Breaking News
Home / ਪੰਜਾਬ / ਸੋਨੂੰ ਸੂਦ ਨੇ ਦੱਸਿਆ ਸੀਐਮ ਕਿਹੋ ਜਿਹਾ ਹੋਵੇ ਕਾਂਗਰਸ ਨੇ ਚੰਨੀ ਦਾ ਚਿਹਰਾ ਕੀਤਾ ਅੱਗੇ!

ਸੋਨੂੰ ਸੂਦ ਨੇ ਦੱਸਿਆ ਸੀਐਮ ਕਿਹੋ ਜਿਹਾ ਹੋਵੇ ਕਾਂਗਰਸ ਨੇ ਚੰਨੀ ਦਾ ਚਿਹਰਾ ਕੀਤਾ ਅੱਗੇ!

ਚੰਨੀ ਦੇ ਵੀਡੀਓ ਕਲਿੱਪ ਲਗਾ ਕੇ ਕਾਂਗਰਸ ਨੇ ਜ਼ਾਹਰ ਕੀਤੇ ਇਰਾਦੇ
ਜਲੰਧਰ : ਕਾਂਗਰਸ ਦੇ ਨੈਸ਼ਨਲ ਟਵਿੱਟਰ ਹੈਂਡਲ ‘ਤੇ ਸ਼ੇਅਰ ਕੀਤੇ ਗਏ ਇਕ ਵੀਡੀਓ ਨੇ ਕਾਂਗਰਸ ਦੀ ਸਿਆਸਤ ਵਿਚ ਹਲਚਲ ਮਚਾ ਦਿੱਤੀ ਹੈ। ਮੋਗਾ ਤੋਂ ਪਾਰਟੀ ਉਮੀਦਵਾਰ ਮਾਲਵਿਕਾ ਸੂਦ ਦੇ ਭਰਾ ਅਤੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦਾ ਇਕ ਵੀਡੀਓ ਸ਼ੇਅਰ ਕਰਕੇ ਇਸ਼ਾਰਿਆਂ-ਇਸ਼ਾਰਿਆਂ ਵਿਚ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਚਿਹਰਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਵਿਚ ਸੋਨੂੰ ਸੂਦ, ਮੁੱਖ ਮੰਤਰੀ ਕਿਸ ਤਰ੍ਹਾਂ ਹੋਵੇ, ਇਸ ਬਾਰੇ ਦੱਸ ਰਹੇ ਹਨ। ਇਸੇ ਵੀਡੀਓ ਵਿਚ ਸੂਦ ਦੀ ਗੱਲ ਖਤਮ ਹੁੰਦੇ ਹੀ ਚੰਨੀ ਦੀ ਇਕ ਰੋਹਬਦਾਰ ਮਿਊਜ਼ਿਕ ਦੇ ਨਾਲ ਵੱਖ-ਵੱਖ ਵੀਡੀਓ ਕਲਿੱਪ ਜੋੜੀ ਗਈ ਹੈ, ਜਿਸ ਵਿਚ ਕਿਤੇ ਉਹ ਲੋਕਾਂ ਨੂੰ ਸੰਬੋਧਨ ਕਰ ਰਹੇ ਹਨ, ਕਿਤੇ ਕਦਮ ਅੱਗੇ ਵਧਾ ਰਹੇ ਹਨ, ਕਿਤੇ ਲੋਕਾਂ ਦੇ ਸਾਹਮਣੇ ਹੱਥ ਜੋੜਦੇ ਅਤੇ ਕਿਤੇ ਭੋਜਨ ਕਰਦੇ ਦਿਸ ਰਹੇ ਹਨ। 36 ਸੈਕਿੰਡ ਦੇ ਇਸ ਵੀਡੀਓ ਵਿਚ 18 ਸੈਕਿੰਡ ਸੂਦ ਗੱਲ ਕਰ ਰਹੇ ਹਨ ਅਤੇ 18 ਸੈਕਿੰਡ ਚੰਨੀ ਨੂੰ ਦਿਖਾਇਆ ਗਿਆ ਹੈ। ਵੀਡੀਓ ਵਿਚ ਕਾਂਗਰਸ ਨੇ ਸੋਨੂੰ ਸੂਦ ਦੀ ਗੱਲ ‘ਤੇ ਅਮਲ ਕਰਦੇ ਹੋਏ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਉਨ੍ਹਾਂ ਨੇ ਕੈਪਟਨ ਅਮਰਿੰਦਰ ਨੂੰ ਹਟਾ ਕੇ ਚੰਨੀ ਦੀ ਚੋਣ ਇਸੇ ਤਰੀਕੇ ਨਾਲ ਕੀਤੀ ਹੈ।
ਇਸ ਵੀਡੀਓ ਵਿਚ ਸੋਨੂੰ ਸੂਦ ਆਖ ਰਹੇ ਹਨ ਕਿ ਅਸਲੀ ਮੁੱਖ ਮੰਤਰੀ ਉਹ ਹੈ ਜਿਸ ਨੂੰ ਜਬਰਦਸਤੀ ਕੁਰਸੀ ‘ਤੇ ਬਿਠਾਇਆ ਗਿਆ ਹੋਵੇ। ਇਸ ਵੀਡੀਓ ਦੀ ਖਾਸ ਗੱਲ ਇਹ ਹੈ ਕਿ ਸੋਨੂ ਸੂਦ ਦੀ ਇਸ ਗੱਲ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੱਖ-ਵੱਖ ਅੰਦਾਜ਼ ‘ਚ ਵੀਡੀਓ ਨਾਲ ਜੋੜਿਆ ਗਿਆ ਹੈ। ਇਸ ‘ਚ ਚੰਨੀ ਨੂੰ ਵੱਖ-ਵੱਖ ਹਾਵ-ਭਾਵਾਂ ਨਾਲ ਪ੍ਰਭਾਵਸ਼ਾਲੀ ਅੰਦਾਜ਼ ‘ਚ ਦਿਖਾਇਆ ਗਿਆ ਹੈ ਅਤੇ ਇਸ ਵੀਡੀਓ ਵਿਚ ਨਵਜੋਤ ਸਿੰਘ ਸਿੱਧੂ ਕਿਤੇ ਵੀ ਨਜ਼ਰ ਨਹੀਂ ਆ ਰਹੇ, ਜਿਸ ਨੂੰ ਨਵਜੋਤ ਸਿੱਧੂ ਲਈ ਇਕ ਵੱਡਾ ਝਟਕਾ ਵੀ ਮੰਨਿਆ ਜਾ ਰਿਹਾ ਹੈ। ਇਸ ਵੀਡੀਓ ਦੀ ਅਹਿਮ ਗੱਲ ਇਹ ਹੈ ਕਿ ਇਸ ਵੀਡੀਓ ‘ਚ ਇਕ ਪਾਸੇ ਤਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ‘ਚ ਚੋਣ ਲੜਨ ਦਾ ਸੰਕੇਤ ਦਿੱਤਾ ਗਿਆ ਹੈ ਅਤੇ ਦੂਜੇ ਪਾਸੇ ਸਿੱਧੂ ‘ਤੇ ਵੀ ਇਸ਼ਾਰਿਆਂ-ਇਸ਼ਾਰਿਆਂ ‘ਚ ਨਿਸ਼ਾਨਾ ਸਾਧਿਆ ਗਿਆ ਹੈ।
ਸਰਕਾਰ ਦਾ 111 ਦਿਨ ਦਾ ਕੰਮ ਹੀ ਸਾਡਾ ਸੀਐਮ ਚਿਹਰਾ : ਹਰੀਸ਼ ਚੌਧਰੀ
ਚੰਡੀਗੜ੍ਹ : ਚੰਨੀ ਸਰਕਾਰ ਆਪਣੇ 111 ਦਿਨ ਦੇ ਕਾਰਜਕਾਲ ਨੂੰ ਜਨਤਾ ਵਿਚਕਾਰ ਬਹੁਤ ਚੰਗਾ ਦੱਸ ਰਹੀ ਹੈ। ਹੁਣ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨੇ ਵੀ ਕਿਹਾ ਕਿ ਪੰਜਾਬ ਸਰਕਾਰ ਦੇ ਪਿਛਲੇ 111 ਦਿਨ ਦੇ ਕੰਮਾਂ ਦਾ ਜਨਤਾ ਨੇ ਪੂਰਨ ਸਮਰਥਨ ਕੀਤਾ ਹੈ। ਚੌਧਰੀ ਨੇ ਕਿਹਾ ਕਿ ਕਾਂਗਰਸ ਦੀ ਸਿਆਸੀ ਦਿੱਖ ਵਿਚ ਸੁਧਾਰ ਹੋਇਆ ਹੈ, ਹੁਣ ਕਾਂਗਰਸ ਦੇ ਆਗੂ ਆਪਣੇ 111 ਦਿਨ ਦੇ ਕਾਰਜਕਾਲ ਨੂੰ ਲੈ ਕੇ ਜਨਤਾ ਵਿਚਕਾਰ ਜਾਣਗੇ ਅਤੇ 111 ਦਿਨ ਦਾ ਕੰਮ ਹੀ ਕਾਂਗਰਸ ਦਾ ਸੀਐਮ ਚਿਹਰਾ ਹੈ। ਉਨ੍ਹਾਂ ਨੇ ਇਕ ਵਾਰ ਫਿਰ ਬਿਨਾ ਨਾਮ ਲਏ ਚੰਨੀ ਨੂੰ ਸੀਐਮ ਚਿਹਰਾ ਬਣਾਏ ਜਾਣ ਦੀ ਵਕਾਲਤ ਕੀਤੀ ਹੈ।

 

Check Also

ਮੁੱਖ ਮੰਤਰੀ ਭਗਵੰਤ ਮਾਨ ਨੇ ਮੰਚ ਤੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਕੀਤੀ ਤਾਰੀਫ਼

ਕਿਹਾ : ਰਾਜਪਾਲ ਦੇ ਚੰਗੇ ਤਜ਼ਰਬੇ ਦਾ ਸਾਡੀ ਸਰਕਾਰ ਨੂੰ ਮਿਲ ਰਿਹਾ ਹੈ ਫਾਇਦਾ ਚੰਡੀਗੜ੍ਹ/ਬਿਊਰੋ …