Breaking News
Home / ਪੰਜਾਬ / ਸਿੰਘੂ ਬਾਰਡਰ ‘ਤੇ ਕਿਸਾਨ ਪੱਕੇ ਮਕਾਨ ਬਣਾਉਣ ਲੱਗੇ

ਸਿੰਘੂ ਬਾਰਡਰ ‘ਤੇ ਕਿਸਾਨ ਪੱਕੇ ਮਕਾਨ ਬਣਾਉਣ ਲੱਗੇ

ਨਵੀਂ ਦਿੱਲੀ/ਬਿਊਰੋ ਨਿਊਜ਼ : ਸਿੰਘੂ ਬਾਰਡਰ ‘ਤੇ ਡਟੇ ਕਿਸਾਨਾਂ ਨੇ ਪੱਕੀਆਂ ਇੱਟਾਂ ਨਾਲ ਮਕਾਨ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਕਿਸਾਨਾਂ ਨੇ ਦੱਸਿਆ ਕਿ ਗਰਮੀ ਦੇ ਮੌਸਮ ਵਿੱਚ ਤਰਪਾਲਾਂ ਵਾਲੇ ਤੰਬੂਆਂ ਵਿੱਚ ਬੈਠਣਾ ਜਾਂ ਸੌਣਾ ਔਖਾ ਹੈ ਜਿਸ ਕਰਕੇ ਉਨ੍ਹਾਂ ਇੱਟਾਂ ਨਾਲ ਝੌਂਪੜੀਆਂ ਬਣਾ ਲਈਆਂ ਹਨ। ਕਿਸਾਨਾਂ ਨੇ ਜਿਹੜੇ ਤੰਬੂ ਠੰਢ ਤੋਂ ਬਚਣ ਲਈ ਬਣਾਏ ਸਨ, ਹੁਣ ਉਨ੍ਹਾਂ ਨੂੰ ਗਰਮੀ ਦੇ ਮੌਸਮ ਮੁਤਾਬਕ ਤਿਆਰ ਕੀਤਾ ਜਾ ਰਿਹਾ ਹੈ। ਟਰਾਲੀਆਂ ਵਿੱਚ ਕੂਲਰ ਅਤੇ ਪੱਖੇ ਲਾਉਣ ਲਈ ਲੋਹੇ ਦੀਆਂ ਰਾਡਾਂ ਤੇ ਬਾਂਸ ਦੀਆਂ ਬੱਲੀਆਂ ਲਾਈਆਂ ਗਈਆਂ ਹਨ। ਤਰਪਾਲਾਂ ਕੱਟ ਕੇ ਹਵਾ ਲਈ ਮਘੋਰੇ ਬਣਾਏ ਗਏ ਹਨ ਜਿਨ੍ਹਾਂ ਵਿੱਚ ਲੋਹੇ ਜਾਂ ਪਲਾਸਟਿਕ ਦੀਆਂ ਜਾਲੀਆਂ ਲਾ ਦਿੱਤੀਆਂ ਗਈਆਂ ਹਨ। ਦਾਨੀ ਸੱਜਣਾਂ ਵੱਲੋਂ ਕੂਲਰ ਅਤੇ ਪੱਖੇ ਵੀ ਕਿਸਾਨਾਂ ਨੂੰ ਦਿੱਤੇ ਜਾ ਰਹੇ ਹਨ। ਗਾਜ਼ੀਪੁਰ ‘ਚ ਵੀ ਕਿਸਾਨ ਟਰਾਲੀ ਭਰ ਕੇ ਪੱਖੇ ਲਿਆਏ ਅਤੇ ਉਨ੍ਹਾਂ ਹਰੇਕ ਤੰਬੂ ਵਿੱਚ ਇੱਕ-ਇੱਕ ਪੱਖਾ ਦਿੱਤਾ। ਇਥੇ ਜਗਤਾਰ ਸਿੰਘ ਬਾਜਵਾ ਨੇ ਦੱਸਿਆ ਕਿ ਕਿਸਾਨਾਂ ਨੇ ਲੋਹੇ ਦੇ ਪਾਈਪਾਂ ਵਾਲੇ ਟੈਂਟਾਂ ਵਿੱਚ ਜਾਲੀਆਂ ਲਾ ਕੇ ਮੱਛਰਾਂ ਅਤੇ ਗਰਮੀ ਤੋਂ ਰਾਹਤ ਦਾ ਪ੍ਰਬੰਧ ਕਰ ਲਿਆ ਹੈ।
ਮਕਾਨ ਬਣਾਉਣ ਵਾਲਿਆਂ ਖ਼ਿਲਾਫ਼ ਕੇਸ ਦਰਜ
ਨਵੀਂ ਦਿੱਲੀ : ਕਿਸਾਨਾਂ ਵੱਲੋਂ ਨਵੇਂ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੇ ਸਿੰਘੂ ਬਾਰਡਰ ‘ਤੇ ਲਾਏ ਗਏ ਮੋਰਚਿਆਂ ‘ਤੇ ਹੁਣ ਪੱਕੇ ਮਕਾਨ ਬਣਾਉਣ ਦੀ ਕਾਰਵਾਈ ਸਬੰਧੀ ਸੋਨੀਪਤ (ਹਰਿਆਣਾ) ਜ਼ਿਲ੍ਹੇ ਦੇ ਪ੍ਰਸ਼ਾਸਨ ਨੇ ਸਖ਼ਤੀ ਵਰਤਦਿਆਂ ਕਿਸਾਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਕਿਸਾਨਾਂ ਨੇ ਕੌਮੀ ਸ਼ਾਹਰਾਹ ਨੰਬਰ-1 ‘ਤੇ ਸੋਨੀਪਤ ਜ਼ਿਲ੍ਹੇ ਦੇ ਕੁੰਡਲੀ ਕਸਬੇ ਵਿੱਚ ਪੈਂਦੇ ਖੇਤਰ ‘ਚ ਕੇਐੱਫਸੀ ਮਾਲ ਨੇੜੇ ਪੱਕੇ ਮਕਾਨ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਪਿਆਊ ਮਨਿਆਰੀ ਵਾਲੇ ਪਾਸੇ ਅਤੇ ਸਿੰਘੂ ਵੱਲ ਨੂੰ ਜਾਂਦਿਆਂ ਕਰੀਬ 25 ਮਕਾਨ ਉਸਾਰੇ ਗਏ ਹਨ। ਇਨ੍ਹਾਂ ਝੌਪੜੀਨੁਮਾ ਘਰਾਂ ਦੀਆਂ ਕੰਧਾਂ ਪੱਕੀਆਂ ਇੱਟਾਂ ਨਾਲ ਬਣਾਈਆਂ ਜਾ ਰਹੀਆਂ ਹਨ ਅਤੇ ਉੱਪਰ ਛੱਤਾਂ ਸਲਵਾੜ ਨਾਲ ਪਾਈਆਂ ਜਾ ਰਹੀਆਂ ਹਨ। ਟਿਕਰੀ ਮੋਰਚੇ ‘ਤੇ ਵੀ ਕਿਸਾਨ ਸੋਸ਼ਲ ਆਰਮੀ ਨੇ ਅਜਿਹੇ ਮਕਾਨ ਬਣਾਏ ਹਨ। ਕਿਸਾਨ ਸੋਸ਼ਲ ਆਰਮੀ ਦੇ ਆਗੂ ਅਨਿਲ ਮਲਿਕ ਨੇ ਕਿਹਾ ਕਿ ਅਜਿਹੇ ਕਰੀਬ 1000 ਮਕਾਨ ਬਣਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ। ਉੱਧਰ, ਕੌਮੀ ਸ਼ਾਹਰਾਹ ਅਥਾਰਿਟੀ ਅਤੇ ਕੁੰਡਲੀ ਨਗਰ ਕੌਂਸਲ ਦੀ ਸ਼ਿਕਾਇਤ ‘ਤੇ ਨਿਯਮਾਂ ਖਿਲਾਫ ਜਾ ਕੇ ਕੌਮੀ ਸ਼ਾਹਰਾਹ ‘ਤੇ ਪੱਕੀਆਂ ਉਸਾਰੀਆਂ ਕਰਨ ਦੇ ਦੋਸ਼ ਹੇਠ ਕੁੰਡਲੀ ਥਾਣੇ ਵਿੱਚ ਕਿਸਾਨਾਂ ਖਿਲਾਫ ਇਕ ਕੇਸ ਦਰਜ ਕੀਤਾ ਗਿਆ ਹੈ। ਕੌਮੀ ਸ਼ਾਹਰਾਹ ਅਥਾਰਿਟੀ ਦੇ ਪ੍ਰਾਜੈਕਟ ਅਧਿਕਾਰੀ ਆਨੰਦ ਤੇ ਕੌਂਸਲ ਦੇ ਅਧਿਕਾਰੀ ਪਵਨ ਦੀ ਸ਼ਿਕਾਇਤ ‘ਤੇ ਇਹ ਕੇਸ ਦਰਜ ਕੀਤਾ ਗਿਆ ਹੈ। ਪੱਕੇ ਮੋਰਚੇ ‘ਤੇ ਬੈਠੇ ਕਿਸਾਨਾਂ ਨੇ ਟਿਕਰੀ ਤੇ ਸਿੰਘੂ ਵਿੱਚ ਟਿਊਬਵੈੱਲ ਲਾਉਣੇ ਵੀ ਸ਼ੁਰੂ ਕਰ ਦਿੱਤੇ ਹਨ।

Check Also

ਸੰਤ ਬਲਬੀਰ ਸਿੰਘ ਸੀਚੇਵਾਲ ਨੇ ਜਲੰਧਰ ਦੇ ਪਾਸਪੋਰਟ ਦਫਤਰ ਖਿਲਾਫ ਕੀਤੀ ਸ਼ਿਕਾਇਤ

ਸਰਕਾਰ ਦੇ ਨਿਯਮਾਂ ਦੀ ਅਣਦੇਖੀ ਹੋਣ ਦੇ ਵੀ ਸੰਤ ਸੀਚੇਵਾਲ ਨੇ ਲਗਾਏ ਆਰੋਪ ਜਲੰਧਰ/ਬਿਊਰੋ ਨਿਊਜ਼ …