ਭਗਵੰਤ ਮਾਨ ਸਰਕਾਰ ਨੂੰ ਦੱਸਿਆ ਬੇਈਮਾਨਾਂ ਦੀ ਸਰਕਾਰ
ਚੰਡੀਗੜ੍ਹ/ਬਿਊਰੋ ਨਿਊਜ਼ : ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਚੰਡੀਗੜ੍ਹ ਵਿਖੇ ਇਕ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਨੂੰ ਆੜੇ ਹੱਥੀਂ ਲਿਆ ਅਤੇ ਪੰਜਾਬ ਸਰਕਾਰ ਨੂੰ ਬੇਈਮਾਨਾਂ ਦੀ ਸਰਕਾਰ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਸਿਰਫ਼ 10 ਮਹੀਨਿਆਂ ਦੇ ਕਾਰਜਕਾਲ ਦੌਰਾਨ ਇਕ ਬਹੁਤ ਵੱਡਾ ਘੁਟਾਲਾ ਹੋਇਆ ਹੈ ਅਤੇ ਇਸ ਘੁਟਾਲੇ ਦੀ ਜਾਂਚ ਸੀਬੀਆਈ ਜਾਂ ਸਿਟਿੰਗ ਜੱਜ ਕਰਵਾਈ ਜਾਣੀ ਚਾਹੀਦੀ ਹੈ। ਜ਼ੀਰਾ ਸ਼ਰਾਬ ਫੈਕਟਰੀ ਬਾਰੇ ਬੋਲਦਿਆਂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੈਸੇ ਲੈਣ ਵਾਲੇ ਫੈਕਟਰੀ ਕਿਵੇਂ ਬੰਦ ਕਰਵਾ ਸਕਦੇ ਹਨ। ਧਿਆਨ ਰਹੇ ਕਿ ਬਿਕਰਮ ਮਜੀਠੀਆ ਨੇ ਅੰਮਿ੍ਰਤਸਰ ਦੇ ਵਿਧਾਨ ਸਭਾ ਹਲਕੇ ਤੋਂ ਨਵਜੋਤ ਸਿੰਘ ਸਿੱਧੂ ਖਿਲਾਫ਼ ਚੋਣ ਲੜੀ ਸੀ ਪ੍ਰੰਤੂ ਇਸ ਚੋਣ ਦੌਰਾਨ ਇਹ ਦੋਵੇਂ ਦਿੱਗਜ਼ ਆਗੂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੋਲੋਂ ਚੋਣ ਹਾਰ ਗਏ ਸਨ। ਇਸ ਤੋਂ ਇਲਾਵਾ ਬਿਕਰਮ ਮਜੀਠੀਆ ਨਸ਼ਿਆਂ ਦੇ ਮਾਮਲੇ ਵਿਚ ਘਿਰੇ ਹੋਏ ਹਨ ਅਤੇ ਉਹ ਜ਼ਮਾਨਤ ’ਤੇ ਚੱਲ ਰਹੇ ਹਨ।