ਟੋਰਾਂਟੋ : 26 ਅਗਸਤ 2018 ਨੂੰ ਤਰਲੋਚਨ ਸਿੰਘ ਅਟਵਾਲ ਦੇ ਦਫਤਰ ਵਿਚ ਪੰਜਾਬੀ ਬਿਜਨਸ ਪ੍ਰੋਫੈਸ਼ਨਲ ਐਸੋਸੀਏਸ਼ਨ ਦੀ ਮੀਟਿੰਗ ਹੋਈ, ਜਿਸਦੀ ਪ੍ਰਧਾਨਗੀ ਡਾ. ਸੁਲਮਨ ਨਾਜ਼ ਸਾਹਿਬ ਨੇ ਕੀਤੀ। ਇਸ ਮੀਟਿੰਗ ਵਿਚ ਸਮੂਹ ਮੈਂਬਰਾਂ ਨੇ ਹਿੱਸਾ ਲਿਆ। ਸਾਰੇ ਹੀ ਮੈਂਬਰਾਂ ਨੇ ਨੈਤਿਕਤਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਪੰਜਾਬ ਦੇ ਸਕੂਲਾਂ ਵਿਚ ਨੈਤਿਕ ਸਿੱਖਿਆ ਸ਼ੁਰੂ ਹੋਣ ‘ਤੇ ਖੁਸ਼ੀ ਪ੍ਰਗਟ ਕੀਤੀ ਅਤੇ ਬੋਰਡ ਦਾ ਧੰਨਵਾਦ ਕੀਤਾ।ਮੈਂਬਰਾਂ ਵਲੋਂ ਖੁਸ਼ੀ ਪ੍ਰਗਟ ਕਰਦਿਆਂ ਕੇਕ ਵੀ ਕੱਟਿਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਪੱਬਪਾ ਦੇ ਚੇਅਰਮੈਨ ਅਜੈਬ ਸਿੰਘ ਚੱਠਾ ਨੇ ਦੱਸਿਆ ਕਿ ਨੈਤਿਕਤਾ ਬਾਰੇ ਅੱਜ ਤੱਕ ਪੰਜ ਵਾਰੀ ਇੰਟਰਨੈਸ਼ਨਲ ਸਮਾਗਮ ਕਰਵਾਏ ਜਾ ਚੁੱਕੇ ਹਨ। ਨੈਤਿਕਤਾ ਉੱਪਰ ਭਾਸ਼ਨ ਮੁਕਾਬਲੇ ਅਤੇ ਅਧਿਆਪਕਾਂ ਦੇ ਸੈਮੀਨਾਰ ਵੀ ਕਰਵਾਏ ਜਾ ਚੁੱਕੇ ਹਨ। ਮਹਾਰਾਣੀ ਪਰਨੀਤ ਕੌਰ ਨੇ ਵਿਸ਼ਵ ਪੰਜਾਬੀ ਵਿਕਾਸ ਕਾਨਫਰੰਸ, ਜੋ ਪਟਿਆਲਾ ਵਿਖੇ ਹੋਈ ਸੀ, ਵਿਚ ਯਕੀਨ ਦਿਵਾਇਆ ਸੀ ਕਿ ਉਹ ਸਕੂਲਾਂ ਦੇ ਸਿਲੇਬਸ ਵਿਚ ਨੈਤਿਕਤਾ ਦੇ ਵਿਸ਼ੇ ਨੂੰ ਸ਼ਾਮਲ ਕਰਨ ਲਈ ਯਤਨ ਕਰਨਗੇ। ਉਨ੍ਹਾਂ ਦੇ ਯਤਨਾਂ ਸਦਕਾ ਹੀ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਨੇ 16 ਅਗਸਤ 2018 ਨੂੰ ਸਕੂਲਾਂ ਵਿਚ 6ਵੀਂ ਕਲਾਸ ਤੋਂ ਲੈ ਕੇ 10 ਵੀਂ ਕਲਾਸ ਤੱਕ ਨੈਤਿਕ ਸਿੱਖਿਆ ਦੇਣ ਲਈ ਸਕੂਲਾਂ ਨੂੰ ਪੱਤਰ ਜਾਰੀ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਨੈਤਿਕ ਸਿੱਖਿਆ ਨਾਲ ਬੱਚਿਆਂ ਦੇ ਜੀਵਨ ਵਿਚ ਸੁਧਾਰ ਹੋਵੇਗਾ।
ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਸੁਲਮਨ ਨਾਜ਼ ਨੇ ਸੰਸਥਾ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਸੰਸਥਾ ਵਲੋਂ ਪਿਛਲੇ ਸਾਲਾਂ ਤੋਂ ਵਿੱਢੀ ਗਈ ਮੁਹਿੰਮ ਰੰਗ ਲਿਆਈ ਹੈ ਅਤੇ ਇਸ ਮੁਹਿੰਮ ਨੂੰ ਕਾਮਯਾਬੀ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦਾ ਸਾਰਾ ਸਿਹਰਾ ਸ੍ਰ ਅਜੈਬ ਸਿੰਘ ਚੱਠਾ ਅਤੇ ਉਸਦੀ ਸੁਹਿਰਦ ਟੀਮ ਨੂੰ ਜਾਂਦਾ ਹੈ, ਜਿਨ੍ਹਾਂ ਨੇ ਨੈਤਿਕਤਾ ਬਾਰੇ ਯਤਨ ਸ਼ੁਰੂ ਕੀਤੇ। ਇਸ ਤੋਂ ਇਲਾਵਾ ਸਰਦੂਲ ਸਿੰਘ ਥਿਆੜਾ, ਪੱਬਪਾ ਦੇ ਪ੍ਰਧਾਨ ਰਵਿੰਦਰ ਸਿੰਘ, ਜਨਰਲ ਸਕੱਤਰ ਸੰਤੋਖ ਸਿੰਘ ਸੰਧੂ, ਉਨਟਾਰੀਓ ਫਰੈਂਡਜ਼ ਕਲੱਬ ਦੇ ਪ੍ਰਧਾਨ ਰਵਿੰਦਰ ਸਿੰਘ ਕੰਗ, ਨਿਰਵੈਰ ਸਿੰਘ ਅਰੋੜਾ, ਪੱਬਪਾ ਦੇ ਵੋਮੈਨ ਸੈੱਲ ਦੀ ਪ੍ਰਧਾਨ ਡਾ. ਰਮਨੀ ਬਤਰਾ, ਜਸਪ੍ਰੀਤ ਕੌਰ ਭੰਬਰ, ਰੁਪਿੰਦਰ ਕੌਰ ਸੰਧੂ, ਪ੍ਰਦੀਪ ਕੌਰ ਸੰਧੂ, ਅਮਨ ਸਿੱਧੂ, ਮਨਜਿੰਦਰ ਕੌਰ ਸਹੋਤਾ, ਗੁਰਿੰਦਰ ਸਹੋਤਾ, ਕਮਲਜੀਤ ਸਿੰਘ ਹੇਅਰ, ਜਗਮੋਹਨ ਸਿੰਘ, ਤਰਲੋਚਨ ਸਿੰਘ ਅਟਵਾਲ, ਤੇਜਿੰਦਰਪਾਲ ਸਿੰਘ ਚੀਮਾ, ਗੁਰਦਰਸ਼ਨ ਸਿੰਘ ਸੀਰਾ, ਬਲਵਿੰਦਰ ਕੌਰ ਚੱਠਾ, ਕੰਵਲਜੀਤ ਕੌਰ ਢਿੱਲੋਂ, ਪ੍ਰਿੰਸ ਸੰਧੂ, ਅਮਰਜੀਤ ਕੌਰ ਚੌਹਾਨ ਆਦਿ ਨੇ ਵੀ ਸੰਬੋਧਨ ਕੀਤਾ ਅਤੇ ਨੈਤਿਕਤਾ ਦੀ ਪੜ੍ਹਾਈ ਸ਼ੁਰੂ ਕਰਨ ਦਾ ਸਵਾਗਤ ਕੀਤਾ ਅਤੇ ਨੈਤਿਕਤਾ ਦੀ ਮੁਹਿੰਮ ਦੀ ਕਾਮਯਾਬੀ ਲਈ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਮੀਟਿੰਗ ਵਿਚ ਪੱਬਪਾ ਵਲੋਂ ਫੈਸਲਾ ਕੀਤਾ ਗਿਆ ਕਿ ਹਰ ਮਹੀਨੇ ਦੇ ਆਖਰੀ ਐਤਵਾਰ ਨੂੰ 2 ਵਜੇ ਤੋਂ 5 ਵਜੇ ਤੱਕ ਬੱਚਿਆਂ ਨੂੰ ਭਾਸ਼ਨ ਦੇਣ ਦੀ ਕਲਾ ਬਾਰੇ ਸਿਖਲਾਈ ਦਿੱਤੀ ਜਾਵੇਗੀ। ਇਸ ਦੇ ਇੰਚਾਰਜ ਰਵਿੰਦਰ ਸਿੰਘ ਕੰਗ ਅਤੇ ਕੰਵਲਜੀਤ ਕੌਰ ਢਿੱਲੋਂ ਹੋਣਗੇ। ਇਸ ਮੌਕੇ ਸੰਬੋਧਨ ਕਰਦਿਆਂ ਪੱਬਪਾ ਦੇ ਪ੍ਰਧਾਨ ਰਵਿੰਦਰ ਸਿੰਘ ਨੇ ਦੱਸਿਆ ਕਿ 14 ਅਕਤੂਬਰ ਨੂੰ ਹੋਣ ਵਾਲੀ ਗਾਲਾ ਨਾਈਟ ਦੀਆਂ ਤਿਆਰੀਆਂ ਸ਼ੁਰੂ ਹਨ। ਇਸ ਵਾਸਤੇ ਇਕ ਹਫਤੇ ਦੇ ਵਿੱਚ ਸਨਮਾਨਿਤ ਕੀਤੀਆਂ ਜਾਣ ਵਾਲੀਆਂ ਸਖਸ਼ੀਅਤਾਂ ਦਾ ਫੈਸਲਾ ਕਰ ਲਿਆ ਜਾਵੇਗਾ। ਇਹ 6ਵੀਂ ਗਾਲਾ ਨਾਈਟ ਹੋਵੇਗੀ। ਪਿਛਲੇ 5 ਸਾਲ ਤੋਂ ਹਰ ਸਾਲ ਇਸ ਗਾਲਾ ਨਾਈਟ ਵਿਚ ਪੰਜ ਬਿਜਨਸਮੈਨ ਸਖਸ਼ੀਅਤਾਂ ਦਾ ਸਨਮਾਨ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਇਸ ਗਾਲਾ ਨਾਈਟ ਵਿਚ ਸਭਿਆਚਾਰਕ ਝਲਕੀਆਂ ਵੀ ਪੇਸ਼ ਕੀਤੀਆਂ ਜਾਂਦੀਆਂ ਹਨ, ਜਿਸ ਵਿਚ ਕੈਨੇਡਾ ਦੇ ਪੰਜਾਬੀ ਭਾਈਚਾਰੇ ਵਲੋਂ ਵਧ ਚੜ੍ਹ ਕੇ ਹਿੱਸਾ ਲਿਆ ਜਾਂਦਾ ਹੈ।
Check Also
ਕੈਨੇਡਾ ਦੇ ਪਹਿਲੇ ਗ੍ਰੰਥੀ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਦੇ ਸ਼ਹਾਦਤ ਦਿਹਾੜੇ ‘ਤੇ ਖੁਰਦਪੁਰ ਨਗਰ ਨਿਵਾਸੀਆਂ ਵੱਲੋਂ ਸਮਾਗਮ
ਸਰੀ : ਕੈਨੇਡਾ ਦੀ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪਹਿਲੇ ਗ੍ਰੰਥੀ, ਸਿੰਘ ਸਾਹਿਬ ਭਾਈ ਬਲਵੰਤ …