ਕਾਂਗਰਸ ਅਤੇ ਅਕਾਲੀ ਸਰਕਾਰ ਵਿਚ ਵਿੱਤ ਮੰਤਰੀ ਰਹਿ ਚੁੱਕੇ ਹਨ ਮਨਪ੍ਰੀਤ ਬਾਦਲ
ਨਵੀਂ ਦਿੱਲੀ/ਬਿਊਰੋ ਨਿਊਜ਼ : ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅੱਜ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ। ਮਨਪ੍ਰੀਤ ਸਿੰਘ ਬਾਦਲ ਨੇ ਦਿੱਲੀ ’ਚ ਕੇਂਦਰੀ ਮੰਤਰੀ ਪਿਊਸ਼ ਗੋਇਲ ਅਤੇ ਤਰੁਣ ਚੁੱਘ ਦੀ ਅਗਵਾਈ ’ਚ ਭਾਜਪਾ ਦਾ ਪੱਲ ਫੜਿਆ ਅਤੇ ਉਨ੍ਹਾਂ ਅੱਜ ਕੁਝ ਸਮਾਂ ਪਹਿਲਾਂ ਹੀ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦਿੱਤਾ ਸੀ। ਰਾਹੁਲ ਗਾਂਧੀ ਨੂੰ ਭੇਜੇ ਗਏ ਅਸਤੀਫ਼ੇ ’ਚ ਉਨ੍ਹਾਂ ਕਈ ਗਿਲੇ ਸ਼ਿਕਵੇ ਪਾਰਟੀ ਲੀਡਰਸ਼ਿਪ ਨਾਲ ਪ੍ਰਗਟਾਏ। ਜਿਸ ’ਚ ਉਨ੍ਹਾਂ ਹੋਰ ਕਿਸੇ ਆਗੂ ਦਾ ਨਾਂ ਲਏ ਬਗੈਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ’ਤੇ ਵੱਡੇ ਆਰੋਪ ਲਗਾਏ। ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਅਸਤੀਫ਼ੇ ’ਚ ਆਖਿਆ ਕਿ ਕਾਂਗਰਸ ਹਾਈ ਕਮਾਂਡ ਨੇ ਜਿਨ੍ਹਾਂ ਲੋਕਾਂ ਨੂੰ ਪੰਜਾਬ ਦੀ ਜ਼ਿੰਮੇਵਾਰੀ ਸੌਂਪੀ ਹੈ, ਉਨ੍ਹਾਂ ਨੇ ਕਾਂਗਰਸ ਨੂੰ ਜੋੜਨ ਦੀ ਬਜਾਏ ਤੋੜਿਆ ਹੈ ਅਤੇ ਪਾਰਟੀ ਅੰਦਰ ਧੜੇਬੰਦੀ ਨੂੰ ਵਧਾਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਏ ਸਨ ਤਾਂ ਉਨ੍ਹਾਂ ਨੂੰ ਪਾਰਟੀ ਤੋਂ ਬਹੁਤ ਉਮੀਦਾਂ ਸਨ ਅਤੇ ਅੱਜ ਅਸਤੀਫ਼ਾ ਦੇਣ ਲੱਗਿਆਂ ਉਨ੍ਹਾਂ ਦਾ ਮਨ ਬਹੁਤ ਉਦਾਸ ਹੈ। ਧਿਆਨ ਰਹੇ ਕਿ ਇਸ ਤੋਂ ਮਨਪ੍ਰੀਤ ਸਿੰਘ ਬਾਦਲ ਨੇ ਸ਼ੋ੍ਰਮਣੀ ਅਕਾਲੀ ਦਲ ਨੂੰ ਛੱਡ ਕੇ ਪੰਜਾਬ ਪੀਪਲਜ਼ ਪਾਰਟੀ ਬਣਾਈ ਸੀ, ਜਿਸ ਨੂੰ ਛੱਡ ਕੇ ਉਹ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ ਸਨ।