
ਬਲਤੇਜ ਪੰਨੂ ਨੇ ਕਿਹਾ : 2016 ਵਿਚ ਅਕਾਲੀ ਦਲ ਨੇ ਵੀ ਖੇਤਰੀ ਬੱਸਾਂ ਨੂੰ ਕਰਵਾਇਆ ਸੀ ਅਜਿਹਾ ਰੰਗ
ਲੁਧਿਆਣਾ/ਬਿਊਰੋ ਨਿਊਜ਼
ਪੰਜਾਬ ਵਿਚ ਸਰਕਾਰੀ ਇਮਾਰਤਾਂ ਤੋਂ ਲੈ ਕੇ ਸਰਕਾਰੀ ਬੱਸਾਂ ਦੇ ਬਦਲੇ ਜਾ ਰਹੇ ਰੰਗ ਨੂੰ ਲੈ ਕੇ ਸੂਬੇ ਦੀ ਭਗਵੰਤ ਮਾਨ ਸਰਕਾਰ ਘਿਰਦੀ ਜਾ ਰਹੀ ਹੈ। ਸ਼ੋ੍ਰਮਣੀ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਸਣੇ ਹੋਰ ਵਿਰੋਧੀ ਸਿਆਸੀ ਪਾਰਟੀਆਂ ਇਸ ਮੁੱਦੇ ’ਤੇ ਸਰਕਾਰ ਨੂੰ ਘੇਰ ਰਹੀਆਂ ਹਨ। ਇਸਦੇ ਚੱਲਦਿਆਂ ਆਮ ਆਦਮੀ ਪਾਰਟੀ ਨੇ ਇਸ ਨੂੰ ਲੈ ਕੇ ਪਲਟਵਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਬੁਲਾਰੇ ਬਲਤੇਜ ਪੰਨੂ ਨੇ ਸ਼ੋ੍ਰਮਣੀ ਅਕਾਲੀ ਦਲ ਅਤੇ ਭਾਜਪਾ ’ਤੇ ਪਲਟਵਾਰ ਕਰਦਿਆਂ ਕਿਹਾ ਕਿ ਸਰਕਾਰੀ ਬੱਸਾਂ ਦਾ ਇਹ ਕਲਰ ਕੰਬੀਨੇਸ਼ਨ ਉਨ੍ਹਾਂ ਦੀ ਸਰਕਾਰ ਸਮੇਂ ਹੀ ਸ਼ੁਰੂ ਹੋਇਆ ਸੀ। ਪੰਨੂ ਨੇ ਲੁਧਿਆਣਾ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ 2016 ਵਿਚ ਸ਼ੋ੍ਰਮਣੀ ਅਕਾਲੀ ਦਲ-ਭਾਜਪਾ ਦੀ ਗਠਜੋੜ ਸਰਕਾਰ ਨੇ ਖੇਤਰੀ ਬੱਸਾਂ ਨੂੰ ਇਹੀ ਰੰਗ ਕਰਵਾਇਆ ਸੀ। ਪੰਨੂ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਨੇ ਜੋ ਪਾਣੀ ਵਿਚ ਚੱਲਣ ਵਾਲੀ ਬੱਸ ਦਾ ਸ਼ਿਗੂਫਾ ਛੱਡਿਆ ਸੀ, ਉਸ ਬੱਸ ਦਾ ਵੀ ਇਹੀ ਰੰਗ ਸੀ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਸਰਕਾਰੀ ਪੀਆਰਟੀਸੀ ਬੱਸਾਂ ਦਾ ਰੰਗ ਪੀਲਾ ਅਤੇ ਨੀਲਾ ਕੀਤੇ ਜਾਣ ’ਤੇ ਸ਼ੋ੍ਰਮਣੀ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਪਾਰਟੀ ਨੇ ਭਗਵੰਤ ਮਾਨ ਸਰਕਾਰ ’ਤੇ ਸਵਾਲ ਚੁੱਕੇ ਹਨ।

