ਪੰਜਾਬ ਸਰਕਾਰ ਨੇ ਹਾਈਕੋਰਟ ‘ਚ ਕੀਤਾ ਦਾਅਵਾ, ਕੋਰਟ ਨੇ ਸੂਬਾ ਸਰਕਾਰ ਨੂੰ ਡੱਲੇਵਾਲ ਨੂੰ ਪਰਿਵਾਰ ਨਾਲ ਮਿਲਾਉਣ ਦੀ ਦਿੱਤੀ ਹਦਾਇਤ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੂੰ ਦੱਸਿਆ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਪੁਲਿਸ ਦੀ ਹਿਰਾਸਤ ਵਿਚ ਨਹੀਂ ਹਨ ਤੇ ਉਹ ਕਿਤੇ ਵੀ ਜਾਣ ਲਈ ਆਜ਼ਾਦ ਹਨ। ਪੰਜਾਬ ਸਰਕਾਰ ਨੇ ਦਾਅਵਾ ਕੀਤਾ ਕਿ ‘ਸੰਯੁਕਤ ਕਿਸਾਨ ਮੋਰਚਾ (ਗੈਰਸਿਆਸੀ) ਕੇਐੱਮਐੱਮ’ ਜੁਆਇੰਟ ਫੋਰਮ ਦੇ ਆਗੂ ਨੂੰ ਉਨ੍ਹਾਂ ਦੀ ਮਰਜ਼ੀ ਮੁਤਾਬਕ ਪਟਿਆਲਾ ਦੇ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।
ਜਸਟਿਸ ਮਨੀਸ਼ਾ ਬੱਤਰਾ ਦੇ ਬੈਂਚ ਨੇ ਪੰਜਾਬ ਸਰਕਾਰ ਦੇ ਉਪਰੋਕਤ ਦਾਅਵੇ ਤੇ ਪਟੀਸ਼ਨਰ ਵੱਲੋਂ ਪੇਸ਼ ਵਕੀਲਾਂ ਦੀਆਂ ਦਲੀਲਾਂ ਦਾ ਨੋਟਿਸ ਲੈਂਦਿਆਂ ਸੂਬਾ ਸਰਕਾਰ ਨੂੰ ਹਦਾਇਤ ਦਿੱਤੀ ਕਿ ਉਹ ਡੱਲੇਵਾਲ ਨੂੰ ਉਨ੍ਹਾਂ ਦੇ ਪਰਿਵਾਰਕ ਜੀਆਂ ਨਾਲ ਬਿਨਾਂ ਕਿਸੇ ਰੋਕ ਟੋਕ ਦੇ ਮਿਲਾਉਣ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ। ਹਾਈਕੋਰਟ ਡੱਲੇਵਾਲ ਦੀ ਰਿਹਾਈ ਨੂੰ ਲੈ ਕੇ ਦਾਖ਼ਲ ਹੈਬੀਅਸ ਕੋਰਪਸ ਪਟੀਸ਼ਨ ‘ਤੇ ਸੁਣਵਾਈ ਕਰ ਰਹੀ ਸੀ।
ਪੰਜਾਬ ਸਰਕਾਰ ਵੱਲੋਂ ਪੇਸ਼ ਵਕੀਲ ਨੇ ਸੁਪਰੀਮ ਕੋਰਟ ਵੱਲੋਂ ਜਾਰੀ ਹਦਾਇਤਾਂ ਦੇ ਹਵਾਲੇ ਨਾਲ ਕਿਹਾ ਕਿ ਕਿਸਾਨ ਆਗੂ ਦੀ ਸਿਹਤ ਸੰਭਾਲ ਲਈ ਸੂਬਾ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਡੱਲੇਵਾਲ ਨੇ ਹੀ ਹਸਪਤਾਲ ਵਿਚ ਦਾਖ਼ਲ ਕਰਵਾਉਣ ਦੀ ਇੱਛਾ ਜਤਾਈ ਸੀ ਤੇ ਉਹ ਕਿਤੇ ਵੀ ਜਾਣ ਲਈ ਆਜ਼ਾਦ ਹਨ। ਵਕੀਲ ਨੇ ਕਿਹਾ ਕਿ ਕਿਸਾਨ ਆਗੂ ਨੂੰ ਕਿਤੇ ਵੀ ਜਾਣ ਦੀ ਖੁੱਲ੍ਹ ਹੈ। ਉਨ੍ਹਾਂ ਖ਼ੁਦ ਹਸਪਤਾਲ ਜਾਣ ਨੂੰ ਤਰਜੀਹ ਦਿੱਤੀ ਸੀ। ਕਿਸਾਨ ਆਗੂ ਦਾ ਪਰਿਵਾਰ ਸੁਰੱਖਿਆ ਨੇਮਾਂ ਮੁਤਾਬਕ ਉਨ੍ਹਾਂ ਨੂੰ ਮਿਲ ਸਕਦਾ ਹੈ।
ਉਧਰ ਡੱਲੇਵਾਲ ਦੇ ਵਕੀਲ ਨੇ ਦਾਅਵਾ ਕੀਤਾ ਕਿ ਅਧਿਕਾਰੀ ਕਿਸਾਨ ਆਗੂ ਨੂੰ ਉਨ੍ਹਾਂ ਦੇ ਪਰਿਵਾਰ ਨਾਲ ਮਿਲਣ ਤੋਂ ਰੋਕ ਰਹੀਆਂ ਹਨ। ਵਕੀਲ ਨੇ ਕਿਹਾ ਕਿ ਡੱਲੇਵਾਲ ਪਾਣੀ ਵੀ ਨਹੀਂ ਪੀ ਰਹੇ ਤੇ ਕਿਸੇ ਨੂੰ ਵੀ ਉਨ੍ਹਾਂ ਨੂੰ ਮਿਲਣ ਤੋਂ ਰੋਕਿਆ ਜਾ ਰਿਹਾ ਹੈ।