ਤਿਰੂਚਿਰਾਪੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤੀ ਨੌਜਵਾਨ ਇੱਕ ਨਵੀਂ ਦੁਨੀਆ ਸਿਰਜ ਰਹੇ ਹਨ ਅਤੇ ਸਾਡੀਆਂ ਨਵੀਆਂ ਕਾਢਾਂ ਨੇ ਪੇਟੈਂਟਾਂ ਦੀ ਗਿਣਤੀ ਵਧਾ ਕੇ ਹੁਣ ਤਕਰੀਬਨ 50 ਹਜ਼ਾਰ ਕਰ ਦਿੱਤੀ ਹੈ ਜੋ 2014 ‘ਚ ਤਕਰੀਬਨ ਚਾਰ ਹਜ਼ਾਰ ਸੀ। ਤਾਮਿਲਨਾਡੂ ਸਰਕਾਰ ਵੱਲੋਂ ਚਲਾਈ ਜਾ ਰਹੀ ਭਾਰਤੀਦਾਸਨ ਯੂਨੀਵਰਸਿਟੀ ਦੇ ਕਾਨਵੋਕੇਸ਼ਨ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਵੀ ਭਾਰਤੀਦਾਸਨ ਦੇ ਛੰਦਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਨ੍ਹਾਂ ਦਾ ਮਤਲਬ ਹੌਸਲੇ ਵਾਲੀ ਤੇ ਨਵੀਂ ਦੁਨੀਆ ਬਣਾਉਣਾ ਹੈ ਜੋ ਯੂਨੀਵਰਸਿਟੀ ਦਾ ਆਦਰਸ਼ ਵਾਕ ਵੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਨੌਜਵਾਨ ਪਹਿਲਾਂ ਤੋਂ ਹੀ ਅਜਿਹੀ ਦੁਨੀਆ ਬਣਾ ਰਹੇ ਹਨ। ਇਸ ਯੂਨੀਵਰਸਿਟੀ ਦਾ ਨਾਂ ਭਾਰਤੀਦਾਸਨ ਦੇ ਹੀ ਨਾਂ ‘ਤੇ ਰੱਖਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਭਾਰਤੀ ਵਿਗਿਆਨੀ ਚੰਦਰਯਾਨ ਜਿਹੀਆਂ ਮੁਹਿੰਮਾਂ ਰਾਹੀਂ ਦੁਨੀਆ ਦੇ ਨਕਸ਼ੇ ‘ਤੇ ਪਹੁੰਚ ਚੁੱਕੇ ਹਨ ਅਤੇ ਸਾਡੀਆਂ ਨਵੀਆਂ ਕਾਢਾਂ ਨੇ ਪੇਟੈਂਟ ਦੀ ਗਿਣਤੀ 2014 ‘ਚ ਤਕਰੀਬਨ 4000 ਤੋਂ ਵਧਾ ਕੇ ਹੁਣ ਤਕਰੀਬਨ 50 ਹਜ਼ਾਰ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਵਿਦਵਾਨ ਦੁਨੀਆ ਸਾਹਮਣੇ ਭਾਰਤ ਦੀ ਕਹਾਣੀ ਇਸ ਤਰ੍ਹਾਂ ਪੇਸ਼ ਕਰ ਰਹੇ ਹਨ ਜਿਹਾ ਕਿ ਪਹਿਲਾਂ ਕਦੇ ਨਹੀਂ ਹੋਇਆ। ਪ੍ਰਧਾਨ ਮੰਤਰੀ ਨੇ ਤਾਮਿਲ ਕਵੀ ਭਾਰਤੀਦਾਸਨ ਦੇ ਬੁੱਤ ‘ਤੇ ਫੁੱਲ ਚੜ੍ਹਾਏ ਅਤੇ ਵਿਦਿਆਰਥੀਆਂ, ਰਾਜਪਾਲ ਐੱਨਆਰ ਰਵੀ ਤੇ ਮੁੱਖ ਮੰਤਰੀ ਐੱਮਕੇ ਸਟਾਲਿਨ ਨਾਲ ਇੱਕ ਸਮੂਹਿਕ ਤਸਵੀਰ ਵੀ ਖਿਚਵਾਈ।
ਪ੍ਰਧਾਨ ਮੰਤਰੀ ਵੱਲੋਂ 20,140 ਕਰੋੜ ਰੁਪਏ ਦੇ ਪ੍ਰਾਜੈਕਟਾਂ ਦੀ ਸ਼ੁਰੂਆਤ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਈ ਪ੍ਰਾਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ ਅਤੇ ਕੁਝ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ। ਇਨ੍ਹਾਂ ਪ੍ਰਾਜੈਕਟਾਂ ਦੀ ਕੁੱਲ ਲਾਗਤ 20,140 ਕਰੋੜ ਰੁਪਏ ਹੈ। ਪ੍ਰਧਾਨ ਮੰਤਰੀ ਨੇ ਸੱਭਿਆਚਾਰਕ ਪ੍ਰੇਰਨਾ ਲਈ ਤਾਮਿਲਨਾਡੂ ਦੀ ਸ਼ਲਾਘਾ ਕੀਤੀ ਅਤੇ ਦੇਸ਼ ਹਿੱਤ ਨੂੰ ਸਮਰਪਿਤ ਡੀਐੱਮਡੀਕੇ ਦੇ ਮਰਹੂਮ ਆਗੂ ਵਿਜੈਕਾਂਤ ਦੀ ਪ੍ਰਸੰਸਾ ਕੀਤੀ। ਉੱਧਰ ਮੁੱਖ ਮੰਤਰੀ ਐੱਮਕੇ ਸਟਾਲਿਨ ਨੇ ਸਮਾਜਿਕ ਨਿਆਂ ਦੀ ਅਗਵਾਈ ਹੇਠਲੇ ਦ੍ਰਾਵਿੜੀਅਨ ਮਾਡਲ ਦੀ ਵਕਾਲਤ ਕੀਤੀ ਅਤੇ ਕਿਹਾ ਕਿ ਇਸ ਦਾ ਮਕਸਦ ਹੋਰ ਟੀਚਿਆਂ ਦੇ ਨਾਲ ਨਾਲ ਸਿੱਖਿਆ ਨੂੰ ਸਭ ਤੱਕ ਪਹੁੰਚਾਉਣਾ ਵੀ ਹੈ।
Check Also
ਆਈਪੀਐੱਲ ਪ੍ਰੀਮੀਅਰ ਲੀਗ ਲਈ ਲਖਨਊ ਸੁਪਰ ਜਾਇੰਟਸ ਨੇ ਰਿਸ਼ਭ ਪੰਤ ਦੀ ਲਗਾਈ 27 ਕਰੋੜ ਰੁਪਏ ਬੋਲੀ
ਸ਼੍ਰੇਅਸ ਅਈਅਰ ’ਤੇ ਲੱਗੀ 26.75 ਕਰੋੜ ਰੁਪਏ ਦੀ ਬੋਲੀ ਸਾਊਦੀ ਅਰਬ/ਬਿਊਰੋ ਨਿਊਜ਼ : ਭਾਰਤੀ ਕਿ੍ਰਕਟ …