ਮਾਛੀਵਾੜਾ/ਬਿਊਰੋ ਨਿਊਜ਼
ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਕਾਂਗਰਸ ਦੀ ਟਿਕਟ ‘ਤੇ ਚੋਣ ਹਾਰਨ ਵਾਲੀ ਗਾਇਕਾ ਸਤਵਿੰਦਰ ਕੌਰ ਬਿੱਟੀ ਨੇ ਸਾਹਨੇਵਾਲ ਅਨਾਜ ਮੰਡੀ ਵਿਚ ਨਿਯਮਾਂ (ਪ੍ਰੋਟੋਕੋਲ) ਦੀਆਂ ਉਦੋਂ ਧੱਜੀਆਂ ਉਡਾ ਦਿੱਤੀਆਂ ਜਦੋਂ ਉਹ ਅਨਾਜ ਮੰਡੀ ਦੇ ਪ੍ਰਸ਼ਾਸਕ (ਐਸਡੀਐਮ) ਦੀ ਕੁਰਸੀ ‘ਤੇ ਬੈਠ ਗਈ। ਮੌਕੇ ‘ਤੇ ਮੌਜੂਦ ਮੁਲਾਜ਼ਮ ਰੋਕਣ ਬਜਾਏ ਆਪਣੇ ਸੀਨੀਅਰ ਅਧਿਕਾਰੀ ਦੀ ਕੁਰਸੀ ‘ਤੇ ਬੈਠੀ ਗਾਇਕਾ ਨੂੰ ਮੂਕ ਦਰਸ਼ਕ ਬਣਕੇ ਦੇਖਦੇ ਰਹੇ।
ਜਾਣਕਾਰੀ ਮੁਤਾਬਕ ਗਾਇਕਾ ਸਤਵਿੰਦਰ ਬਿੱਟੀ ਸਾਹਨੇਵਾਲ ਅਨਾਜ ਮੰਡੀ ਵਿਚ ਆਪਣੇ ਸਾਥੀਆਂ ਨਾਲ ਝੋਨੇ ਦੀ ਖ਼ਰੀਦ ਸ਼ੁਰੂ ਕਰਾਉਣ ਆਈ ਸੀ। ਮਾਰਕੀਟ ਕਮੇਟੀ ਸਾਹਨੇਵਾਲ ਦੇ ਸੈਕਟਰੀ ਦੇ ਤਕਰੀਬਨ ਇਕ ਮਹੀਨਾ ਪਹਿਲਾਂ ਸੇਵਾਮੁਕਤ ਹੋਣ ਕਾਰਨ ਇਹ ਅਸਾਮੀ ਖਾਲੀ ਪਈ ਹੈ। ਕੈਪਟਨ ਸਰਕਾਰ ਨੇ ਅਕਾਲੀ-ਭਾਜਪਾ ਸਰਕਾਰ ਵੱਲੋਂ ਲਗਾਏ ਚੇਅਰਮੈਨਾਂ ਨੂੰ ਵੀ ਹਟਾ ਦਿੱਤਾ ਸੀ, ਜਿਨ੍ਹਾਂ ਦੀ ਥਾਂ ਇਲਾਕੇ ਦੇ ਐਸਡੀਐਮ ਨੂੰ ਪ੍ਰਸ਼ਾਸਕ ਲਾਇਆ ਗਿਆ ਹੈ। ਇਸੇ ਤਰ੍ਹਾਂ ਸਾਹਨੇਵਾਲ ਅਨਾਜ ਮੰਡੀ ਵਿਚ ਵੀ ਐਸਡੀਐਮ ਪੂਰਬੀ ਅਮਰਜੀਤ ਸਿੰਘ ਬੈਂਸ (ਪੀਸੀਐਸ) ਨੂੰ ਪ੍ਰਸ਼ਾਸਕ ਲਗਾਇਆ ਗਿਆ ਹੈ। ਜਦੋਂ ਸਤਵਿੰਦਰ ਬਿੱਟੀ ਐਸਡੀਐਮ ਦਫ਼ਤਰ ਪੁੱਜੀ ਤਾਂ ਉਹ ਸ਼ਾਇਦ ਭੁੱਲ ਗਈ ਕਿ ਨਾ ਤਾਂ ਉਨ੍ਹਾਂ ਕੋਲ ਕੋਈ ਪ੍ਰਸ਼ਾਸਨਿਕ ਤਾਕਤ ਹੈ ਅਤੇ ਨਾ ਹੀ ਉਹ ਵਿਧਾਇਕ ਹੈ। ਉਸ ਨੇ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਐਸਡੀਐਮ ਦੀ ਕੁਰਸੀ ਮੱਲ ਲਈ। ਮਾਰਕੀਟ ਕਮੇਟੀ ਦੇ ਨਿਯਮਾਂ ਮੁਤਾਬਕ ਐਸਡੀਐਮ ਦੀ ਗੈਰਹਾਜ਼ਰੀ ਤੇ ਸੈਕਟਰੀ ਦੀ ਸੇਵਾਮੁਕਤੀ ਬਾਅਦ ਚਾਰਜ ਲੇਖਾਕਾਰ ਕੋਲ ਹੁੰਦਾ ਹੈ। ਇਸ ਸਬੰਧੀ ਜਦੋਂ ਲੇਖਾਕਾਰ ਹਿੰਮਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਤਾਂ ਮੰਡੀ ਵਿੱਚ ਸਨ। ਇਹ ਤਾਂ ਬੈਠਣ ਵਾਲੇ ਨੂੰ ਦੇਖਣਾ ਚਾਹੀਦਾ ਹੈ ਕਿ ਉਸ ਕੋਲ ਕੀ ਅਧਿਕਾਰ ਹੈ। ਐਸਡੀਐਮ ਪੂਰਬੀ ਅਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਇਸ ਤਰ੍ਹਾਂ ਕੁਰਸੀ ‘ਤੇ ਕੋਈ ਨਹੀਂ ਬੈਠ ਸਕਦਾ। ਉਹ ਜਾਂਚ ਕਰਾਉਣਗੇ।
ਜਿੱਥੇ ਸੰਗਤ ਕਹੇ ਉਥੇ ਬੈਠ ਜਾਂਦੀ ਹਾਂ: ਬਿੱਟੀ
ਪ੍ਰਸ਼ਾਸਕ ਦੀ ਕੁਰਸੀ ‘ਤੇ ਬੈਠਣ ਬਾਰੇ ਸਤਵਿੰਦਰ ਬਿੱਟੀ ਨੇ ਕਿਹਾ, ‘ਮੈਂ ਤਾਂ ਸੰਗਤ ਦੇ ਚਰਨਾਂ ਦੀ ਧੂੜ ਹਾਂ ਜੇਕਰ ਸੰਗਤ ਕਹੇਗੀ ਤਾਂ ਮੈਂ ਚਰਨਾਂ ਵਿਚ ਬੈਠ ਜਾਵਾਂਗੀ ਅਤੇ ਜੇਕਰ ਸੰਗਤ ਨੇ ਕੁਰਸੀ ‘ਤੇ ਬੈਠਣ ਲਈ ਕਹਿ ਦਿੱਤਾ ਤਾਂ ਮੈਂ ਉਥੇ ਬੈਠ ਗਈ।’ ਉਨ੍ਹਾਂ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀ ਦੀ ਕੁਰਸੀ ‘ਤੇ ਬੈਠ ਕੇ ਨਿਯਮਾਂ ਦੀ ਉਲੰਘਣਾ ਕਰਨ ਦੀ ਉਨ੍ਹਾਂ ਦੀ ਕੋਈ ਮਨਸ਼ਾ ਨਹੀਂ ਸੀ।