Breaking News
Home / ਪੰਜਾਬ / ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਇਆ ਗਿਆ ਨਗਰ ਕੀਰਤਨ

ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਇਆ ਗਿਆ ਨਗਰ ਕੀਰਤਨ

ਵੱਡੀ ਗਿਣਤੀ ਵਿਚ ਸੰਗਤਾਂ ਨੇ ਨਗਰ ਕੀਰਤਨ ਵਿਚ ਭਰੀ ਹਾਜ਼ਰੀ
ਅੰਮ੍ਰਿਤਸਰ : ਚੌਥੇ ਪਾਤਿਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਅੰਮ੍ਰਿਤਸਰ ਵਿਚ ਨਗਰ ਕੀਰਤਨ ਸਜਾਇਆ ਗਿਆ। ਧਿਆਨ ਰਹੇ ਭਲਕੇ ਸ਼ੁੱਕਰਵਾਰ ਨੂੰ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਜਾਵੇਗਾ। ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਏ ਗਏ ਨਗਰ ਕੀਰਤਨ ‘ਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਿੱਸਾ ਲਿਆ। ਇਹ ਵਿਸ਼ਾਲ ਨਗਰ ਕੀਰਤਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼ੁਰੂ ਹੋ ਕੇ ਕਈ ਪੜਾਅ ਪੂਰੇ ਕਰਦਾ ਹੋਇਆ ਵਾਪਸ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜ ਕੇ ਹੀ ਸੰਪਨ ਹੋਇਆ। ਨਗਰ ਕੀਰਤਨ ਦਾ ਥਾਂ-ਥਾਂ ‘ਤੇ ਸੰਗਤਾਂ ਨੇ ਭਰਵਾਂ ਸਵਾਗਤ ਕੀਤਾ।
ਹਰਿਮੰਦਰ ਸਾਹਿਬ ਵਿਖੇ ਸਰੋਵਰ ਨੇੜੇ ਦੀਵੇ ਜਗਾਉਣ ਦੀ ਯੋਜਨਾ ਵਿਰੋਧ ਕਾਰਨ ਠੱਪ
ਅੰਮ੍ਰਿਤਸਰ/ਬਿਊਰੋ ਨਿਊਜ਼ : ਅੰਮ੍ਰਿਤਸਰ ਦੇ ਬਾਨੀ ਅਤੇ ਚੌਥੇ ਪਾਤਿਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਹਰਿਮੰਦਰ ਸਾਹਿਬ ਵਿਚ ਸਰੋਵਰ ਦੇ ਆਲੇ-ਦੁਆਲੇ ਮਿੱਟੀ ਦੇ ਚਾਰ ਲੱਖ ਦੀਵੇ ਜਗਾਉਣ ਦੀ ਯੋਜਨਾ ਦਾ ਵਿਰੋਧ ਹੋਣ ਕਾਰਨ ਸ਼੍ਰੋਮਣੀ ਕਮੇਟੀ ਨੇ ਇਸ ਸਬੰਧੀ ਕੀਤੇ ਜਾ ਰਹੇ ਆਰਜ਼ੀ ਪ੍ਰਬੰਧਾਂ ਨੂੰ ਰੋਕ ਦਿੱਤਾ ਹੈ।
ਪ੍ਰਕਾਸ਼ ਪੁਰਬ 26 ਅਕਤੂਬਰ ਨੂੰ ਮਨਾਇਆ ਜਾਵੇਗਾ। ਇਸ ਸਬੰਧੀ ਸਰੋਵਰ ਦੇ ਚਾਰੋਂ ਪਾਸੇ ਥੜ੍ਹਾ ਬਣਾਇਆ ਜਾ ਰਿਹਾ ਸੀ, ਜਿਸ ‘ਤੇ ਮਿੱਟੀ ਦੇ ਦੀਵੇ ਜਗਾਉਣ ਦੀ ਯੋਜਨਾ ਸੀ। ਇਹ ਯੋਜਨਾ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਵੱਲੋਂ ਬਣਾਈ ਗਈ ਸੀ, ਜਿਸ ਤਹਿਤ ਪਹਿਲੀ ਵਾਰ ਇੰਨੀ ਵੱਡੀ ਗਿਣਤੀ ਵਿਚ ਮਿੱਟੀ ਦੇ ਚਾਰ ਲੱਖ ਦੀਵੇ ਜਗਾਏ ਜਾਣੇ ਸਨ, ਪਰ ਗਿਆਨੀ ਗੁਰਬਚਨ ਸਿੰਘ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਸੀ। ਉਨ੍ਹਾਂ ਆਖਿਆ ਕਿ ਇਸ ਨਾਲ ਨਾ ਸਿਰਫ਼ ਇਸ਼ਨਾਨ ਕਰਨ ਵਾਲੀ ਸੰਗਤ ਨੂੰ ਪ੍ਰੇਸ਼ਾਨੀ ਆਵੇਗੀ, ਸਗੋਂ ਇਹ ਪ੍ਰਦੂਸ਼ਣ ਦਾ ਵੀ ਸਬੱਬ ਬਣੇਗਾ ਤੇ ਪ੍ਰਦੂਸ਼ਣ ਕਾਰਨ ਸਰੋਵਰ ਦਾ ਜਲ ਤੇ ਮੱਛੀਆਂ ਵੀ ਪ੍ਰਭਾਵਿਤ ਹੋਣਗੀਆਂ। ਉਨ੍ਹਾਂ ਸ਼੍ਰੋਮਣੀ ਕਮੇਟੀ ਨੂੰ ਇਸ ਯੋਜਨਾ ‘ਤੇ ਮੁੜ ਵਿਚਾਰ ਕਰਨ ਵਾਸਤੇ ਆਖਿਆ ਸੀ। ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਦਿਲਜੀਤ ਸਿੰਘ ਬੇਦੀ ਨੇ ਖ਼ੁਲਾਸਾ ਕੀਤਾ ਕਿ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਆ ਕਿ ਗੁਰਪੁਰਬ ਮੌਕੇ ਹਰ ਸਾਲ ਕੀਤੀ ਜਾਂਦੀ ਦੀਪਮਾਲਾ ਨੂੰ ਪਹਿਲਾਂ ਦੀ ਤਰ੍ਹਾਂ ਪ੍ਰੰਪਰਾਵਾਂ ਅਨੁਸਾਰ ਜਾਰੀ ਰੱਖਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਸਰੋਵਰ ਦੇ ਆਲੇ-ਦੁਆਲੇ ਦੀਵੇ ਜਗਾਉਣ ਲਈ ਕੀਤੇ ਜਾ ਰਹੇ ਆਰਜ਼ੀ ਪ੍ਰਬੰਧਾਂ ਨੂੰ ਰੋਕ ਦਿੱਤਾ ਗਿਆ ਹੈ। ਸ਼੍ਰੋਮਣੀ ਕਮੇਟੀ ਵੱਲੋਂ ਲਾਈ ਰੋਕ ਤੋਂ ਬਾਅਦ ਇੱਥੇ ਸਰੋਵਰ ਦੇ ਆਲੇ-ਦੁਆਲੇ ਉਸਾਰੇ ਜਾ ਰਹੇ ਥੜ੍ਹੇ ਦਾ ਕੰਮ ਅੱਜ ਵਿਚਾਲੇ ਹੀ ਬੰਦ ਕਰ ਦਿੱਤਾ ਗਿਆ ਹੈ। ਸ਼੍ਰੋਮਣੀ ਕਮੇਟੀ ਵੱਲੋਂ ਇਹ ਮੰਚ ਉਸਾਰਨ ਦੀ ਸੇਵਾ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੂੰ ਸੌਂਪੀ ਗਈ ਸੀ, ਜਿਨ੍ਹਾਂ ਵੱਲੋਂ ਸਰੋਵਰ ਦੇ ਅਗਲੇ ਹਿੱਸੇ ਵਿਚ ਸ਼ਟਰਿੰਗ ਰਾਹੀਂ ਵਾਧੂ ਮੰਚ ਉਸਾਰਿਆ ਜਾ ਰਿਹਾ ਸੀ।
ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਆਤਿਸ਼ਬਾਜ਼ੀ ਨਹੀਂ ਚੱਲੇਗੀ
ਅੰਮ੍ਰਿਤਸਰ : ਐਸਜੀਪੀਸੀ ਨੇ 26 ਅਕਤੂਬਰ ਨੂੰ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਇਸ ਵਾਰ ਰੇਲ ਹਾਦਸੇ ਦੇ ਸੋਗ ਵਜੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਤਿਸ਼ਬਾਜ਼ੀ ਨਾ ਚਲਾਉਣ ਅਤੇ ਸ਼ਹਿਰ ਦੀਆਂ ਪ੍ਰਮੁੱਖ ਇਮਾਰਤਾਂ ‘ਤੇ ਦੀਪਮਾਲਾ ਨਾ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਪਿਛਲੇ ਦਿਨੀਂ ਇਥੇ ਜੌੜਾ ਫਾਟਕ ‘ਤੇ ਵਾਪਰੇ ਰੇਲ ਹਾਦਸੇ ਦੇ ਮੱਦੇਨਜ਼ਰ ਇਸ ਵਾਰ ਪ੍ਰਕਾਸ਼ ਪੁਰਬ ਮੌਕੇ ਆਤਿਸ਼ਬਾਜ਼ੀ ਨਹੀਂ ਚਲਾਈ ਜਾਵੇਗੀ।

Check Also

ਕਾਂਗਰਸੀ MP ਜਸਬੀਰ ਸਿੰਘ ਡਿੰਪਾ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਟਿਕਟ ਦੀ ਦਾਅਵੇਦਾਰੀ ਛੱਡੀ

ਕਿਹਾ : ਟਿਕਟ ਮਿਲੇ ਜਾਂ ਨਾ ਮਿਲੇ ਕਾਂਗਰਸ ਪਾਰਟੀ ਵਿਚ ਹੀ ਰਹਾਂਗਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …