ਮੁੱਖ-ਬੁਲਾਰੇ ਕਮਿਊਨਿਟੀ ਦੀ ਜਾਣੀ-ਪਛਾਣੀ ਸ਼ਖ਼ਸੀਅਤ ਸੁਖਦੇਵ ਸਿੰਘ ਬੇਦੀ ਸਨ
ਕੈਲੇਡਨ/ਡਾ. ਝੰਡ : ਪਿਛਲੇ ਮੰਗਲਵਾਰ 28 ਅਕਤੂਬਰ ਨੂੰ ‘ਬੋਨੀਗਲੇਨ ਫਾਰਮ ਪਾਰਕ ਸੀਨੀਅਰਜ਼ ਕਲੱਬ’ ਵੱਲੋਂ ਮੈਂਟਲ ਹੈੱਲਥ ਸਬੰਧੀ ਸੈਮੀਨਾਰ ਆਯੋਜਿਤ ਕੀਤਾ ਗਿਆ ਜਿਸ ਵਿੱਚ ਮੁੱਖ-ਬੁਲਾਰੇ ਕਮਿਊਨਿਟੀ ਦੀ ਜਾਣੀ-ਪਛਾਣੀ ਸ਼ਖ਼ਸੀਅਤ ਪੰਜਾਬ ਐਂਡ ਸਿੰਧ ਬੈਕ ਦੇ ਸਾਬਕਾ ਅਧਿਕਾਰੀ ਸੁਖਦੇਵ ਸਿੰਘ ਬੇਦੀ ਸਨ। ਆਪਣੇ ਸੰਬੋਧਨ ਵਿੱਚ ਉਨ੍ਹਾਂ ਵੱਲੋਂ ਬੁਢਾਪੇ ਵਿੱਚ ਬਜ਼ੁਰਗਾਂ ਨੂੰ ਦਰਪੇਸ਼ ਮੁਸ਼ਕਲਾਂ ਦਿਮਾਗ਼ੀ ਪ੍ਰੇਸ਼ਾਨੀ, ਚਿੰਤਾ, ਕਮਜ਼ੋਰ ਯਾਦ-ਸ਼ਕਤੀ, ਡਿਪਰੈਸ਼ਨ ਤੇ ਡੇਮੈਂਸ਼ੀਆ, ਆਦਿ ਹਾਲਤਾਂ ਦੇ ਕਾਰਨ, ਚੁਣੌਤੀਆਂ ਅਤੇ ਇਨ੍ਹਾਂ ਦੇ ਇਲਾਜ ਬਾਰੇ ਬਹੁਮੁੱਲੇ ਵਿਚਾਰ ਪੇਸ਼ ਕੀਤੇ ਗਏ। ਕਲੱਬ ਦੇ 75-80 ਮੈਂਬਰਾਂ ਨੇ ਇਸ ਸੈਮੀਨਾਰ ਦਾ ਲਾਭ ਉਠਾਇਆ।
ਪ੍ਰੋਗਰਾਮ ਦੇ ਆਰੰਭ ਵਿੱਚ ਕਲੱਬ ਦੇ ਜਨਰਲ ਸਕੱਤਰ ਮਲੂਕ ਸਿੰਘ ਕਾਹਲੋਂ ਵੱਲੋਂ ਸਮਾਗਮ ਦੀ ਰੂਪ-ਰੇਖਾ ਬਾਰੇ ਸੰਖੇਪ ਵਿੱਚ ਦੱਸਦਿਆਂ ਕਿਹਾ ਕਿ ਇਹ ਕਲੱਬ ਮਹਿਜ਼ ਇਸਦੇ ਮੈਂਬਰਾਂ ਦਾ ਇਕੱਠ ਨਹੀਂ ਹੈ, ਸਗੋਂ ਇਹ ਇੱਕ ਪਰਿਵਾਰ ਦੀ ਨਿਆਈਂ ਹੈ, ਜਿੱਥੇ ਇਸ ਦੇ ਮੈਂਬਰ ਭਾਵਨਾਤਮਿਕ ਮਾਹੌਲ ਵਿੱਚ ਵਿਚਰਦਿਆਂ ਹੋਇਆਂ ਆਪਣਾ ਦੁੱਖ-ਸੁੱਖ ਸਾਂਝਾ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸੈਮੀਨਾਰਾਂ ਰਾਹੀਂ ਅਸੀਂ ਦਿਮਾਗ਼ੀ ਸਿਹਤ ਨਾਲ ਸਬੰਧਿਤ ਬੀਮਾਰੀਆਂ ਬਾਰੇ ਕਲੱਬ ਦੇ ਮੈਂਬਰਾਂ ਵਿੱਚ ਜਾਗਰੂਕਤਾ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਤੇ ਆਪਣੇ ਸੀਨੀਅਰ ਸਾਥੀਆਂ ਨੂੰ ਤੰਦਰੁਸਤੀ, ਖੁਸ਼ੀ ਤੇ ਸ਼ਾਂਤੀ ਭਰਪੂਰ ਜੀਵਨ ਜਿਊਣ ਵਿੱਚ ਸਹਾਇਤਾ ਕਰਦੇ ਹਾਂ।
ਕਲੱਬ ਦੇ ਪ੍ਰਧਾਨ ਤਰਲੋਚਨ ਸਿੰਘ ਗਰੇਵਾਲ ਵੱਲੋਂ ਆਏ ਹੋਏ ਮੈਂਬਰਾਂ ਤੇ ਮਹਿਮਾਨਾਂ ਨੂੰ ਨਿੱਘੀ ‘ਜੀ ਆਇਆਂ’ ਕਹੇ ਜਾਣ ਤੋਂ ਬਾਅਦ ਸਮਾਗਮ ਦੇ ਮੁੱਖ-ਵਕਤਾ ਸ. ਸੁਖਦੇਵ ਸਿੰਘ ਬੇਦੀ ਨੂੰ ਮੈਂਟਲ ਹੈੱਲਥ ਬਾਰੇ ਆਪਣੇ ਵਿਚਾਰ ਪੇਸ਼ ਕਰਨ ਲਈ ਬੇਨਤੀ ਕੀਤੀ ਗਈ। ਆਪਣੇ ਸੰਬੋਧਨ ‘ਚ ਮੈਂਟਲ ਹੈੱਲਥ ਬਾਰੇ ਨੁਕਤੇ ਸਾਂਝੇ ਕਰਦਿਆਂ ਉਨ੍ਹਾਂ ਨੇ ਕਿਹਾ, ”ਮੈਂਟਲ ਹੈੱਲਥ ਕੋਈ ਦਿਮਾਗ਼ੀ ਕਮਜ਼ੋਰੀ ਜਾਂ ਬੀਮਾਰੀ ਨਹੀਂ ਹੈ, ਸਗੋ ਇਹ ਸਮੁੱਚੀ ਸਿਹਤ ਦਾ ਇੱਕ ਮਹੱਤਵਪੂਰਨ ਭਾਗ ਹੈ, ਜਿਸ ਦੇ ਨਾਲ ਨਜਿੱਠਣ ਲਈ ਅਸੀਂ ਇੱਕ ਦੂਸਰੇ ਦੀ ਮਦਦ ਕਰ ਸਕਦੇ ਹਾਂ। ਅਸੀਂ ਆਪਣੇ ਸਾਥੀਆਂ ਦੀਆਂ ਗੱਲਾਂ ਆਰਾਮ ਨਾਲ ਸੁਣ ਕੇ ਉਨ੍ਹਾਂ ਦੀ ਹੌਸਲਾ-ਅਫ਼ਜਾਈ ਕਰ ਸਕਦੇ ਹਾਂ ਅਤੇ ਕਮਿਊਨਿਟੀ ਮੈਂਬਰਾਂ ਵਿੱਚ ਨਵੇਂ ਜੀਵਨ ਦੀ ਆਸ ਪੈਦਾ ਕਰ ਸਕਦੇ ਹਾਂ।”
ਉਨ੍ਹਾਂ ਹੋਰ ਕਿਹਾ ਕਿ ਪੰਜਾਬੀ ਕਮਿਊਨਿਟੀ ਵਿੱਚ ਸਾਡੇ ਬਹੁਤ ਸਾਰੇ ਸਾਥੀ ਪੰਜਾਬ ਵਿੱਚ ਬਿਤਾਏ ਹੋਏ ਆਪਣੇ ਵਧੀਆ ਦਿਨਾਂ ਨੂੰ ਯਾਦ ਕਰਕੇ ਝੂਰਦੇ ਰਹਿੰਦੇ ਹਨ ਜੋ ਦਿਮਾਗ਼ੀ ਪ੍ਰੇਸ਼ਾਨੀ ਤੇ ਚਿੰਤਾ ਦਾ ਮੁੱਖ ਕਾਰਨ ਬਣਦਾ ਹੈ। ਡੇਮੈਂਸ਼ਿਆ ਦੇ ਮੁੱਢਲੇ ਲੱਛਣਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਕਿਵੇਂ ਅਸੀਂ ਆਪਣੇ ਜੀਵਨ ਵਿੱਚ ਕਾਰਜਸ਼ੀਲ ਰਹਿ ਕੇ ਅਤੇ ਸਮਾਜ ਵਿੱਚ ਘੁਲ਼-ਮਿਲ਼ ਕੇ ਵਿਚਰਦਿਆਂ ਹੋਇਆਂ ਆਪਣੇ ਆਪ ਨੂੰ ਇਸ ਰੋਗ ਤੋਂ ਦੂਰ ਰੱਖ ਸਕਦੇ ਹਾਂ।
ਉਨ੍ਹਾਂ ਇਹ ਵੀ ਕਿਹਾ ਕਿ ਚੱਲਣ ਲੱਗਿਆਂ ਅਸੀਂ ਆਮ ਤੌਰ ‘ਤੇ ਸੱਜਾ ਪੈਰ ਪਹਿਲਾਂ ਅੱਗੇ ਧਰਦੇ ਹਾਂ ਅਤੇ ਹੋਰ ਕਈ ਕੰਮ ਕਰਦਿਆਂ ਵੀ ਆਪਣੇ ਸੱਜੇ ਹੱਥ ਦੀ ਵਧੇਰੇ ਵਰਤੋਂ ਕਰਦੇ ਹਾਂ। ਦਿਮਾਗ਼ ਨੂੰ ਚੁਸਤ-ਦਰੁੱਸਤ ਰੱਖਣ ਲਈ ਸਾਨੂੰ ਆਪਣੀ ਇਸ ਆਦਤ ਨੂੰ ਵਿੱਚ-ਵਾਰ ਕਦੇ ਕਦੇ ਬਦਲ ਲੈਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਮਨੋ-ਵਿਗਆਨੀਆਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਵੀ ਅਸੀਂ ਡਿਮੈਂਸ਼ੀਆ ਨੂੰ ਵੱਧਣ ਤੋਂ ਰੋਕ ਸਕਦੇ ਹਾਂ। ਸਮਾਜ-ਸੇਵੀ ਕੰਮਾਂ ਵਿੱਚ ਭਾਗ ਲੈਣ ਅਤੇ ਕਮਿਊਨਿਟੀ ਵਿੱਚ ਵਾਲੰਟੀਅਰ ਵਜੋਂ ਕੰਮ ਕਰਨ ਨਾਲ ਆਪਣੇ ਆਪ ਨੂੰ ਰੁਝੇਵਿਆਂ ਭਰਪੂਰ ਰੱਖਿਆ ਜਾ ਸਕਦਾ ਹੈ ਜਿਸ ਨਾਲ ਇਸ ਰੋਗ ਅਤੇ ਦਿਮਾਗ਼ੀ ਪ੍ਰੇਸ਼ਾਨੀਆਂ ਤੋਂ ਕਾਫ਼ੀ ਹੱਦ ਤੀਕ ਛੁਟਕਾਰਾ ਪਾਇਆ ਜਾ ਸਕਦਾ ਹੈ।
ਕਲੱਬ ਦਾ ਇਹ ਸਮਾਗਮ ਗੁਰੂ ਨਾਨਕ ਦੇਵ ਜੀ ਨੂੰ ਸਮੱਰਪਿਤ ਕੀਤਾ ਗਿਆ। ਸੈਮੀਨਾਰ ਤੋਂ ਬਾਅਦ ਸਮਾਗਮ ਦੇ ਦੂਸਰੇ ਭਾਗ ਦੇ ਆਰੰਭ ਵਿੱਚ ਉੱਘੀ-ਗਾਇਕਾ ਰਿੰਟੂ ਭਾਟੀਆ ਨੇ ਗੁਰੂ ਨਾਨਕ ਦੇਵ ਜੀ ਦੀ ‘ਬ੍ਰਹਿਮੰਡੀ ਆਰਤੀ’ ਦਾ ਸ਼ਬਦ ”ਕੈਸੀ ਆਰਤੀ ਹੋਇ ਭਵਖੰਡਨਾ ਤੇਰੀ ਆਰਤੀ” ਆਪਣੀ ਸੁਰੀਲੀ ਆਵਾਜ਼ ਵਿੱਚ ਗਾਇਆ। ਉਪਰੰਤ, ਹਰਮੇਸ਼ ਜੀਂਦੋਵਾਲ ਤੇ ਬੇਅੰਤ ਕੌਰ ਗੋਰਾਇਆ ਨੇ ਗੂਰੂ ਸਾਹਿਬ ਬਾਰੇ ਗੀਤ ਗਾਏ ਅਤੇ ਜਗਸੀਰ ਸਿੰਘ ਧੀਰ ਤੇ ਮਲੂਕ ਸਿੰਘ ਕਾਹਲੋਂ ਵੱਲੋਂ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਇਸ ਦੌਰਾਨ ਮਾਸਟਰ ਭੁਪਿੰਦਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ‘ਤੇ ਅਮਲ ਕਰਨ ਲਈ ਜ਼ੋਰ ਦਿੱਤਾ।
ਸਮਾਗ਼ਮ ਵਿੱਚ ਕਲੱਬ ਦੇ ਅਹੁਦੇਦਾਰ ਕੈਸ਼ੀਅਰ ਗੁਰਦੇਵ ਸਿੰਘ ਸੇਖੋਂ ਅਤੇ ਕਾਰਜਕਾਰਨੀ ਕਮੇਟੀ ਦੇ ਮੈਂਬਰਾਂ ਰਘਬੀਰ ਸਿੰਘ ਉਭੀ, ਬਲਦੇਵ ਸਿੰਘ ਢੇਸੀ, ਸੁਰਜੀਤ ਸਿੰਘ ਵਿਰਕ, ਹਰਚਰਨ ਸਿੰਘ ਟਿਵਾਣਾ, ਜਰਨੈਲ ਸਿੰਘ ਬਰਾੜ ਤੇ ਬਲਜੀਤ ਸਿੰਘ ਗਿੱਲ ਤੋਂ ਇਲਾਵਾ ਕੁਲਦੀਪ ਸਿੰਘ, ਸੁਰਜੀਤ ਸਿੰਘ ਖਹਿਰਾ, ਮਿਹਰ ਸਿੰਘ ਸੋਹੀ, ਜਸਵੰਤ ਸਿੰਘ ਗਰੇਵਾਲ, ਹਰਬੰਸ ਸਿੰਘ ਗਿੱਲ, ਅਮਰਜੀਤ ਸਿੰਘ ਸੈਂਪਲੇ, ਮੇਜਰ ਸਿੰਘ ਸਰਾਂ, ਹਰਪਾਲ ਸਿੰਘ ਭਾਟੀਆ, ਹੁਨਰਪ੍ਰੀਤ ਸਿੰਘ ਕਾਹਲੋਂ, ਹਰਲਿਵਲੀਨ ਸਿੰਘ ਕਾਹਲੋਂ, ਕੁਲਭੂਸ਼ਨ ਕੌੜਾ, ਜਗਦੀਸ਼ ਕੌਰ ਕਾਹਲੋਂ ਤੇ ਕਈ ਹੋਰ ਅਹਿਮ ਸ਼ਖ਼ਸੀਅਤਾਂ ਸ਼ਾਮਲ ਸਨ। ‘ਫ਼ਲਾਵਰ ਸਿਟੀ ਫ਼ਰੈਂਡਜ਼ ਕਲੱਬ’ ਦੇ ਚੇਅਰਪਰਸਨ ਗਿਆਨ ਪਾਲ ਅਤੇ ਇਸ ਦੀ ਕਾਰਜਕਾਰਨੀ ਕਮੇਟੀ ਦੇ ਸਰਗਰਮ ਮੈਂਬਰ ਰਾਮ ਸਿੰਘ ਵੱਲੋਂ ਇਸ ਸਮਾਗਮ ਵਿੱਚ ਉਚੇਚੇ ਤੌਰ ‘ਤੇ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਚਾਹ-ਪਾਣੀ ਤੇ ਖਾਣ-ਪੀਣ ਦਾ ਪ੍ਰਬੰਧ ਮਲੂਕ ਸਿੰਘ ਕਾਹਲੋਂ ਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਕੀਤਾ ਗਿਆ।






