ ਹੀ ਜਮਪਲ ਹਨ, ਪਰ ਉਨ੍ਹਾਂ ਦੀ ਇਤਿਹਸਕ ਜਿੱਤ ‘ਤੇ ਇਤਿਹਸਕ ਪਿੰਡ ਠੀਕਰੀਵਾਲਾ ਵਿਖੇ ਵਿਆਹ ਵਰਗਾ ਮਾਹੌਲ ਹੈ। ਸੇਵਾ ਸਿੰਘ ਠੀਕਰੀਵਾਲਾ ਗੁਰੂ ਘਰ ਦੇ ਪ੍ਰਧਾਨ ਭਜਨ ਸਿੰਘ ਭੁੱਲਰ ਵਲੋਂ ਭੱਠੀਆਂ ਚੜ੍ਹਾ ਹਲਵਾਈਆਂ ਤੋਂ ਮਿਠਾਇਆ ਤੇ ਪਕੌੜੇ ਬਣਾ ਕੇ ਜਗਮੀਤ ਸਿੰਘ ਦੀ ਜਿੱਤ ‘ਤੇ ਜਿੱਥੇ ਲੰਗਰ ਲਗਾਇਆ ਹੋਇਆ ਹੈ, ਉੱਥੇ ਹੀ ਪਿੰਡ ਠੀਕਰੀਵਾਲਾ ਦੇ ਨੌਜਵਾਨ ਯੂਥ ਕਲੱਬਾਂ ਦੇ ਆਗੂਆਂ, ਪੰਚਾਇਤ ਤੇ ਪਿੰਡ ਵਾਸੀਆਂ ਵਲੋਂ ਜਗਮੀਤ ਸਿੰਘ ਦੀ ਜਿੱਤ ਤੇ ਕੈਨੇਡਾ ਦੀ ਸਰਕਾਰ ‘ਚ ਕਿੰਗ ਮੇਕਰ ਵਜੋਂ ਪਛਾਣ ਰੱਖਣ ਵਾਲੇ ਸਿੱਖ ਨੌਜਵਾਨ ਦੀ ਕੈਨੇਡਾ ‘ਚ ਜਿੱਤ ਦੀ ਖੁਸ਼ੀ ਦਾ ਪਿੰਡ ਠੀਕਰੀਵਾਲਾ ਵਿਖੇ ਜਸ਼ਨ ਮਨਾਇਆ ਜਾ ਰਿਹਾ ਹੈ।
ਸ਼ੋਸਲ ਮੀਡੀਆ ‘ਤੇ ਜਗਮੀਤ ਦੀ ਕਿਤਾਬ ਦਾ ਟਾਇਟਲ ਘੁੰਮਿਆ
ਜਗਮੀਤ ਸਿੰਘ ਦੀ ਕਿਤਾਬ ‘ਲਵ ਐਂਡ ਕਰੇਜ਼’ ਉਨ੍ਹਾਂ ਦੀ ਜਿੱਤ ‘ਤੇ ਉਨ੍ਹਾਂ ਦੇ ਚਾਹੁਣ ਵਾਲਿਆਂ ਵਲੋਂ ਜਿੱਥੇ ਸ਼ੋਸਲ ਮੀਡੀਆ ‘ਤੇ ਸਾਂਝੀ ਕੀਤੀ ਗਈ ਉੱਥੇ ਹੀ ਜ਼ਿਲ੍ਹਾ ਬਰਨਾਲਾ ਦੇ ਇਤਿਹਾਸਕ ਉਨ੍ਹਾਂ ਦੇ ਪਿਛੋਕੜ ਪਿੰਡ ਠੀਕਰੀਵਾਲਾ ਦੇ ਵਸਿੰਦਿਆਂ ਵਲੋਂ ਆਨ ਲਾਇਨ ਮੰਗਵਾਉਣ ਨੂੰ ਵੀ ਤਵੱਜੋ ਦਿੱਤੀ ਗਈ। 309 ਸਫ਼ਿਆ ਦੀ ਇਸ ਕਿਤਾਬ ‘ਚ ਜਗਮੀਤ ਸਿੰਘ ਨੇ ਆਪਣੀਆਂ ਖੱਟੀਆਂ-ਮਿੱਠੀਆਂ ਯਾਦਾਂ ਸਾਂਝੀਆਂ ਕੀਤੀਆਂ ਹੋਈਆਂ ਹਨ।
ਵਕੀਲ ਤੋਂ ਸਿਆਸਤ ਤਕ
ਜਗਮੀਤ ਸਿੰਘ ਤੇ ਉਨ੍ਹਾਂ ਦਾ ਭਰਾ ਗੁਰਰਤਨ ਸਿੰਘ ਦੋਵੇਂ ਹੀ ਪੇਸ਼ੇਵਰ ਪ੍ਰਸਿੱਧ ਵਕੀਲ ਹਨ। 2011 ‘ਚ ਜਗਮੀਤ ਨੇ ਆਪਣਾ ਰਾਜਨੀਤਿਕ ਸਫ਼ਰ ਸ਼ੁਰੂ ਕਰਦਿਆਂ ਪਹਿਲੀ ਵਾਰ ਉਨਟਾਰੀਓ (ਕੈਨੇਡਾ) ਦੀ ਅਸੈਂਬਲੀ ‘ਚ ਚੋਣ ਜਿੱਤ ਕੇ ਪੁੱਜੇ ਸਨ। 2015 ‘ਚ ਐਮਪੀਪੀ ਜਿੱਤ ਐਨਡੀਪੀ ਦੇ ਉੱਪ ਨੇਤਾ ਚੁਣੇ ਗਏ ਸਨ। 2017 ‘ਚ ਐਨਡੀਪੀ ਪਾਰਟੀ ਦੀ ਚੋਣ ਹੋਈ। ਜਿਸ ‘ਚ ਚਾਰ ਉਮੀਦਵਾਰਾਂ ਨੇ ਮੁੱਖ ਪ੍ਰਧਾਨ ਬਣਨ ਲਈ ਚੋਣ ਲਈ ਜਿਸ ‘ਚ 53.8 ਫ਼ੀਸਦੀ ਵੋਟਾਂ ਹਾਸ਼ਲ ਕਰਕੇ ਜਗਮੀਤ ਸਿੰਘ ਐਨਡੀਪੀ ਦੇ ਮੁਖੀ ਚੁਣੇ ਗਏ। 2019 ‘ਚ ਬਰਨਬੀ ਸਾਊਥ ਸੀਟ ਤੋਂ ਚੋਣ ਜਿੱਤੇ ਤੇ 2021 ‘ਚ ਵੀ ਮੁੜ ਇਸੇ ਸੀਟ ਤੋਂ ਜਿੱਤ ਦਰਜ ਕੀਤੀ ਹੈ। ਕੈਨੇਡਾ ਦੀ ਰਾਜਨੀਤੀ ‘ਚ ਉਨ੍ਹਾਂ ਨੂੰ ਕਿੰਗ ਮੇਕਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। 2019 ‘ਚ ਉਨ੍ਹਾਂ ਦੀ ਪਾਰਟੀ ਨੇ ਭਾਵੇਂ ਆਪਣੇ 24 ਮੈਂਬਰਾਂ ਨੂੰ ਜਤਾਇਆ ਸੀ। ਪਰ ਵੋਟ ਬੈਂਕ ਦੇ ਪੱਧਰ ‘ਤੇ ਕੈਨੇਡਾ ਦੀ ਤੀਜੀ ਸਭ ਤੋਂ ਵੱਡੀ ਪਾਰਟੀ ਬਣਾਉਣ ‘ਚ ਜਗਮੀਤ ਸਿੰਘ ਦਾ ਸਭ ਤੋਂ ਵੱਡਾ ਰੋਲ ਸੀ।
ਭਾਰਤ ਸਰਕਾਰ ਨੇ ਪਿੰਡ ਆਉਣ ‘ਤੇ ਲਗਾਈ ਸੀ ਰੋਕ
ਕਰੀਬ ਦੋ ਦਹਾਕੇ ਪਹਿਲਾਂ ਜਗਮੀਤ ਸਿੰਘ ਆਪਣੇ ਦਾਦੇ ਦੀ ਹੋਈ ਮੌਤ ‘ਤੇ ਜ਼ਿਲ੍ਹਾ ਬਰਨਾਲਾ ਦੇ ਇਤਿਹਸਕ ਆਪਣੇ ਪੁਰਖ਼ਿਆਂ ਦੀ ਧਰਤੀ ‘ਤੇ ਪਿੰਡ ਠੀਕਰੀਵਾਲਾ ਆਏ ਸਨ। ਜਦ 2013 ‘ਚ ਉਨ੍ਹਾਂ ਨੇ ਮੁੜ ਆਪਣੇ ਪਿੰਡ ਆਉਣਾ ਸੀ ਤਾਂ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਦੇਸ਼ ਆਉਣ ‘ਤੇ ਰੋਕ ਲਗਾ ਦਿੱਤੀ ਸੀ। ਜਿਸ ‘ਤੇ ਉਨ੍ਹਾਂ ਨੇ ਹਵਾਲਾ ਦਿੱਤਾ ਸੀ ਕਿ ਉਹ 1984 ਦੇ ਕਤਲੇਆਮ ਪੀੜਤਾਂ ਨੂੰ ਇਨਸਾਫ਼ ਦਿਵਾਉਣ ਦੀ ਗੱਲ ਕਰਦੇ ਹਨ। ਉਨ੍ਹਾਂ ਨੇ ਦਸੰਬਰ 2013 ‘ਚ ਅੰਮ੍ਰਿਤਸਰ ਆਉਣਾ ਸੀ, ਜਿਸ ‘ਤੇ ਹਿੰਦੁਸਤਾਨ ਦੀ ਸਰਕਾਰ ਨੇ ਰੋਕ ਲਗਾ ਦਿੱਤੀ ਸੀ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …