Breaking News
Home / ਭਾਰਤ / ਮੁਲਾਇਮ ਸਿੰਘ ਯਾਦਵ ਦਾ ਦਿਹਾਂਤ

ਮੁਲਾਇਮ ਸਿੰਘ ਯਾਦਵ ਦਾ ਦਿਹਾਂਤ

ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵਲੋਂ ਮੁਲਾਇਮ ਸਿੰਘ ਯਾਦਵ ਨੂੰ ਸ਼ਰਧਾਂਜਲੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਸਮਾਜਵਾਦੀ ਪਾਰਟੀ ਦੇ ਸੁਪਰੀਮੋ ਮੁਲਾਇਮ ਸਿੰਘ ਯਾਦਵ ਦਾ ਅੱਜ ਸੋਮਵਾਰ ਨੂੰ ਦਿਹਾਂਤ ਹੋ ਗਿਆ ਹੈ ਅਤੇ ਉਨ੍ਹਾਂ ਦੀ ਉਮਰ 82 ਸਾਲ ਸੀ। ਮੁਲਾਇਮ ਸਿੰਘ ਯਾਦਵ ਨੂੰ ਸਿਹਤ ਖਰਾਬ ਹੋਣ ਕਰਕੇ ਲੰਘੀ 26 ਸਤੰਬਰ ਤੋਂ ਗੁਰੂਗਰਾਮ ਦੇ ਮੇਦਾਂਤਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਰਾਸ਼ਟਰਪਤੀ ਦਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਸੋਨੀਆ ਗਾਂਧੀ ਨੇ ਮੁਲਾਇਮ ਸਿੰਘ ਯਾਦਵ ਦੇ ਦਿਹਾਂਤ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਇਸੇ ਦੌਰਾਨ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੇ ਮੁਲਾਇਮ ਸਿੰਘ ਯਾਦਵ ਦੇ ਦਿਹਾਂਤ ‘ਤੇ ਅਫਸੋਸ ਜਾਹਰ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁਲਾਇਮ ਸਿੰਘ ਯਾਦਵ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਉਹ ਜ਼ਮੀਨ ਨਾਲ ਜੁੜੇ ਹੋਏ ਨੇਤਾ ਸਨ ਅਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਵੀ ਸਮਝਦੇ ਸਨ। ਧਿਆਨ ਰਹੇ ਕਿ ਮੁਲਾਇਮ ਸਿੰਘ ਯਾਦਵ ਨੇ ਆਪਣਾ ਸਫਰ ਇਕ ਅਧਿਆਪਕ ਵਜੋਂ ਸ਼ੁਰੂ ਕੀਤਾ ਸੀ। ਫਿਰ ਉਹ ਪਹਿਲਵਾਨ ਬਣੇ ਅਤੇ ਬਾਅਦ ਵਿਚ ਰਾਜਨੀਤੀ ਵਿਚ ਆ ਗਏ। ਜਵਾਨੀ ਦੇ ਦਿਨਾਂ ਵਿਚ ਪਹਿਲਵਾਨੀ ਦਾ ਸ਼ੌਕ ਰੱਖਣ ਵਾਲੇ ਮੁਲਾਇਮ ਸਿੰਘ ਨੇ 55 ਸਾਲ ਰਾਜਨੀਤੀ ਕੀਤੀ ਅਤੇ ਉਹ 1967 ਵਿਚ 28 ਸਾਲ ਦੀ ਉਮਰ ਵਿਚ ਉਤਰ ਪ੍ਰਦੇਸ਼ ਦੇ ਵਿਧਾਨ ਸਭਾ ਹਲਕਾ ਜਸਵੰਤ ਨਗਰ ਤੋਂ ਪਹਿਲੀ ਵਾਰ ਵਿਧਾਇਕ ਬਣੇ। ਜ਼ਿਕਰਯੋਗ ਹੈ ਕਿ 5 ਦਸੰਬਰ 1989 ਨੂੰ ਮੁਲਾਇਮ ਸਿੰਘ ਪਹਿਲੀ ਵਾਰ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਬਣੇ ਸਨ ਅਤੇ ਬਾਅਦ ਵਿਚ ਉਹ ਦੋ ਵਾਰ ਹੋਰ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਰਹੇ ਹਨ। ਉਨ੍ਹਾਂ ਨੇ ਕੇਂਦਰ ਵਿਚ ਦੇਵਗੌੜਾ ਅਤੇ ਗੁਜਰਾਲ ਸਰਕਾਰ ਵਿਚ ਰੱਖਿਆ ਮੰਤਰੀ ਦੀ ਜ਼ਿੰਮੇਵਾਰੀ ਵੀ ਸੰਭਾਲੀ। ਨੇਤਾ ਜੀ ਦੇ ਨਾਮ ਨਾਲ ਮਸ਼ਹੂਰ ਮੁਲਾਇਮ ਸਿੰਘ ਯਾਦਵ 7 ਵਾਰ ਲੋਕ ਸਭਾ ਸੰਸਦ ਮੈਂਬਰ ਅਤੇ 9 ਵਾਰ ਵਿਧਾਇਕ ਚੁਣੇ ਗਏ ਸਨ।
ਭਗਵੰਤ ਮਾਨ ਨੇ ਮੁਲਾਇਮ ਸਿੰਘ ਯਾਦਵ ਦੇ ਦਿਹਾਂਤ ‘ਤੇ ਪ੍ਰਗਟਾਇਆ ਦੁੱਖ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਦੇ ਦਿਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਆਪਣੇ ਟਵੀਟ ਵਿਚ ਭਗਵੰਤ ਮਾਨ ਨੇ ਕਿਹਾ ਕਿ ਮੁਲਾਇਮ ਸਿੰਘ ਯਾਦਵ ਦੇ ਦਿਹਾਂਤ ਦੀ ਦੁਖਦ ਖ਼ਬਰ ਮਿਲੀ। ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਵਿੱਛੜੀ ਰੂਹ ਨੂੰ ਆਪਣੇ ਚਰਨਾਂ ‘ਚ ਥਾਂ ਦੇਣ ਤੇ ਪਰਿਵਾਰ ਸਮੇਤ ਪ੍ਰਸੰਸਕਾਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ। ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਮਾਜਵਾਦੀ ਪਾਰਟੀ ਦੇ ਸਰਪ੍ਰਸਤ ਮੁਲਾਇਮ ਸਿੰਘ ਯਾਦਵ ਦੇ ਦਿਹਾਂਤ ‘ਤੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ ਅਤੇ ਸ਼ਰਧਾਂਜਲੀ ਦਿੱਤੀ ਹੈ। ਆਪਣੇ ਟਵੀਟ ਵਿਚ ਉਨ੍ਹਾਂ ਕਿਹਾ ਕਿ ਰਾਸ਼ਟਰ ਨੇ ਇਕ ਮਹਾਨਾਇਕ ਗੁਆ ਲਿਆ ਹੈ। ਮੁਲਾਇਮ ਸਿੰਘ ਯਾਦਵ ਨੂੰ ਇਕ ਸਮਾਜਵਾਦੀ ਪ੍ਰਤੀਕ ਅਤੇ ਗਰੀਬਾਂ ਨੂੰ ਸ਼ਕਤੀਕਰਨ ਲਈ ਜਾਣਿਆ ਜਾਵੇਗਾ।

Check Also

ਸੁਪਰੀਮ ਕੋਰਟ ਨੇ ਰਾਮਦੇਵ, ਬਾਲਕ੍ਰਿਸ਼ਨ ਤੇ ਪਤੰਜਲੀ ਖਿਲਾਫ਼ ਮਾਣਹਾਨੀ ਦੇ ਨੋਟਿਸ ’ਤੇ ਫੈਸਲਾ ਰੱਖਿਆ ਰਾਖਵਾਂ

ਗੁੰਮਰਾਹਕੁੰਨ ਇਸ਼ਤਿਹਾਰ ਮਾਮਲੇ ’ਚ ਕੋਰਟ ਨੇ ਹਲਫਨਾਮਾ ਦਾਇਰ ਕਰਨ ਦੇ ਦਿੱਤੇ ਹੁਕਮ ਨਵੀਂ ਦਿੱਲੀ/ਬਿਊਰੋ ਨਿਊਜ਼ …