ਪੰਜਾਬ ਸਰਕਾਰ ਪਰਾਲੀ ਫੂਕਣ ’ਤੇ ਰੋਕ ਲਗਾਉਣ ਲਈ ਯਤਨਸ਼ੀਲ
ਪੰਜਾਬ ਸਰਕਾਰ ਪਰਾਲੀ ਫੂਕਣ ’ਤੇ ਰੋਕ ਲਗਾਉਣ ਲਈ ਯਤਨਸ਼ੀਲ
ਡਿਪਟੀ ਕਮਿਸ਼ਨਰ ਆਪਣੇ ਪੱਧਰ ’ਤੇ ਪਰਾਲੀ ਦੀ ਸਾਂਭ-ਸੰਭਾਲ ਦੇ ਪ੍ਰਬੰਧਾਂ ਵਿਚ ਜੁਟੇ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਰਾਲੀ ਫੂਕਣ ’ਤੇ ਰੋਕ ਲਗਾਉਣ ਲਈ ਲਗਾਤਾਰ ਯਤਨਸ਼ੀਲ ਹੈ। ਸੂਬਾ ਸਰਕਾਰ ਦੇ ਹੁਕਮਾਂ ਅਨੁਸਾਰ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਆਪਣੇ ਪੱਧਰ ’ਤੇ ਪਰਾਲੀ ਦੀ ਸਾਂਭ-ਸੰਭਾਲ ਲਈ ਪ੍ਰਬੰਧ ਕਰਨ ਵਿਚ ਜੁਟੇ ਹੋਏ ਹਨ। ਇਸੇ ਮੁਹਿੰਮ ਤਹਿਤ ਪਟਿਆਲਾ ਜ਼ਿਲ੍ਹੇ ਦੇ ਸਕੂਲ ਟੀਚਰਾਂ ਤੋਂ ਪਰਾਲੀ ਨਾ ਫੂਕਣ ਦੇ ਘੋਸ਼ਣਾ ਪੱਤਰ ਲਏ ਜਾ ਰਹੇ ਹਨ। ਇਨ੍ਹਾਂ ਘੋਸ਼ਣਾ ਪੱਤਰਾਂ ਨੂੰ ਸਕੂਲ ਦੇ ਰਿਕਾਰਡ ’ਚ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਸਿੱਖਿਆ ਵਿਭਾਗ ਵੱਲੋਂ ਪਰਾਲੀ ਸਬੰਧੀ ਪੇਟਿੰਗ, ਭਾਸ਼ਣ ਅਤੇ ਲੇਖ ਮੁਕਾਬਲੇ ਵੀ ਕਰਵਾਏ ਜਾਣਗੇ। ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਪਰਾਲੀ ਨਾ ਫੂਕਣ ਬਾਰੇ ਜਾਗਰੂਕ ਕਰਨ ਲਈ ਵੱਖ-ਵੱਖ ਯਤਨ ਕੀਤੇ ਜਾ ਰਹੇ ਹਨ। ਸਕੂਲਾਂ ਵੱਲੋਂ ਸਵੇਰ ਦੀ ਪ੍ਰਾਰਥਨਾ ਸਮੇਂ ਬੱਚਿਆਂ ਨੂੰ ਪਰਾਲੀ ਨਾ ਜਲਾਉਣ ਬਾਰੇ ਜਾਗਰੂਕ ਕੀਤਾ ਜਾਵੇਗਾ ਤਾਂ ਕਿ ਉਹ ਆਪਣੇ ਪਰਿਵਾਰਾਂ ਨਾਲ ਇਸ ਸਬੰਧੀ ਗੱਲ ਕਰ ਸਕਣ। ਜ਼ਿਕਰਯੋਗ ਹੈ ਕਿ ਪੰਜਾਬ ਦੇ ਕਿਸਾਨ ਹਰ ਸਾਲ ਆਪਣੇ ਖੇਤਾਂ ’ਚ ਪਰਾਲੀ ਨੂੰ ਅੱਗ ਲਗਾਉਂਦੇ ਹਨ, ਜਿਸ ਕਾਰਨ ਪੰਜਾਬ ਅਤੇ ਆਸ-ਪਾਸ ਦੇ ਇਲਾਕਿਆਂ ’ਚ ਭਾਰੀ ਪ੍ਰਦੂਸ਼ਣ ਫੈਲ ਜਾਂਦਾ ਹੈ। ਜਿਸ ਦੇ ਚਲਦਿਆਂ ਪੰਜਾਬ ਦੇ ਲੋਕਾਂ ਨੂੰ ਸਾਹ ਲੈਣ ਵਿਚ ਭਾਰੀ ਦਿੱਕਤ ਮਹਿਸੂਸ ਹੁੰਦੀ ਹੈ ਅਤੇ ਕਈ ਵਿਅਕਤੀਆਂ ਨੂੰ ਚਮੜੀ ਦੇ ਰੋਗਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ।