ਸੀਚੇਵਾਲ ਨੇ 70 ਹੋਰ ਮੁਟਿਆਰਾਂ ਨੂੰ ਵਾਪਸ ਲਿਆਉਣ ਲਈ ਵਿਦੇਸ਼ ਮੰਤਰਾਲੇ ਨੂੰ ਲਿਖਿਆ ਸੀ ਪੱਤਰ
ਜਲੰਧਰ/ਬਿਊਰੋ ਨਿਊਜ਼ : ਓਮਾਨ ਵਿੱਚ ਫਸੀਆਂ ਪੰਜ ਪੰਜਾਬੀ ਮੁਟਿਆਰਾਂ ਨੂੰ ਸੁਰੱਖਿਅਤ ਭਾਰਤ ਲਿਆਂਦਾ ਗਿਆ ਹੈ। ਇਨ੍ਹਾਂ ਵਿੱਚੋਂ ਇੱਕ ਜਲੰਧਰ ਜ਼ਿਲ੍ਹੇ ਨਾਲ ਸਬੰਧਤ ਹੈ। ਉਸ ਨੇ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਪਹੁੰਚ ਕੇ ਆਪਣੀ ਹੱਡਬੀਤੀ ਸੁਣਾਈ। ਉਸ ਨੇ ਕਿਹਾ ਕਿ ਜੇਕਰ ਸੰਤ ਸੀਚੇਵਾਲ ਸਮੇਂ ਸਿਰ ਮਦਦ ਨਾ ਕਰਦੇ ਤਾਂ ਸ਼ਾਇਦ ਵਾਪਸੀ ਸੰਭਵ ਨਾ ਹੁੰਦੀ। ਪੀੜਤਾ ਦੇ ਪਰਿਵਾਰਕ ਮੈਂਬਰਾਂ ਨੇ 16 ਦਸੰਬਰ ਨੂੰ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਨਾਲ ਸੰਪਰਕ ਕੀਤਾ ਸੀ। ਰਾਜ ਸਭਾ ਮੈਂਬਰ ਵੱਲੋਂ ਫੌਰੀ ਵਿਦੇਸ਼ ਮੰਤਰਾਲੇ ਕੋਲ ਮਾਮਲਾ ਉਠਾਉਣ ਮਗਰੋਂ ਪੀੜਤਾ ਦੀ 14 ਦਿਨਾਂ ਦੇ ਅੰਦਰ ਸੁਰੱਖਿਅਤ ਵਾਪਸੀ ਹੋ ਸਕੀ ਹੈ। ਪੀੜਤਾ ਨੇ ਦੱਸਿਆ ਕਿ ਉਹ 30 ਦਸੰਬਰ ਨੂੰ ਚਾਰ ਹੋਰ ਲੜਕੀਆਂ ਨਾਲ ਭਾਰਤ ਪਹੁੰਚੀ ਸੀ। ਸੰਤ ਸੀਚੇਵਾਲ ਨੇ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖ ਕੇ ਓਮਾਨ ਵਿੱਚ ਫਸੀਆਂ 70 ਭਾਰਤੀ ਲੜਕੀਆਂ ਦੀ ਸੁਰੱਖਿਅਤ ਵਾਪਸੀ ਦੀ ਅਪੀਲ ਕੀਤੀ ਸੀ। ਪੀੜਤਾ ਨੇ ਦੱਸਿਆ ਕਿ ਉੱਥੇ ਉਸ ਨੂੰ ਜਬਰਨ ਗਲਤ ਕੰਮਾਂ ਲਈ ਮਜਬੂਰ ਕੀਤਾ ਗਿਆ। ਜਦੋਂ ਉਸ ਨੇ ਭਾਰਤ ਵਾਪਸ ਜਾਣ ਦੀ ਮੰਗ ਕੀਤੀ ਤਾਂ ਦੋ ਲੱਖ ਰੁਪਏ ਜਾਂ ਭਾਰਤ ਤੋਂ ਦੋ ਹੋਰ ਲੜਕੀਆਂ ਭੇਜਣ ਦਾ ਦਬਾਅ ਬਣਾਇਆ ਗਿਆ।
ਉਸ ਨੇ ਦੱਸਿਆ ਕਿ ਓਮਾਨ ਵਿੱਚ ਲਗਪਗ 70 ਹੋਰ ਭਾਰਤੀ ਲੜਕੀਆਂ ਅਜਿਹੇ ਹਾਲਾਤ ‘ਚ ਫਸੀਆਂ ਹੋਈਆਂ ਸਨ। ਪੀੜਤਾ ਨੇ ਕਿਹਾ ਕਿ ਓਮਾਨ ਦੇ ਹਾਲਾਤ ਲੜਕੀਆਂ ਲਈ ਸੁਰੱਖਿਅਤ ਨਹੀਂ ਹਨ। ਰਾਜ ਮੈਂਬਰ ਸੰਤ ਸੀਚੇਵਾਲ ਨੇ ਕਿਹਾ ਕਿ ਅਰਬ ਦੇਸ਼ਾਂ ਵਿੱਚ ਭਾਰਤੀ ਲੜਕੀਆਂ ਦਾ ਸ਼ੋਸ਼ਣ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਨੇ ਓਮਾਨ ਵਿੱਚ ਫਸੀਆਂ ਲਗਪਗ 70 ਲੜਕੀਆਂ ਦੀ ਵਾਪਸੀ ਲਈ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖਿਆ ਸੀ, ਜਿਸ ਕਾਰਨ ਪੰਜ ਲੜਕੀਆਂ ਦੀ ਸੁਰੱਖਿਅਤ ਵਾਪਸੀ ਸੰਭਵ ਹੋਈ ਹੈ।

