Breaking News
Home / ਕੈਨੇਡਾ / ਸਾਬਕਾ ਗੈਂਗਸਟਰ ਸੁੱਖ ਦਿਓ ਦਾ ਟੋਰਾਂਟੋ ‘ਚ ਕਤਲ

ਸਾਬਕਾ ਗੈਂਗਸਟਰ ਸੁੱਖ ਦਿਓ ਦਾ ਟੋਰਾਂਟੋ ‘ਚ ਕਤਲ

logo-2-1-300x105-3-300x105ਟੋਰਾਂਟੋ/ਬਿਊਰੋ ਨਿਊਜ਼
ਵੈਨਕੂਵਰ ਦੇ ਸਾਬਕਾ ਗੈਂਗਸਟਰ ਨੂੰ ਟੋਰਾਂਟੋ ਵਿੱਚ ਮੰਗਲਵਾਰ ਨੂੰ ਦੁਪਹਿਰ ਸਮੇਂ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। 34 ਸਾਲਾ ਇਹ ਸਾਬਕਾ ਗੈਂਗਸਟਰ ਸੁੱਖ ਦਿਓ ਚਿੱਟੇ ਰੰਗ ਦੀ ਰੇਂਜ ਰੋਵਰ ਵਿੱਚ ਸੀ ਜਦੋਂ ਸਥਾਨਕ ਸਮੇਂ ਅਨੁਸਾਰ ਦੁਪਹਿਰ ਦੇ 3 ਵਜੇ ਦੋ ਵਿਅਕਤੀਆਂ ਨੇ ਉਸ ਉੱਤੇ ਗੋਲੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ। ਇਹ ਕਤਲ ਯੰਗ ਸਟਰੀਟ ਤੇ ਐਗਲਿੰਟਨ ਐਵਨਿਊ ਈਸਟ ਦੇ ਦੱਖਣ ਵੱਲੋਂ ਮਿੰਟੋ ਟਾਵਰਜ਼ ਦੇ ਪਿੱਛੇ ਸਥਿਤ ਕਾਓਬੈੱਲ ਲੇਨ ਉੱਤੇ ਕੀਤਾ ਗਿਆ।
ਇਸ ਇਲਾਕੇ ਦੇ ਲੋਕਾਂ ਨੂੰ ਤਾਂ ਅਜਿਹੀ ਘਟਨਾ ਵਾਪਰਨ ਉੱਤੇ ਹੈਰਾਨੀ ਹੋਈ ਹੀ ਸਗੋਂ ਦੁਪਹਿਰੇ 3 ਵਜੇ ਵਾਪਰੇ ਇਸ ਗੋਲੀਕਾਂਡ ਤੋਂ ਪੁਲਿਸ ਵੀ ਕਾਫੀ ਹੈਰਾਨ ਹੋਈ । ਪੁਲਿਸ ਸੁਪਰਡੈਂਟ ਰਿਊਬਨ ਸਟਰੋਬਲ ਨੇ ਦੱਸਿਆ ਕਿ ਇਹ ਇਲਾਕਾ ਆਮ-ਤੌਰ ਉੱਤੇ ਕਾਫੀ ਸ਼ਾਂਤ ਮੰਨਿਆ ਜਾਂਦਾ ਹੈ ਤੇ ਇੱਥੇ ਜੁਰਮ ਵੀ ਬਹੁਤ ਘੱਟ ਹੁੰਦੇ ਹਨ। ਜਿਸ ਲਗਜ਼ਰੀ ਗੱਡੀ ਵਿੱਚ ਸੁੱਖ ਦਿਓ ਜਾ ਰਿਹਾ ਸੀ ਉਸ ਵਿੱਚ ਡਰਾਈਵਰ ਦੀ ਸੀਟ ਵਾਲੇ ਪਾਸੇ ਗੋਲੀਆਂ ਦੇ 14 ਨਿਸ਼ਾਨ ਪਾਏ ਗਏ ਹਨ। ਸੁੱਖ ਦੇ ਚਾਚੇ ਸੋਹਨ ਦਿਓ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਹਮਲੇ ਵਿੱਚ ਮਾਰਿਆ ਗਿਆ ਵਿਅਕਤੀ ਉਨ੍ਹਾਂ ਦਾ ਭਤੀਜਾ ਹੀ ਸੀ ।
ਸੋਹਨ ਦਿਓ ਨੇ ਦੱਸਿਆ ਕਿ ਸੁੱਖ ਦੇ ਪਿਤਾ ਪਰਮਿੰਦਰ ਦਿਓ ਨੂੰ ਓਨਟਾਰੀਓ ਤੋਂ ਫੋਨ ਕਰਕੇ ਕਿਸੇ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ । ਉਸੇ ਵੇਲੇ ਹੀ ਉਹ ਟੋਰਾਂਟੋ ਲਈ ਰਵਾਨਾ ਹੋਣ ਵਾਸਤੇ ਵੈਨਕੂਵਰ ਏਅਰਪੋਰਟ ਚਲੇ ਗਏ। ਵੈਨਕੂਵਰ ਛੱਡਣ ਤੋਂ ਪਹਿਲਾਂ ਪਰਮਿੰਦਰ ਨੇ ਆਪਣੇ ਭਰਾ ਨੂੰ ਵੀ ਫੋਨ ਰਾਹੀਂ ਇਸ ਦੀ ਜਾਣਕਾਰੀ ਦਿੱਤੀ।
ਸੋਹਨ ਦਿਓ ਨੇ ਦੱਸਿਆ ਕਿ ਪਰਿਵਾਰ ਇਸ ਸਮੇਂ ਕਾਫੀ ਸਦਮੇ ਵਿੱਚ ਹੈ। ਉਨ੍ਹਾਂ ਦੱਸਿਆ ਕਿ ਸੁੱਖ ਦਾ ਵਿਆਹ ਹੋ ਗਿਆ ਸੀ ਤੇ ਉਸ ਦੇ ਬੱਚੇ ਵੀ ਹਨ। ਕੁੱਝ ਸਾਲ ਪਹਿਲਾਂ ਉਹ ਟੋਰਾਂਟੋ ਆ ਗਿਆ ਸੀ ਤੇ ਇੱਥੇ ਆਪਣੇ ਇੱਕ ਦੋਸਤ ਨਾਲ ਰਲ ਕੇ ਟਰੱਕਿੰਗ ਕੰਪਨੀ ਚਲਾ ਰਿਹਾ ਸੀ। ਉਨ੍ਹਾਂ ਆਖਿਆ ਕਿ ਸਮਝ ਨਹੀਂ ਆ ਰਹੀ ਕਿ ਉਨ੍ਹਾਂ ਦੇ ਭਤੀਜੇ ਨੂੰ ਨਿਸ਼ਾਨਾ ਕਿਉਂ ਬਣਾਇਆ ਗਿਆ। ਜ਼ਿਕਰਯੋਗ ਹੈ ਕਿ ਲੋਅਰ ਮੇਨਲੈਂਡ ਦੀ ਪੁਲਿਸ ਸੁੱਖ ਨੂੰ ਚੰਗੀ ਤਰ੍ਹਾਂ ਜਾਣਦੀ ਸੀ ਤੇ ਆਪਣੀ ਆਖਰੀ ਸਮੇਂ ਵਿੱਚ ਇੱਕ ਮਾਮਲੇ ਦੀ ਚੱਲ ਰਹੀ ਜਾਂਚ ਵਿੱਚ ਉਹ ਮਸ਼ਕੂਕ ਵੀ ਸੀ।
ਸੁੱਖ ਦਾ ਭਰਾ ਹਰਜੀਤ 2005 ਵਿੱਚ ਕੀਤੀ ਗਈ ਕਿਡਨੈਪਿੰਗ ਦੇ ਮਾਮਲੇ ਵਿੱਚ ਇੰਡੀਪੈਂਡੈਂਟ ਸੋਲਜਰਜ਼ ਗੈਂਗ ਦੇ ਕਈ ਹੋਰਨਾਂ ਮੈਂਬਰਾਂ ਨਾਲ ਦੋਸ਼ੀ ਪਾਇਆ ਗਿਆ ਸੀ। ਜਿਸ ਵਿਅਕਤੀ ਨੂੰ ਉਸ ਸਮੇਂ ਕਿਡਨੈਪ ਕੀਤਾ ਗਿਆ ਸੀ ਉਸ ਨੂੰ ਦਿਓ ਪਰਿਵਾਰ ਦੇ ਨਿਊ ਵੈਸਟਮਿੰਸਟਰ ਸਥਿਤ ਘਰ ਦੇ ਗੈਰਾਜ ਵਿੱਚ ਹੀ ਰੱਖਿਆ ਗਿਆ ਸੀ। ਬਾਅਦ ਵਿੱਚ ਪੁਲਿਸ ਨੇ ਇੱਥੋਂ ਹੀ ਕਈ ਮਸ਼ਕੂਕਾਂ ਨੂੰ ਕਾਬੂ ਕੀਤਾ ਸੀ।ਸੁੱਖ ਦਾ ਪਿਤਾ ਪਰਮਿੰਦਰ ਭਾਰਤ ਵਿੱਚ ਨਸ਼ਿਆਂ ਦੀ ਸਮਗਲਿੰਗ ਦੇ ਸਬੰਧ ਵਿੱਚ ਇੰਟਰਪੋਲ ਨੂੰ ਲੋੜੀਂਦਾ ਸੀ। ਉਸ ਨੇ ਉਦੋਂ ਆਖਿਆ ਸੀ ਕਿ ਉਹ ਬੇਕਸੂਰ ਹੈ ਤੇ ਪੰਜਾਬ ਵਿੱਚ ਆਪਣੇ ਕੇਸ ਦੀ ਪੈਰਵੀ ਲਈ ਉਸ ਨੇ ਵਕੀਲ ਵੀ ਕਰ ਲਿਆ ਸੀ। ਇਹ ਵੀ ਪਤਾ ਲੱਗਿਆ ਹੈ ਕਿ ਸੁੱਖ ਟੋਰਾਂਟੋ ਰੈਪਟਰਜ਼ ਦਾ ਫੈਨ ਸੀ।

Check Also

ਕਾਰਨੀ ਦੀ ਅਗਵਾਈ ਹੇਠ ਲਿਬਰਲ ਪਾਰਟੀ ਦਾ ਮੁੜ ਉਭਾਰ

ਤਾਜ਼ਾ ਸਰਵੇਖਣਾਂ ਵਿੱਚ ਟੋਰੀਆਂ ਨੂੰ ਪਛਾੜਿਆ; ਸਰਵੇਖਣ ‘ਚ ਲਿਬਰਲ ਪਾਰਟੀ ਦੀ ਮਕਬੂਲੀਅਤ ਵਧਣ ਦਾ ਦਾਅਵਾ …