ਕਿਹਾ : ਮੋਦੀ ਨੂੰ ਗਰੀਬਾਂ ‘ਤੇ ਮੁਫਤ ਰਾਸ਼ਨ ਦੇਣ ਦਾ ਅਹਿਸਾਨ ਨਹੀਂ ਜਤਾਉਣਾ ਚਾਹੀਦਾ
ਚੰਡੀਗੜ੍ਹ : ਬਹੁਜਨ ਸਮਾਜ ਪਾਰਟੀ ਮੁਖੀ ਮਾਇਆਵਤੀ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਗ਼ਰੀਬਾਂ ਨੂੰ ਮੁਫ਼ਤ ਰਾਸ਼ਨ ਆਪਣੇ ਪੱਲੀਓਂ ਨਹੀਂ ਦੇ ਰਹੀ ਕਿਉਂਕਿ ਇਹ ਟੈਕਸ ਦੇਣ ਵਾਲਿਆਂ ਦਾ ਪੈਸਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗ਼ਰੀਬਾਂ ‘ਤੇ ਮੁਫਤ ਰਾਸ਼ਨ ਦੇਣ ਦਾ ਅਹਿਸਾਨ ਨਹੀਂ ਜਤਾਉਣਾ ਚਾਹੀਦਾ।
ਉਨ੍ਹਾਂ ਗ਼ਰੀਬ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੁਫ਼ਤ ਰਾਸ਼ਨ ਲਈ ਭਾਜਪਾ ਨੂੰ ਵੋਟ ਦੇਣ ਲਈ ਮਜ਼ਬੂਰ ਨਾ ਹੋਣ।
ਉਨ੍ਹਾਂ ਕਿਹਾ ਕਿ ਪਿਛਲੇ ਕੁੱਝ ਸਮੇਂ ਤੋਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਗ਼ਰੀਬ ਪਰਿਵਾਰਾਂ ਨੂੰ ਥੋੜ੍ਹਾ ਜਿਹਾ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਹਰਿਆਣਾ ਦੇ ਕਰਨਾਲ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮਾਇਆਵਤੀ ਨੇ ਕਿਹਾ, ”ਚੋਣਾਂ ਦੌਰਾਨ ਭਾਜਪਾ ਤੇ ਆਰਐੱਸਐੱਸ ਦੇ ਲੋਕ ਹਰੇਕ ਪਿੰਡ ਵਿੱਚ ਜਾਂਦੇ ਹਨ ਅਤੇ ਮੁਫਤ ਰਾਸ਼ਨ ਲੈਣ ਵਾਲੇ ਲੋਕਾਂ ਨੂੰ ਕਹਿ ਰਹੇ ਹਨ ਕਿ ਭਾਜਪਾ ਤੇ ਨਰਿੰਦਰ ਮੋਦੀ ਸਰਕਾਰ ਵੱਲੋਂ ਉਨ੍ਹਾਂ ਨੂੰ ਮੁਫ਼ਤ ਰਾਸ਼ਨ ਦਿੱਤਾ ਜਾ ਰਿਹਾ ਹੈ।
ਉਹ ਭਾਜਪਾ ਨੂੰ ਵੋਟ ਪਾ ਕੇ ਅਹਿਸਾਨ ਚੁਕਾਉਣ ਲਈ ਕਹਿੰਦੇ ਹਨ।” ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਗ਼ਰੀਬਾਂ ਨੂੰ ਇਸ ਤੋਂ ਗੁਮਰਾਹ ਨਹੀਂ ਹੋਣਾ ਚਾਹੀਦਾ ਕਿਉਂਕਿ ਜੋ ਮੁਫ਼ਤ ਰਾਸ਼ਨ ਦਿੱਤਾ ਜਾ ਰਿਹਾ ਹੈ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਭਾਜਪਾ ਦੀਆਂ ਜੇਬਾਂ ਵਿੱਚੋਂ ਨਹੀਂ, ਸਗੋਂ ਕਰਦਾਤਿਆਂ ਦੇ ਪੈਸੇ ਨਾਲ ਮਿਲ ਰਿਹਾ ਹੈ।”
ਹਰਿਆਣਾ ਵਿੱਚ ਬਸਪਾ ਦੇ ਲੋਕ ਸਭਾ ਉਮੀਦਵਾਰਾਂ ਦੇ ਹੱਕ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਮਾਇਆਵਤੀ ਨੇ ਕਿਹਾ, ”ਮੈਂ ਮੁਫ਼ਤ ਰਾਸ਼ਨ ਲੈਣ ਵਾਲੇ ਗ਼ਰੀਬ ਲੋਕਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਭਾਜਪਾ ਜਾਂ ਮੋਦੀ ਆਪਣੇ ਪੱਲਿਓਂ ਮੁਫ਼ਤ ਰਾਸ਼ਨ ਨਹੀਂ ਦੇ ਰਹੇ, ਸਗੋਂ ਕਰਦਾਤਿਆਂ ਦੇ ਪੈਸਿਆਂ ਨਾਲ ਦਿੱਤਾ ਜਾ ਰਿਹਾ ਹੈ।” ਕਰਨਾਲ ਲੋਕ ਸਭਾ ਹਲਕੇ ਤੋਂ ਬਸਪਾ ਆਗੂ ਇੰਦਰ ਸਿੰਘ ਚੋਣ ਲੜ ਰਹੇ ਹਨ। ਮਾਇਆਵਤੀ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਗ਼ਰੀਬਾਂ ਦੀਆਂ ਸਮੱਸਿਆਵਾਂ ਦਾ ਅੰਤ ਸਿਰਫ਼ ਉਨ੍ਹਾਂ ਨੂੰ ਰੁਜ਼ਗਾਰ ਦੇਣ ਨਾਲ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਬਸਪਾ ਨੂੰ ਸਰਕਾਰ ਬਣਾਉਣ ਦਾ ਮੌਕਾ ਮਿਲਿਆ ਤਾਂ ਉਹ ਇਸ ਪਾਸੇ ਧਿਆਨ ਦੇਣਗੇ। ਕੇਂਦਰ ਨੇ ਪਿਛਲੇ ਸਾਲ ਨਵੰਬਰ ਵਿੱਚ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਅਗਲੇ ਪੰਜ ਸਾਲਾਂ ਲਈ ਵਧਾ ਦਿੱਤੀ ਹੈ। ਇਸ ਯੋਜਨਾ ਤਹਿਤ ਦੇਸ਼ ਦੇ 81.35 ਕਰੋੜ ਗ਼ਰੀਬਾਂ ਨੂੰ ਹਰ ਮਹੀਨੇ 5 ਕਿਲੋਗ੍ਰਾਮ ਅਨਾਜ ਦਿੱਤਾ ਜਾਂਦਾ ਹੈ। ਸਿਆਸੀ ਵਿਰੋਧੀ ‘ਤੇ ਹਮਲਾ ਬੋਲਦਿਆਂ ਬਸਪਾ ਪ੍ਰਧਾਨ ਨੇ ਆਰੋਪ ਲਾਇਆ ਕਿ ਕਾਂਗਰਸ ਵਾਂਗ ਹੀ ਭਾਜਪਾ ਨੇ ਕੇਂਦਰੀ ਜਾਂਚ ਏਜੰਸੀਆਂ ਦਾ ਸਿਆਸੀਕਰਨ ਕਰ ਦਿੱਤਾ ਹੈ। ਉਨ੍ਹਾਂ ਵੋਟਰਾਂ ਨੂੰ ਕਾਂਗਰਸ, ਭਾਜਪਾ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਵੋਟ ਨਾ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਪਾਰਟੀਆਂ ਸੱਤਾਂ ਵਿੱਚ ਆਉਣ ਲਈ ਹਰ ਹਥਕੰਡਾ ਵਰਤਣਗੀਆਂ।
ਮਾਇਆਵਤੀ ਨੇ ਕਿਹਾ, ”ਭਾਜਪਾ ਅਮੀਰ ਪਾਰਟੀ ਬਣ ਗਈ ਹੈ ਪਰ ਗ਼ਰੀਬਾਂ, ਦਲਿਤਾਂ ਅਤੇ ਪੱਛੜੇ ਵਰਗਾਂ ਲਈ ਕੁੱਝ ਨਹੀਂ ਕੀਤਾ।” ਉਨ੍ਹਾਂ ਕਿਹਾ ਕਿ ਭਾਜਪਾ ਨੇ ਖੋਖਲੀਆਂ ਗਾਰੰਟੀਆਂ ਦਿੱਤੀਆਂ ਹਨ।
Check Also
ਚੰਡੀਗੜ੍ਹ ਗਰਨੇਡ ਹਮਲੇ ਦਾ ਇਕ ਆਰੋਪੀ ਗਿ੍ਫ਼ਤਾਰ
ਆਰੋਪੀ ਕੋਲੋਂ ਇਕ ਪਿਸਤੌਲ ਸਮੇਤ ਗੋਲਾ ਬਾਰੂਦ ਵੀ ਹੋਇਆ ਬਰਾਮਦ ਚੰਡੀਗੜ੍ਹ/ਬਿਊਰੋ ਨਿਊਜ਼ : ਚੰਡੀਗੜ੍ਹ ਦੇ …