Breaking News
Home / ਭਾਰਤ / ਸ਼ਿਲਾਂਗ ‘ਚ ਹਾਲਾਤ ਪੂਰੀ ਤਰ੍ਹਾਂ ਸੁਖਾਵੇਂ ਨਹੀਂ ਐਸਜੀਪੀਸੀ ਦੇ ਵਫਦ ਨੇ ਕੀਤਾ ਖੁਲਾਸਾ

ਸ਼ਿਲਾਂਗ ‘ਚ ਹਾਲਾਤ ਪੂਰੀ ਤਰ੍ਹਾਂ ਸੁਖਾਵੇਂ ਨਹੀਂ ਐਸਜੀਪੀਸੀ ਦੇ ਵਫਦ ਨੇ ਕੀਤਾ ਖੁਲਾਸਾ

ਅੰਮ੍ਰਿਤਸਰ/ਬਿਊਰੋ ਨਿਊਜ਼ : ਸ਼ਿਲਾਂਗ ਵਿੱਚ ਹਾਲਾਤ ਪੂਰੀ ਤਰ੍ਹਾਂ ਸੁਖਾਵੇ ਨਹੀਂ ਹੋਏ ਹਨ। ਇਹ ਦਾਅਵਾ ਸ਼੍ਰੋਮਣੀ ਕਮੇਟੀ ਦੇ ਸ਼ਿਲਾਂਗ ਗਏ ਵਫ਼ਦ ਵੱਲੋਂ ਕੀਤਾ ਗਿਆ ਹੈ ਜਿਨ੍ਹਾਂ ਉਥੇ ਜ਼ਿਲ੍ਹਾ ਮੈਜਿਸਟਰੇਟ ਅਤੇ ਸਥਾਨਕ ਸਿੱਖਾਂ ਨਾਲ ਮੁਲਾਕਾਤ ਕੀਤੀ। ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਗਏ ਵਫ਼ਦ ਦੀ ਅਗਵਾਈ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕਰ ਰਹੇ ਹਨ। ਸ਼੍ਰੋਮਣੀ ਕਮੇਟੀ ਦੇ ਬੁਲਾਰੇ ਦਿਲਜੀਤ ਸਿੰਘ ਨੇ ਦੱਸਿਆ ਕਿ ਸ਼ਿਲਾਂਗ ਵਿਚ ਸੋਮਵਾਰ ਦੁਪਹਿਰ ਬਾਅਦ ਹਾਲਾਤ ਅਚਾਨਕ ਵਿਗੜ ਗਏ। ਕੁਝ ਸ਼ਰਾਰਤੀ ਲੋਕਾਂ ਵੱਲੋਂ ਪੁਲਿਸ ਬਲ ‘ਤੇ ਪਥਰਾਅ ਕੀਤਾ ਗਿਆ ਸੀ। ਵਫ਼ਦ ਨੇ ਸ਼ਿਲਾਂਗ ਦੇ ਜ਼ਿਲ੍ਹਾ ਮੈਜਿਸਟਰੇਟ ਪੀ ਐਸ ਦੁਖਾਰ ਨਾਲ ਮੁਲਾਕਾਤ ਕੀਤੀ ਹੈ, ਜਿਨ੍ਹਾਂ ਹਰਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਸਿੱਖ ਆਗੂਆਂ ਨੇ ਜ਼ਿਲ੍ਹਾ ਅਧਿਕਾਰੀ ਨੂੰ ਸਿੱਖਾਂ ਦੀ ਜਾਨ-ਮਾਲ ਦੀ ਰਾਖੀ ਨੂੰ ਯਕੀਨੀ ਬਣਾਉਣ ਲਈ ਕਿਹਾ ਹੈ। ਇਸ ਦੌਰਾਨ ਸਿੱਖ ਆਗੂਆਂ ਨੇ ਸ਼ਿਲਾਂਗ ਦੇ ਤਿੰਨ ਗੁਰਦੁਆਰਿਆਂ ਦੇ ਪ੍ਰਬੰਧਕਾਂ ਨਾਲ ਵੀ ਮੁਲਾਕਾਤ ਕੀਤੀ। ਇਨ੍ਹਾਂ ਵਿੱਚ ਗਵਰਨਰ ਹਾਊਸ ਨੇੜੇ ਸਥਾਪਤ ਗੁਰਦੁਆਰਾ ਸਿੰਘ ਸਭਾ, ਗੁਰਦੁਆਰਾ ਸਿੰਘ ਸਭਾ ਬੜਾ ਬਾਜ਼ਾਰ ਪੰਜਾਬੀ ਲਾਈਨ ਅਤੇ ਗੁਰਦੁਆਰਾ ਸਿੰਘ ਸਭਾ ਗੋਰਾ ਲਾਈਨ ਸ਼ਾਮਲ ਹਨ। ਪ੍ਰਬੰਧਕਾਂ ਤੇ ਹੋਰ ਸਿੱਖਾਂ ਨੇ ਵਫ਼ਦ ਨੂੰ ਦੱਸਿਆ ਕਿ ਭੜਕੀ ਭੀੜ ਨੇ ਕਿਵੇਂ ਨੁਕਸਾਨ ਪਹੁੰਚਾਉਣ ਦਾ ਯਤਨ ਕੀਤਾ ਸੀ।
ਹਿੰਸਾ ਭੜਕਾਉਣ ‘ਚ ਬਾਹਰੀ ਵਿਅਕਤੀਆਂ ਦਾ ਹੱਥ : ਸੰਗਮਾ
ਸ਼ਿਲਾਂਗ : ਮੇਘਾਲਿਆ ਦੇ ਮੁੱਖ ਮੰਤਰੀ ਕੋਨਾਰਡ ਸੰਗਮਾ ਨੇ ਰਾਜਧਾਨੀ ਸ਼ਿਲਾਂਗ ਦੀ ਪੰਜਾਬੀ ਲਾਈਨ ਕਾਲੋਨੀ ਵਿਚ ਰਹਿਣ ਵਾਲੇ ਸਿੱਖ ਭਾਈਚਾਰੇ ਦੇ ਵਿਅਕਤੀ ਆਂ ਦੀ ਪੂਰੀ ਸੁਰੱਖਿਆ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਕਿਸੇ ਨੂੰ ਨਜਾਇਜ਼ ਜਾਂ ਅਪਰਾਧਕ ਗਤੀਵਿਧੀਆਂ ਵਿਚ ਸ਼ਾਮਲ ਹੋਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਸਰਕਾਰ ਇਸ ਭਾਈਚਾਰੇ ਦੇ ਵਿਅਕਤੀਆਂ ਨੂੰ ਪੂਰੀ ਸੁਰੱਖਿਆ ਮੁਹੱਈਆ ਕਰਵਾਏਗੀ। ਇਕ ਸਵਾਲ ‘ਤੇ ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰ ਨੇ ਘਟਨਾ ਦੀ ਮੈਜਿਸਟਰੇਟੀ ਜਾਂਚ ਦੇ ਹੁਕਮ ਦੇ ਦਿੱਤੇ ਹਨ। ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਹੁਣ ਤੱਕ ਇਕ ਦਰਜਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਮੁੱਖ ਮੰਤਰੀ ਸੰਗਮਾ ਦਾ ਦਾਅਵਾ ਹੈ ਕਿ ਹਿੰਸਾ ਭੜਕਾਉਣ ਵਿਚ ਕੁਝ ਬਾਹਰੀ ਤਾਕਤਾਂ ਦਾ ਹੱਥ ਸੀ। ਸਰਕਾਰ ਇਨ੍ਹਾਂ ਤਮਾਮ ਪਹਿਲੂਆਂ ਦੀ ਜਾਂਚ ਕਰ ਰਹੀ ਹੈ। ਸੰਗਮਾ ਨੇ ਕਿਹਾ ਕਿ ਲੰਬੇ ਸਮੇਂ ਤੋਂ ਇੱਥੇ ਰਹਿਣ ਵਾਲੇ ਸਿੱਖ ਪਰਿਵਾਰਾਂ ਦੀ ਜ਼ਮੀਨ ਨਾਲ ਸਬੰਧਿਤ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾਵੇਗੀ। ਜੇਕਰ ਜ਼ਰੂਰਤ ਪਈ ਤਾਂ ਸਰਕਾਰ ਉਨ੍ਹਾਂ ਦੇ ਸਨਮਾਨਜਨਕ ਪੁਨਰਵਾਸ ਦੀ ਵਿਵਸਥਾ ਕਰੇਗੀ। ਹਿੰਸਾ ਭੜਕਣ ਤੋਂ ਬਾਅਦ ਮੁੱਖ ਮੰਤਰੀ ਨੇ ਇੱਕ ਉਚ ਪੱਧਰੀ ਬੈਠਕ ਵਿਚ ਹਾਲਾਤ ਦੀ ਸਮੀਖਿਆ ਕੀਤੀ ਅਤੇ ਪ੍ਰਸ਼ਾਸਨ ਨੂੰ ਹਿੰਸਾ ਭੜਕਾਉਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਦਾ ਨਿਰਦੇਸ਼ ਦਿੱਤਾ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੇਰੀ ਫੋਨ ‘ਤੇ ਗੱਲਬਾਤ ਹੋਈ ਹੈ। ਮੈਂ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਸਿੱਖ ਭਾਈਚਾਰੇ ਦੀ ਸੁਰੱਖਿਆ ਦਾ ਪੂਰਾ ਪ੍ਰਬੰਧ ਕੀਤਾ ਜਾਵੇਗਾ। ਸੰਗਮਾ ਨੇ ਕਿਹਾ ਕਿ ਕਾਲੋਨੀ ਵਿਚ ਸਿੱਖ ਪਰਿਵਾਰਾਂ ਨੂੰ ਹਟਾਉਣ ਦੀ ਮੰਗ ਕਾਫੀ ਪੁਰਾਣੀ ਹੈ। ਸਰਕਾਰ ਇਸ ਸਮੱਸਿਆ ਦੇ ਤਮਾਮ ਪਹਿਲੂਆਂ ‘ਤੇ ਵਿਚਾਰ ਕਰਨ ਤੋਂ ਬਾਅਦ ਹੀ ਕੋਈ ਕਦਮ ਉਠਾਵੇਗੀ।

Check Also

ਪਹਿਲਵਾਨ ਬਜਰੰਗ ਪੂਨੀਆ 4 ਸਾਲ ਲਈ ਮੁਅੱਤਲ

ਹਰਿਆਣਾ ਨਾਲ ਸਬੰਧਤ ਹੈ ਪਹਿਲਵਾਨ ਪੂਨੀਆ ਨਵੀਂ ਦਿੱਲੀ/ਬਿਊਰੋ ਨਿਊਜ਼ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ …