Breaking News
Home / ਪੰਜਾਬ / ਚੋਣ ਬਾਂਡ ਸਕੈਮ ਨੂੰ ਪ੍ਰਚਾਰਨ ‘ਚ ਨਾਕਾਮ ਰਹੀ ਵਿਰੋਧੀ ਧਿਰ : ਯੋਗੇਂਦਰ ਯਾਦਵ

ਚੋਣ ਬਾਂਡ ਸਕੈਮ ਨੂੰ ਪ੍ਰਚਾਰਨ ‘ਚ ਨਾਕਾਮ ਰਹੀ ਵਿਰੋਧੀ ਧਿਰ : ਯੋਗੇਂਦਰ ਯਾਦਵ

ਯਾਦਵ ਨੇ ਡਾ. ਧਰਮਵੀਰ ਗਾਂਧੀ ਦੇ ਹੱਕ ‘ਚ ਕੀਤਾ ਚੋਣ ਪ੍ਰਚਾਰ
ਪਟਿਆਲਾ/ਬਿਊਰੋ ਨਿਊਜ਼ : ਸਵਰਾਜ ਇੰਡੀਆ ਦੇ ਆਗੂ ਅਤੇ ਭਾਰਤ ਜੋੜੋ ਅਭਿਆਨ ਦੇ ਕਨਵੀਨਰ ਯੋਗੇਂਦਰ ਯਾਦਵ ਨੇ ਕਿਹਾ ਕਿ ਚੋਣ ਬਾਂਡ ਦਾ ਭਾਰਤ ਵਿੱਚ ਸਭ ਤੋਂ ਵੱਡਾ ਸਕੈਮ (ਘਪਲਾ) ਹੋਇਆ ਹੈ ਜਿਸ ਦੇ ਰੁਪਿਆਂ ਦਾ ਅੰਕੜਾ ਵੀ ਸਾਹਮਣੇ ਆ ਚੁੱਕਿਆ ਸੀ ਪਰ ਵਿਰੋਧੀ ਧਿਰ (ਇੰਡੀਆ ਗੱਠਜੋੜ) ਇਸ ਮੁੱਦੇ ਨੂੰ ਪ੍ਰਚਾਰਨ ਵਿਚ ਕਾਮਯਾਬ ਨਹੀਂ ਹੋਈ। ਜੇ ਇਹ ਮੁੱਦਾ ਭਾਰਤ ਦੇ ਹਰ ਨਾਗਰਿਕ ਕੋਲ ਪਹੁੰਚ ਜਾਂਦਾ ਤਾਂ ਭਾਜਪਾ ਦੇ ਗੱਠਜੋੜ ਕੋਲ 100 ਸੀਟਾਂ ਵੀ ਨਹੀਂ ਆਉਣੀਆਂ ਸਨ।
ਯਾਦਵ ਪਟਿਆਲਾ ਵਿਖੇ ਕਾਂਗਰਸੀ ਉਮੀਦਵਾਰ ਡਾ. ਧਰਮਵੀਰ ਗਾਂਧੀ ਦੇ ਹੱਕ ਵਿਚ ਪ੍ਰਚਾਰ ਕਰਨ ਲਈ ਪੁੱਜੇ ਸਨ।
ਇਸ ਮੌਕੇ ਉਨ੍ਹਾਂ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਉਂਜ ਅੱਜ ਦੀ ਸਥਿਤੀ ਇਹ ਹੈ ਕਿ ਭਾਜਪਾ 240 ਤੋਂ ਵੀ ਘੱਟ ਸੀਟਾਂ ਲੈ ਕੇ ਜਾਵੇਗੀ, ਜਿਸ ਕਰਕੇ ਨਰਿੰਦਰ ਮੋਦੀ ਅਗਲੇ ਪ੍ਰਧਾਨ ਮੰਤਰੀ ਨਹੀਂ ਬਣਨਗੇ। ਯੋਗੇਂਦਰ ਯਾਦਵ ਨੇ ਕਿਹਾ ਕਿ ਉਹ ਅੱਠ ਰਾਜਾਂ ਦੇ ਪਿੰਡਾਂ ਵਿੱਚ ਗਿਆ। ਇਸ ਦੌਰਾਨ ਥੜ੍ਹਿਆਂ ‘ਤੇ ਜਾ ਕੇ ਲੋਕਾਂ ਨਾਲ ਗੱਲ ਕੀਤੀ। ਉਸ ਦਾ 32 ਸਾਲ ਦਾ ਚੋਣਾਂ ਨੂੰ ਬਾਹਰੋਂ ਦੇਖਣ ਦਾ ਤਜਰਬਾ ਹੈ।
ਇਸ ਕਰਕੇ ਇਹ ਸਪੱਸ਼ਟ ਹੈ ਕਿ ਭਾਜਪਾ ਇਨ੍ਹਾਂ ਚੋਣਾਂ ਵਿਚ ਬੁਰੀ ਤਰ੍ਹਾਂ ਹਾਰ ਰਹੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੇ ਐਲਾਨ ਮਗਰੋਂ ਪਹਿਲਾਂ ਉਸ ਦਾ ਅੰਦਰਲਾ ਵੀ ਕਹਿੰਦਾ ਸੀ ਕਿ ਭਾਜਪਾ ਅਗਲੀ ਸਰਕਾਰ ਬਣਾ ਰਹੀ ਹੈ ਪਰ ਅਚਾਨਕ ਹੀ ਇਸ ਚੋਣ ਵਿੱਚ ਜੋ ਲੋਕਾਂ ਨੇ ਪਲਟਾ ਮਾਰਿਆ ਹੈ, ਉਹ ਇਤਿਹਾਸਕ ਹੈ।
ਇਸ ਕਰਕੇ ਭਾਜਪਾ 4 ਜੂਨ ਤੋਂ ਬਾਅਦ ਆਪਣਾ ਬਿਸਤਰਾ ਗੋਲ ਕਰ ਲਵੇਗੀ। ਯਾਦਵ ਨੇ ਕਿਹਾ ਕਿ ਭਾਜਪਾ ਵਾਂਗ ਪੰਜਾਬ ਦੀ ‘ਆਪ’ ਸਰਕਾਰ ਵੀ ਮੀਡੀਆ ਨੂੰ ਦਬਾਉਣ ਲਈ ਹੱਥਕੰਡੇ ਵਰਤ ਰਹੀ ਹੈ ਜੋ ਸ਼ਰਮਨਾਕ ਹੈ। ਇਸ ਮੌਕੇ ਜੈ ਕਿਸਾਨ ਅੰਦੋਲਨ ਤੋਂ ਦੀਪਕ ਲਾਂਬਾ ਤੇ ਡਾ. ਗਾਂਧੀ ਦੀ ਪਤਨੀ ਪਦਮਾ ਗਾਂਧੀ ਵੀ ਮੌਜੂਦ ਸਨ।

Check Also

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨਾਲ ਕੀਤੀ ਮੁਲਾਕਾਤ

ਕਿਹਾ : ਭਾਖੜਾ-ਨੰਗਲ ਡੈਮ ਮਿਊਜ਼ੀਅਮ ਦਾ ਜਲਦੀ ਹੋਵੇ ਨਿਰਮਾਣ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਸਿੱਖਿਆ …