ਮਹਿਬੂਬਾ ਮੁਫ਼ਤੀ ਅਤੇ ਉਮਰ ਅਬਦੁੱਲਾ ਨੇ ਇਕੱਲਿਆਂ ਹੀ ਚੋਣਾਂ ਲੜਨ ਦਾ ਕੀਤਾ ਐਲਾਨ
ਸ੍ਰੀਨਗਰ/ਬਿਊਰੋ ਨਿਊਜ਼ : 19 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ‘ਇੰਡੀਆ ਗੱਠਜੋੜ’ ਨੂੰ ਝਟਕਾ ਦਿੰਦੇ ਹੋਏ ਮਹਿਬੂਬਾ ਮੁਫ਼ਤੀ ਅਤੇ ਉਮਰ ਅਬਦੁੱਲਾ ਨੇ ਜੰਮੂ-ਕਸ਼ਮੀਰ ਵਿਚ ਇਕੱਲਿਆਂ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਹੈ। ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਦੀ ਮੁਖੀ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਉਹ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਵਿਚ ਆਪਣੇ ਦਮ ’ਤੇ ਲੋਕ ਸਭਾ ਚੋਣਾਂ ਲੜਨਗੇ। ਉਨ੍ਹਾਂ ਕਿਹਾ ਕਿ ਪੀਡੀਪੀ ਪਾਰਟੀ ਜੰਮੂ-ਕਸ਼ਮੀਰ ਦੀਆਂ ਸਾਰੀਆਂ ਪੰਜ ਸੀਟਾਂ ਉਤੇ ਆਪਣੇ ਉਮੀਦਵਾਰ ਉਤਾਰੇਗੀ। ਧਿਆਨ ਰਹੇ ਕਿ ਕੇਂਦਰ ਸ਼ਾਸ਼ਤ ਪ੍ਰਦੇਸ਼ ਵਿਚ ਲੋਕ ਸਭਾ ਚੋਣਾਂ ਪਹਿਲੇ ਪੰਜ ਪੜਾਵਾਂ ਵਿਚ ਹੋਣਗੀਆਂ। ਉਧਮਪੁਰ ਲੋਕ ਸਭਾ ਸੀਟ ’ਤੇ 19 ਅਪ੍ਰੈਲ ਨੂੰ, ਜੰਮੂ ਲੋਕ ਸਭਾ ਸੀਟ ’ਤੇ 26 ਅਪ੍ਰੈਲ ਨੂੰ, ਅਨੰਤਨਾਗ-ਰਾਜੌਰੀ ਲੋਕ ਸਭਾ ਸੀਟ ’ਤੇ 7 ਮਈ ਨੂੰ, ਸ੍ਰੀਨਗਰ ਸੀਟ ’ਤੇ 13 ਮਈ ਨੂੰ ਅਤੇ ਬਾਰਾਮੂਲਾ ਲੋਕ ਸਭਾ ਸੀਟ ’ਤੇ 20 ਮਈ ਨੂੰ ਵੋਟਾਂ ਪਾਈਆਂ ਜਾਣਗੀਆਂ। ਜਦਕਿ ਨੈਸ਼ਨਲ ਕਾਨਫਰੰਸ ਦੇ ਆਗੂ ਉਮਰ ਅਬਦੁੱਲਾ ਨੇ ਵੀ ਕਸ਼ਮੀਰ ਦੀਆਂ ਤਿੰਨ ਸੀਟਾਂ ਤੋਂ ਆਪਣੇ ਉਮੀਦਵਾਰ ਉਤਾਰਨ ਦਾ ਐਲਾਨ ਕੀਤਾ ਹੈ।