18.5 C
Toronto
Sunday, September 14, 2025
spot_img
Homeਪੰਜਾਬਕਿਸਾਨ-ਮਜ਼ਦੂਰਾਂ ਦੀ ਸਾਂਝ ਹੋਰ ਪਕੇਰੀ ਕਰਨ ਦਾ ਸੱਦਾ

ਕਿਸਾਨ-ਮਜ਼ਦੂਰਾਂ ਦੀ ਸਾਂਝ ਹੋਰ ਪਕੇਰੀ ਕਰਨ ਦਾ ਸੱਦਾ

ਕਿਸਾਨ ਅੰਦੋਲਨ ਨੂੰ ਵਿਦੇਸ਼ਾਂ ‘ਚੋਂ ਮਿਲ ਰਹੀ ਹਮਾਇਤ ਤੋਂ ਮੋਦੀ ਸਰਕਾਰ ਘਬਰਾਈ: ਜੋਗਿੰਦਰ ਸਿੰਘ ਉਗਰਾਹਾਂ
ਜਲੰਧਰ/ਬਿਊਰੋ ਨਿਊਜ਼ : ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਹੇਠ ਮਜ਼ਦੂਰ ਕਿਸਾਨ ਸੰਘਰਸ਼ ਹਮਾਇਤੀ ਕਮੇਟੀ ਨੇ ਮੁਠੱਡਾ ਕਲਾਂ ਵਿੱਚ ਕੀਤੇ ਇੱਕਠ ਦੌਰਾਨ ਮਜ਼ਦੂਰਾਂ ਦੀ ਕਿਸਾਨਾਂ ਨਾਲ ਸਾਂਝ ਹੋਰ ਪਕੇਰੀ ਕਰਨ ਦਾ ਸੱਦਾ ਦਿੱਤਾ। ‘ਮਜ਼ਦੂਰ ਕਿਸਾਨ ਏਕਤਾ ਮਹਾਰੈਲੀ’ ਨੂੰ ਸੰਬੋਧਨ ਕਰਦਿਆਂ ਬੀਕੇਯੂ ਏਕਤਾ (ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਲੋਕ ਅੰਦੋਲਨ ਵਿੱਚ ਬਦਲ ਚੁੱਕੇ ਕਿਸਾਨੀ ਸੰਘਰਸ਼ ਨੇ ਨੈਤਿਕ ਤੌਰ ‘ਤੇ ਜਿੱਤ ਪ੍ਰਾਪਤ ਕਰ ਲਈ ਹੈ ਅਤੇ ਇਸ ਅੰਦੋਲਨ ਨੂੰ ਦੁਨੀਆ ਭਰ ਤੋਂ ਮਿਲ ਰਹੀ ਹਮਾਇਤ ਕਾਰਨ ਕੇਂਦਰ ਸਰਕਾਰ ਡਰੀ ਬੈਠੀ ਹੈ। ਉਨ੍ਹਾਂ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੀਆਂ ਜਾ ਰਹੀਆਂ ਦਲੀਲਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਹਰੀ ਕ੍ਰਾਂਤੀ ਵੇਲੇ ਬਣੇ ਕਾਨੂੰਨ ਵਿੱਚ ਵੀ ਇਹ ਗੱਲ ਨਹੀਂ ਕਹੀ ਗਈ ਸੀ ਕਿ ਕਿਸਾਨਾਂ ਦੀਆਂ ਜ਼ਮੀਨਾਂ ਚਲੀਆਂ ਜਾਣਗੀਆਂ। ਸਾਲ 2014 ਤੱਕ 2 ਲੱਖ ਤੋਂ ਵੱਧ ਕਿਸਾਨ ਜ਼ਮੀਨਾਂ ਵੇਚ ਕੇ ਖੇਤੀ ਦੇ ਧੰਦੇ ਵਿੱਚੋਂ ਲਾਂਭੇ ਹੋ ਚੁੱਕੇ ਹਨ। ਜੋਗਿੰਦਰ ਸਿੰਘ ਨੇ ਕਿਹਾ ਕਿ ਹਰੀ ਕ੍ਰਾਂਤੀ ਨਾਲ ਮਜ਼ਦੂਰਾਂ ਤੇ ਕਿਸਾਨਾਂ ਦਾ ਰਿਸ਼ਤਾ ਟੁੱਟ ਗਿਆ ਹੈ। ਕਿਸਾਨਾਂ ਦੀ ਜ਼ਮੀਨ ਦਾ ਚੱਪਾ-ਚੱਪਾ ਕਰਜ਼ਈ ਹੋਇਆ ਪਿਆ ਹੈ। ਇਸੇ ਤਰ੍ਹਾਂ ਹੀ ਨਵੇਂ ਖੇਤੀ ਕਾਨੂੰਨਾਂ ਵਿੱਚ ਭਾਵੇਂ ਜ਼ਮੀਨਾਂ ਖੁੱਸਣ ਦਾ ਜ਼ਿਕਰ ਨਹੀਂ ਕੀਤਾ ਗਿਆ ਪਰ ਹਕੀਕਤ ਵਿੱਚ ਕਾਨੂੰਨ ਲਾਗੂ ਹੋਣ ਨਾਲ ਖੇਤੀਬਾੜੀ ਦਾ ਧੰਦਾ ਤਬਾਹ ਹੋ ਜਾਵੇਗਾ ਤੇ ਜ਼ਮੀਨਾਂ ਪੂੰਜੀਪਤੀਆਂ ਕੋਲ ਚਲੀਆਂ ਜਾਣਗੀਆਂ। ਉਗਰਾਹਾਂ ਧੜੇ ਦੀ ਦੋਆਬੇ ਵਿੱਚ ਇਹ ਪਹਿਲੀ ਰੈਲੀ ਸੀ। ਮਜ਼ਦੂਰ ਅਧਿਕਾਰ ਸੰਗਠਨ ਨਵੀਂ ਦਿੱਲੀ ਦੀ ਆਗੂ ਨੌਦੀਪ ਕੌਰ ਨੇ ਕਿਹਾ ਕਿ ਲੋਕ ਦੁਸ਼ਮਣ ਪ੍ਰਬੰਧ ਖਿਲਾਫ ਔਰਤਾਂ ਮਰਦਾਂ ਨੂੰ ਮੋਢੇ ਨਾਲ ਮੋਢਾ ਜੋੜ ਕੇ ਲੰਮੀ ਜੱਦੋ-ਜਹਿਦ ਲਈ ਤਿਆਰ ਰਹਿਣ ਦੀ ਲੋੜ ਹੈ। ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਪੰਜਾਬ ਦੀ ਕਿਸਾਨੀ ਤੇ ਜਵਾਨੀ ਜਾਗ ਉੱਠੀ ਹੈ ਅਤੇ ਇਹ ਨਵਾਂ ਇਤਿਹਾਸ ਸਿਰਜ ਰਹੀ ਹੈ। ਬੀਕੇਯੂ ਏਕਤਾ (ਉਗਰਾਹਾਂ) ਦੇ ਔਰਤ ਵਿੰਗ ਦੀ ਆਗੂ ਹਰਿੰਦਰ ਕੌਰ ਬਿੰਦੂ ਨੇ ਕਿਹਾ ਕਿ ਕਾਲੇ ਖੇਤੀ ਕਾਨੂੰਨਾਂ ਖਿਲਾਫ ਘੋਲ ਦੀ ਡੂੰਘੀ, ਮਜ਼ਬੂਤ ਨੀਂਹ ਉਸਾਰਨ ਵਿੱਚ ਔਰਤਾਂ ਦੀ ਸਿਰੜੀ ਘਾਲਣਾ ਮੋਰਚੇ ਨੂੰ ਫ਼ਤਹਿ ਹਾਸਲ ਕਰਵਾ ਕੇ ਰਹੇਗੀ। ਆਜ਼ਾਦ ਕਿਸਾਨ ਕਮੇਟੀ ਦੋਆਬਾ ਦੇ ਪ੍ਰਧਾਨ ਹਰਪਾਲ ਸਿੰਘ ਸੰਘਾ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਵਿੱਤ ਸਕੱਤਰ ਹਰਮੇਸ਼ ਮਾਲੜੀ, ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ) ਦੇ ਪ੍ਰਧਾਨ ਅਮੋਲਕ ਸਿੰਘ, ਦੇਸ਼ ਭਗਤ ਜਮਹੂਰੀ ਲਹਿਰ ਦੇ ਆਗੂ ਸੁਰਿੰਦਰ ਕੁਮਾਰੀ ਕੋਛੜ, ਡਾ. ਪਰਮਿੰਦਰ ਸਿੰਘ ਅਤੇ ਨਾਮਧਾਰੀ ਲਹਿਰ ਦੇ ਖੋਜੀ ਲੇਖਕ ਸਵਰਨ ਸਿੰਘ ਵਿਰਕ ਸਮੇਤ ਹੋਰ ਆਗੂਆਂ ਨੇ ਭਰਾਤਰੀ ਸਾਂਝ ਦੀਆਂ ਤੰਦਾਂ ਮਜ਼ਬੂਤ ਕਰਨ ਦਾ ਸੱਦਾ ਦਿੱਤਾ।

RELATED ARTICLES
POPULAR POSTS