2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਨੂੰ ਹਰਾਉਣ ਲਈ ਕੀਤੀ ਗਈ ਚਰਚਾ
ਪਟਨਾ/ਬਿਊਰੋ ਨਿਊਜ਼ : ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦੀ ਅਗਵਾਈ ਵਿਚ ਅੱਜ ਪਟਨਾ ਵਿਖੇ 15 ਭਾਜਪਾ ਵਿਰੋਧੀ ਪਾਰਟੀ ਦੀ ਇਕ ਸਾਂਝੀ ਮੀਟਿੰਗ ਹੋਈ। ਇਹ ਮੀਟਿੰਗ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਢਾਈ ਘੰਟੇ ਚੱਲੀ ਅਤੇ ਇਸ 15 ਪਾਰਟੀਆਂ ਦੇ ਆਗੂਆਂ ਨੇ ਹਿੱਸਾ ਲਿਆ। ਮੀਟਿੰਗ ਦੌਰਾਨ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਨੂੰ ਹਰਾਉਣ ਲਈ ਇਕ ਮਜ਼ਬੂਤ ਫਰੰਟ ਬਣਾਉਣ ’ਤੇ ਚਰਚਾ ਕੀਤੀ ਗਈ। ਮੀਟਿੰਗ ਵਿਚ ਘੱਟੋ ਘੱਟ ਸਾਂਝਾ ਪ੍ਰੋਗਰਾਮ ਬਣਾਉਣ ਅਤੇ ਨੀਤਿਸ਼ ਕੁਮਾਰ ਯੂਪੀਏ ਦਾ ਚੀਫ਼ ਬਣਾਉਣ ’ਤੇ ਵੀ ਚਰਚਾ ਕੀਤੀ ਗਈ। ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਨੀਤਿਸ਼ ਕੁਮਾਰ ਨੇ ਕਿਹਾ ਕਿ ਗੱਲਬਾਤ ਬਹੁਤ ਵਧੀਆ ਰਹੀ ਅਤੇ ਸਭ ਨੇ ਇਕੱਠੇ ਹੋ ਕੇ ਚੱਲਣ ’ਤੇ ਆਪਣੀ-ਆਪਣੀ ਸਹਿਮਤੀ ਪ੍ਰਗਟਾਈ ਹੈ। ਇਸ ਸਬੰਧੀ ਅਗਲੀ ਮੀਟਿੰਗ ਸਮੂਹ ਪਾਰਟੀਆਂ ਵੱਲੋਂ ਜਲਦੀ ਕੀਤੀ ਜਾਵੇਗੀ ਅਤੇ ਸੰਭਾਵਨਾ ਹੈ ਕਿ 10 ਜਾਂ 12 ਜੁਲਾਈ ਨੂੰ ਇਹ ਮੀਟਿੰਗ ਸ਼ਿਮਲਾ ਵਿਖੇ ਹੋ ਸਕਦੀ ਹੈ। ਇਸ ਮੀਟਿੰਗ ਵਿਚ ਫੈਸਲਾ ਕੀਤਾ ਜਾਵੇਗਾ ਕਿ ਕੌਣ ਕਿੱਥੋਂ ਕਿਸ ਤਰ੍ਹਾਂ ਚੋਣ ਲੜੇਗਾ। ਅੱਜ ਦੀ ਮੀਟਿੰਗ ਦੌਰਾਨ ਬਿਹਾਰ ਦੇ ਮੁੱਖ ਮੰਤਰੀ ਨੀਤਿਸ਼ ਕੁਮਾਰ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਕਾਂਗਰਸ ਪ੍ਰਧਾਨ ਮਲਿਕਾ ਅਰਜੁਨ ਖੜਗੇ, ਕਾਂਗਰਸੀ ਆਗੂ ਰਾਹੁਲ ਗਾਂਧੀ, ਸ਼ਰਦ ਪਵਾਰ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਲਾਲੂ ਪ੍ਰਸਾਦ ਯਾਦਵ, ਤੇਜਸਵੀ ਯਾਦਵ, ਐਮ ਕੇ ਸਟਾਲਨ, ਉਧਵ ਠਾਕਰੇ ਅਤੇ ਉਮਰ ਅਬਦੁੱਲਾ ਸਮੇਤ ਹੋਰ ਆਗੂ ਵੀ ਹਾਜ਼ਰ ਸਨ। ਮੀਟਿੰਗ ਦੌਰਾਨ ਸਾਰੀਆਂ ਪਾਰਟੀਆਂ ਵੱਲੋਂ ਕੇਂਦਰ ਸਰਕਾਰ ਦੇ ਆਰਡੀਨੈਂਸ ਖਿਲਾਫ਼ ਕੇਜਰੀਵਾਲ ਦਾ ਸਮਰਥਨ ਕਰਨ ਲਈ ਕਾਂਗਰਸ ਪਾਰਟੀ ’ਤੇ ਵੀ ਜ਼ੋਰ ਪਾਇਆ ਗਿਆ।