ਸਟਰੀਟ ਲਾਈਟ ਅਤੇ ਸਪੋਰਟਸ ਕਿੱਟ ਘੁਟਾਲੇ ਮਾਮਲੇ ’ਚ ਵਿਜੀਲੈਂਸ ਨੇ ਕੀਤੀ ਪੁੱਛਗਿੱਛ
ਲੁਧਿਆਣਾ/ਬਿਊਰੋ ਨਿਊਜ਼ : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓਐਸਡੀ ਅਤੇ ਕਾਂਗਰਸੀ ਆਗੂ ਕੈਪਟਨ ਸੰਦੀਪ ਸੰਧੂ ਨੇ ਅੱਜ ਲੁਧਿਆਣਾ ਵਿਖੇ ਵਿਜੀਲੈਂਸ ਦਫ਼ਤਰ ਵਿਚ ਹਾਜ਼ਰੀ ਭਰੀ। ਵਿਜੀਲੈਂਸ ਨੇ ਕੈਪਟਨ ਸੰਦੀਪ ਸੰਧੂ ਕੋਲੋਂ ਸਟਰੀਟ ਲਾਈਟ ਅਤੇ ਸਪੋਰਟਸ ਕਿੱਟ ਘੁਟਾਲੇ ਮਾਮਲੇ ਵਿਚ ਦੋ ਘੰਟੇ ਪੁੱਛਗਿੱਛ ਕੀਤੀ। ਧਿਆਨ ਰਹੇ ਕਿ ਕੈਪਟਨ ਸੰਦੀਪ ਸੰਧੂ ਸਟਰੀਟ ਘੁਟਾਲੇ ਅਤੇ ਸਪੋਰਟਸ ਕਿੱਟ ਘੁਟਾਲੇ ਮਾਮਲੇ ਵਿਚ ਜ਼ਮਾਨਤ ’ਤੇ ਹਨ ਅਤੇ ਅੱਜ ਉਨ੍ਹਾਂ ਨੂੰ ਜਾਂਚ ’ਚ ਸਹਿਯੋਗ ਕਰਨ ਲਈ ਵਿਜੀਲੈਂਸ ਦਫ਼ਤਰ ਵਿਖੇ ਸੱਦਿਆ ਗਿਆ ਸੀ। ਸੰਦੀਪ ਸੰਧੂ ਇਸ ਘੁਟਾਲੇ ’ਚ ਨਾਮਜ਼ਦ ਹੋਣ ’ਤੇ ਫਰਾਰ ਚੱਲ ਰਹੇ ਸਨ ਪ੍ਰੰਤੂ ਵਿਜੀਲੈਂਸ ਨੇ ਉਨ੍ਹਾਂ ਦੇ ਕਈ ਠਿਕਾਣਿਆਂ ’ਤੇ ਛਾਪੇਮਾਰੀ ਕੀਤੀ ਸੀ, ਜਿਸ ਤੋਂ ਬਾਅਦ ਸੰਦੀਪ ਸੰਧੂ ਨੇ ਪੰਜਾਬ ਹਰਿਆਣਾ ਹਾਈ ਕੋਰਟ ਵਿਚ ਜ਼ਮਾਨਤ ਪਟੀਸ਼ਨ ਲਗਾ ਕੇ ਜ਼ਮਾਨਤ ਲੈ ਲਈ ਸੀ, ਜਿਸ ਚਲਦਿਆਂ ਅੱਜ ਉਨ੍ਹਾਂ ਨੂੰ ਪੁੱਛਗਿੱਛ ਲਈ ਸੱਦਿਆ ਗਿਆ ਸੀ।

