ਬਠਿੰਡਾ/ਬਿਊਰੋ ਨਿਊਜ਼ : ਬਠਿੰਡਾ ਦੇ ਹਵਾਈ ਅੱਡੇ ਤੋਂ ਬਠਿੰਡਾ-ਦਿੱਲੀ-ਬਠਿੰਡਾ ਉਡਾਣ ਸ਼ੁਰੂ ਹੋ ਗਈ ਹੈ। ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਪੀ. ਅਸ਼ੋਕ ਗਜਪਤੀ ਰਾਜੂ ਨੇ ਪਿੰਡ ਵਿਰਕ ਕਲਾਂ ਵਿੱਚ ਕਰੀਬ ਚਾਰ ਵਰ੍ਹੇ ਪਹਿਲਾਂ ਮੁਕੰਮਲ ਹੋਏ ਹਵਾਈ ਅੱਡੇ ਦਾ ਉਦਘਾਟਨ ਕੀਤਾ। ਹਵਾਬਾਜ਼ੀ ਮੰਤਰੀ ਨੇ ਉਦਘਾਟਨ ਮਗਰੋਂ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਇਸ ਤਰ੍ਹਾਂ ਦੇ ਨਮੂਨੇ ਦੇ ਵਿਕਾਸ ਲਈ ਪੰਜਾਬ ਵਿੱਚ ਮੁੜ ਤੋਂ ਅਕਾਲੀ-ਭਾਜਪਾ ਗਠਜੋੜ ਨੂੰ ਤਾਕਤ ਦੇਣ।
ਕੇਂਦਰੀ ਮੰਤਰੀ ਗਜਪਤੀ ਰਾਜੂ, ਕੇਂਦਰੀ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਜੈਯੰਤ ਸਿਨਹਾ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਵਿਜੇ ਸਾਂਪਲਾ ਦਿੱਲੀ ਤੋਂ ਆਈ ਪਲੇਠੀ ਉਡਾਣ ਵਿੱਚ ਬੈਠ ਕੇ ਬਠਿੰਡਾ ਹਵਾਈ ਅੱਡੇ ‘ਤੇ ਪੁੱਜੇ। ਏਅਰ ਇੰਡੀਆ ਦੀ ਅਲਾਇੰਸ ਏਅਰ ਵੱਲੋਂ ਹਫ਼ਤੇ ਵਿੱਚੋਂ ਤਿੰਨ ਦਿਨ ਬਠਿੰਡਾ-ਦਿੱਲੀ ਉਡਾਣ ਚਲਾਈ ਜਾਣੀ ਹੈ। ਕੇਂਦਰੀ ਹਵਾਬਾਜ਼ੀ ਮੰਤਰੀ ਪੀ.ਅਸ਼ੋਕ ਗਜਪਤੀ ਰਾਜੂ ਨੇ ਆਖਿਆ ਕਿ ਦੇਸ਼ ਵਿੱਚ ਖੇਤਰੀ ਸੰਪਰਕ ਵਾਲੇ ਕਰੀਬ 32 ਹਵਾਈ ਅੱਡੇ ਹਨ, ਜਿਨ੍ਹਾਂ ‘ਚੋਂ ਬਠਿੰਡਾ ਏਅਰਪੋਰਟ ਨੂੰ ਚਾਲੂ ਕਰ ਦਿੱਤਾ ਗਿਆ ਹੈ ਅਤੇ ਬਾਕੀ ਵੀ ਡੇਢ ਵਰ੍ਹੇ ਵਿੱਚ ਚਾਲੂ ਕਰ ਦਿੱਤੇ ਜਾਣਗੇ। ਉਨ੍ਹਾਂ ਆਖਿਆ ਕਿ ਨੋਟਬੰਦੀ ਦਾ ਹਵਾਈ ਸਫ਼ਰ ‘ਤੇ ਕੋਈ ਅਸਰ ਨਹੀਂ ਪਿਆ ਹੈ ਕਿਉਂਕਿ ਹਵਾਈ ਟਿਕਟਾਂ ਦੀ ਬੁਕਿੰਗ ਆਨਲਾਈਨ ਹੀ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਵਿੱਚ ਹਵਾਈ ਸਫ਼ਰ ਦੀ ਬੁਕਿੰਗ ਵਿੱਚ 20 ਫੀਸਦੀ ਦਾ ਵਾਧਾ ਹੋਇਆ ਹੈ। ਕੇਂਦਰੀ ਮੰਤਰੀ ઠਨੇ ਆਖਿਆ ਕਿ ਇੱਕ ਅਪਰੈਲ ਤੋਂ ਅੰਮ੍ਰਿਤਸਰ-ਬਰਮਿੰਘਮ ਸਿੱਧੀ ਉਡਾਣ ਸ਼ੁਰੂ ਹੋ ਰਹੀ ਹੈ। ਪਠਾਨਕੋਟ ਤੇ ਲੁਧਿਆਣਾ ਦਾ ਪਸਾਰ ਵੀ ਖੇਤਰੀ ਸੰਪਰਕ ਨੀਤੀ ਤਹਿਤ ਕੀਤਾ ਜਾ ਰਿਹਾ ਹੈ। ਕੇਂਦਰੀ ਮੰਤਰੀ ਨੇ ਆਖਿਆ ਕਿ ਆਉਂਦੇ ਸਮੇਂ ਵਿੱਚ ਬਠਿੰਡਾ ਏਅਰਪੋਰਟ ਤੋਂ ਉਡਾਣਾਂ ਦੀ ਗਿਣਤੀ ਵਿੱਚ ਵੀ ਵਾਧਾ ਕਰ ਦਿੱਤਾ ਜਾਵੇਗਾ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਆਦਮਪੁਰ ਹਵਾਈ ਅੱਡੇ ਦਾ ਨੀਂਹ ਪੱਥਰ ਵੀ ਜਲਦੀ ਰੱਖਿਆ ਜਾ ਰਿਹਾ ਹੈ, ਜਿਸ ਲਈ ਜਗ੍ਹਾ ਵੀ ਅਲਾਟ ਕਰ ਦਿੱਤੀ ਗਈ ਹੈ। ਉਨ੍ਹਾਂ ਆਖਿਆ ਕਿ ਬਠਿੰਡਾ ਏਅਰਪੋਰਟ ਦੇ ਚਾਲੂ ਹੋਣ ਨਾਲ ਮਾਲਵਾ ਖ਼ਿੱਤੇ ਦੇ ਵਪਾਰ ਅਤੇ ਉਦਯੋਗ ਨੂੰ ਵੱਡਾ ਹੁਲਾਰਾ ਮਿਲੇਗਾ। ਉਨ੍ਹਾਂ ਆਖਿਆ ਕਿ ਪੰਜਾਬ ਵਿਚ ਦੋ ਕੌਮਾਂਤਰੀ ਅਤੇ ਤਿੰਨ ਘਰੇਲੂ ਹਵਾਈ ਅੱਡੇ ਚਾਲੂ ਹੋ ਗਏ ਹਨ ਜਦੋਂ ਕਿ ਗੁਆਂਢੀ ਹਰਿਆਣਾ ਰਾਜ ਵਿੱਚ ਇੱਕ ਵੀ ਹਵਾਈ ਅੱਡਾ ਨਹੀਂ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਖਿਆ ਕਿ ਗਠਜੋੜ ਸਰਕਾਰ ਨੇ 10 ਵਰ੍ਹਿਆਂ ਵਿੱਚ ਵੱਡਾ ਵਿਕਾਸ ਕੀਤਾ ਹੈ, ਜਿਸ ਕਰਕੇ ਪੰਜਾਬ ਦੇ ਲੋਕ ਹੁਣ ਅਗਾਮੀ ਚੋਣਾਂ ਵਿਚ ਗਠਜੋੜ ਦਾ ਸਾਥ ਦੇਣ। ਉਨ੍ਹਾਂ ਆਖਿਆ ਕਿ ਪਿਛਲੇ ਥੋੜ੍ਹੇ ਸਮੇਂ ਵਿੱਚ ਹੀ ਪ੍ਰਧਾਨ ਮੰਤਰੀ ਸਮੇਤ ਛੇ ਕੇਂਦਰੀ ਮੰਤਰੀ ਬਠਿੰਡਾ ਵਿੱਚ ਵਿਕਾਸ ਕੰਮਾਂ ਦੇ ਨੀਂਹ ਪੱਥਰ ਅਤੇ ਉਦਘਾਟਨੀ ਪੱਥਰ ਰੱਖ ਚੁੱਕੇ ਹਨ ਜਦੋਂਕਿ ਬਠਿੰਡਾ ਦੇ 70 ਸਾਲ ਦੇ ਇਤਿਹਾਸ ਵਿਚ ਪਹਿਲਾਂ ਏਦਾ ਕਦੇ ਨਹੀਂ ਹੋਇਆ। ਦੱਸਣਯੋਗ ਹੈ ਕਿ ਸਮਾਗਮਾਂ ਮੌਕੇ ਪਿੰਡ ਵਿਰਕ ਕਲਾਂ ਦੇ ਅਕਾਲੀ ਸਰਪੰਚ ਜਗਦੇਵ ਸਿੰਘ ਹਾਜ਼ਰ ਨਹੀਂ ਸੀ ਕਿਉਂਕਿ ਪੁਲਿਸ ਨੇ ਇੱਕ ਦਿਨ ਪਹਿਲਾਂ ਹੀ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ।
Check Also
ਪੰਜਾਬ ’ਚ ਨਿਗਮ ਚੋਣਾਂ ਦਾ ਐਲਾਨ ਇਸੇ ਹਫਤੇ ਸੰਭਵ
ਸੁਪਰੀਮ ਕੋਰਟ ਨੇ 8 ਹਫਤਿਆਂ ’ਚ ਚੋਣ ਪ੍ਰਕਿਰਿਆ ਮੁਕੰਮਲ ਕਰਨ ਦੇ ਦਿੱਤੇ ਸਨ ਨਿਰਦੇਸ਼ …