ਮੰਦਿਰ ਅਹਾਤੇ ਵਿੱਚ ਪਾਨ ਤੇ ਗੁਟਖਾ ਖਾਣ ‘ਤੇ ਵੀ ਮੁਕੰਮਲ ਪਾਬੰਦੀ ਲਾਈ
ਨਵੇਂ ਸਾਲ ਦੇ ਪਹਿਲੇ ਦਿਨ 1.80 ਲੱਖ ਸ਼ਰਧਾਲੂਆਂ ਨੇ ਮੱਥਾ ਟੇਕਿਆ
ਪੁਰੀ/ਬਿਊਰੋ ਨਿਊਜ਼ : ਸ੍ਰੀ ਜਗਨਨਾਥ ਮੰਦਿਰ ਪ੍ਰਸ਼ਾਸਨ ਨੇ ਮੰਦਿਰ ਵਿੱਚ ਦਾਖ਼ਲ ਹੋਣ ਵਾਲੇ ਸ਼ਰਧਾਲੂਆਂ ਲਈ ਡਰੈੱਸ ਕੋਡ ਲਾਜ਼ਮੀ ਕਰ ਦਿੱਤਾ ਹੈ। ਬਾਰ੍ਹਵੀਂ ਸਦੀ ਪੁਰਾਣੇ ਮੰਦਿਰ ਨੇ ਨਵੇਂ ਸਾਲ ਤੋਂ ਮੰਦਰ ਅਹਾਤੇ ਵਿਚ ਗੁਟਖਾ ਤੇ ਪਾਨ ਖਾਣ ਅਤੇ ਪਲਾਸਟਿਕ ਤੇ ਪੌਲੀਥੀਨ ਦੀ ਵਰਤੋਂ ‘ਤੇ ਵੀ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ। ਨਵੇਂ ਸਾਲ ਦੇ ਪਹਿਲੇ ਦਿਨ 1.80 ਲੱਖ ਤੋਂ ਵੱਧ ਸ਼ਰਧਾਲੂ ਮੰਦਿਰ ਵਿਚ ਨਤਮਸਤਕ ਹੋਏ। ਮੰਦਿਰ ਪ੍ਰਸ਼ਾਸਨ ਦੇ ਅਧਿਕਾਰੀ ਨੇ ਕਿਹਾ ਕਿ ਸ਼ਰਧਾਲੂਆਂ ਨੂੰ ਮੰਦਿਰ ‘ਚ ਦਾਖਲ ਹੋਣ ਮੌਕੇ ‘ਸੱਭਿਅਕ ਕੱਪੜੇ’ ਪਾਉਣੇ ਹੋਣਗੇ।
ਸ਼ਰਧਾਲੂਆਂ ਨੂੰ ਹਾਫ਼ ਪੈਂਟ, ਸ਼ਾਰਟਸ, ਫਟੀਆਂ ਜੀਨਾਂ, ਸਕਰਟਾਂ ਤੇ ਬਿਨਾਂ ਬਾਜੂ ਡਰੈੱਸਾਂ ਪਾ ਕੇ ਮੰਦਿਰ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ। ਪ੍ਰਸ਼ਾਸਨ ਵੱਲੋਂ ਜਾਰੀ ਨੇਮ ਫੌਰੀ ਲਾਗੂ ਹੋਣ ਮਗਰੋਂ ਨਵੇਂ ਸਾਲ ਦੇ ਪਹਿਲੇ ਦਿਨ ਪੁਰਸ਼ ਸ਼ਰਧਾਲੂ ਧੋਤੀ ਤੇ ਤੌਲੀਏ ਵਿਚ ਨਜ਼ਰ ਆਏ ਜਦੋਂਕਿ ਭਗਵਾਨ ਜਗਨਨਾਥ ਦੇ ਦਰਸ਼ਨਾਂ ਲਈ ਆਈਆਂ ਮਹਿਲਾ ਸ਼ਰਧਾਲੂਆਂ ਨੇ ਸਾੜ੍ਹੀਆਂ ਤੇ ਸਲਵਾਰ ਕਮੀਜ਼ਾਂ ਪਾਈਆਂ ਹੋਈਆਂ ਸਨ। ਸ੍ਰੀ ਜਗਨਨਾਥ ਮੰਦਰ ਪ੍ਰਸ਼ਾਸਨ ਵੱਲੋਂ ਜਾਰੀ ਪਾਬੰਦੀ ਦੇ ਹੁਕਮਾਂ ਦੀ ਸਖ਼ਤੀ ਨਾਲ ਤਾਮੀਲ ਯਕੀਨੀ ਬਣਾਉਣ ਲਈ ਪੁਲਿਸ ਨੂੰ ਵੀ ਲੋੜੀਂਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ।
ਅਧਿਕਾਰੀ ਨੇ ਕਿਹਾ ਕਿ ਮੰਦਿਰ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਹੀ ਮੰਦਿਰ ਅਹਾਤੇ ਵਿੱਚ ਗੁਟਖਾ ਤੇ ਪਾਨ ਖਾਣ ‘ਤੇ ਪਾਬੰਦੀ ਲਾਈ ਗਈ ਹੈ।
ਉਨ੍ਹਾਂ ਕਿਹਾ ਕਿ ਪਾਬੰਦੀਆਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਜੁਰਮਾਨਾ ਲਾਇਆ ਜਾਵੇਗਾ। ਇਸ ਦੌਰਾਨ ਭੁਬਨੇਸ਼ਵਰ ਦੇ ਲਿੰਗਰਾਜ ਮੰਦਿਰ ਦੇ ਅੰਦਰ ਵੀ ਪਾਨ ਤੇ ਤੰਬਾਕੂ ਉਤਪਾਦ ਖਾਣ ‘ਤੇ ਪਾਬੰਦੀ ਰਹੇਗੀ।