ਡੇਰਾ ਸਿਰਸਾ ਮੁਖੀ ਅਜੇ ਫਿਲਮ ਦੀ ਸ਼ੂਟਿੰਗ ‘ਚ ਰੁਝੇ
ਬਠਿੰਡਾ : ਡੇਰਾ ਸਿਰਸਾ ਦੇ ਸਿਆਸੀ ਵਿੰਗ ਨੇ ਪੰਜਾਬ ਚੋਣਾਂ ਦੇ ਮੱਦੇਨਜ਼ਰ ਪੈਰੋਕਾਰਾਂ ਨਾਲ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਹਨ ਤੇ ਇਸ ਦੀ ਸ਼ੁਰੂਆਤ ਬਠਿੰਡਾ ਤੋਂ ਕੀਤੀ ਗਈ ਹੈ। ਮੁਢਲੇ ਪੜਾਅ ‘ਤੇ ਡੇਰਾ ਸਿਰਸਾ ਵੱਲੋਂ ਕਿਸੇ ਸਿਆਸੀ ਪਾਰਟੀ ਦੀ ਖੁੱਲ੍ਹੀ ਹਮਾਇਤ ਕੀਤੇ ਜਾਣ ਦੀ ਸੰਭਾਵਨਾ ਹੈ। ਪੰਜਾਬ ਚੋਣਾਂ ਨੇੜੇ ਹੋਣ ਕਰਕੇ ਹੁਣ ਸਿਆਸੀ ਆਗੂਆਂ ਨੇ ਵੀ ਡੇਰਿਆਂ ਵੱਲ ਨਿਗਾਹ ਕਰ ਲਈ ਹਨ ਤੇ ਕਈ ਸਿਆਸੀ ਆਗੂਆਂ ਨੇ ਡੇਰਾ ਸਿਰਸਾ ਤੱਕ ਪਹੁੰਚ ਕਰਨੀ ਸ਼ੁਰੂ ਕਰ ਦਿੱਤੀ ਹੈ। ਡੇਰਾ ਪ੍ਰੇਮੀਆਂ ਦੀ ਹਰ ਹਲਕੇ ਵਿੱਚ 15 ਹਜ਼ਾਰ ਵੋਟ ਦੱਸੀ ਜਾ ਰਹੀ ਹੈ। ਡੇਰਾ ਸਿਰਸਾ ਦੇ ਸਿਆਸੀ ਵਿੰਗ ਤਰਫ਼ੋਂ ਰੋਜ਼ਾਨਾ ਤਿੰਨ ਬਲਾਕਾਂ ਦੇ ਪੈਰੋਕਾਰਾਂ ਨਾਲ ਮੀਟਿੰਗ ਕੀਤੀ ਜਾਣੀ ਹੈ, ਜਿਸ ਵਿੱਚ ਇਕਜੁੱਟਤਾ ਦਾ ਸਬਕ ਪੜ੍ਹਾਇਆ ਜਾਣਾ ਹੈ। ਡੇਰਾ ਸਿਰਸਾ ਨੇ 2007 ਵਿੱਚ ਕਾਂਗਰਸ ਦੀ ਖੁੱਲ੍ਹੀ ਹਮਾਇਤ ਕੀਤੀ ਸੀ, ਜਦੋਂਕਿ 2012 ਵਿੱਚ ਡੇਰਾ ਸਿਰਸਾ ਨੇ ਲੁਕਵੇਂ ਰੂਪ ਵਿੱਚ ਹਮਾਇਤ ਦਿੱਤੀ ਸੀ। ਐਤਕੀਂ ਮੁੜ ਡੇਰਾ ਸਿਰਸਾ ਵੱਲੋਂ ਖੁੱਲ੍ਹੀ ਹਮਾਇਤ ਕੀਤੇ ਜਾਣ ਦੀ ਚਰਚਾ ਹੈ। ਸੂਤਰਾਂ ਅਨੁਸਾਰ ਡੇਰਾ ਸਿਰਸਾ ਦੇ ਕੇਂਦਰ ਦੀ ਭਾਜਪਾ ਸਰਕਾਰ ਨਾਲ ਨੇੜਲੇ ਸਬੰਧ ਹਨ। ਡੇਰਾ ਬਿਆਸ ਦੇ ਵੀ ਜਲਾਲਾਬਾਦ ਅਤੇ ਮੁਕਤਸਰ ਵਿੱਚ ਸਮਾਗਮ ਹੋ ਚੁੱਕੇ ਹਨ ਜਿਨ੍ਹਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਾਜ਼ਰੀ ਭਰੀ ਹੈ। ਸਿਆਸੀ ਪਾਰਟੀਆਂ ਨੇ ਹਰ ਇਲਾਕੇ ਦੇ ਡੇਰਿਆਂ ਵਿੱਚ ਗੇੜੇ ਮਾਰਨੇ ਸ਼ੁਰੂ ਕਰ ਦਿੱਤੇ ਹਨ। ਡੇਰਾ ਸਿਰਸਾ ਦੇ ਮੁਖੀ ਪਿਛਲੇ ਦਿਨਾਂ ਤੋਂ ਨਵੀਂ ਫਿਲਮ ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ। ਇਸ ਕਰਕੇ ਕਿਸੇ ਵੀ ਆਗੂ ਨੂੰ ਸਮਾਂ ਨਹੀਂ ਮਿਲ ਰਿਹਾ ਹੈ। ਡੇਰਾ ਮੁਖੀ ਨਵੀਂ ਫਿਲਮ ਦੀ ਸ਼ੂਟਿੰਗ ਲਈ ਪਹਿਲਾਂ 27 ਦਿਨ ਹਿਮਾਚਲ ਪ੍ਰਦੇਸ਼ ਵਿੱਚ ਰਹੇ ਹਨ ਅਤੇ ਹੁਣ ਸਿਰਸਾ ਵਿੱਚ ਸ਼ੂਟਿੰਗ ਚੱਲ ਰਹੀ ਹੈ। ਸੂਤਰ ਦੱਸਦੇ ਹਨ ਕਿ ਅਕਾਲੀ ਨੇਤਾਵਾਂ ਵੱਲੋਂ ਐਤਕੀਂ ਵਾਇਆ ਭਾਜਪਾ ਵਿੱਚ ਗਠਜੋੜ ਵਾਸਤੇ ਡੇਰਾ ਸਿਰਸਾ ਤੋਂ ਹਮਾਇਤ ਮੰਗੀ ਜਾਵੇਗੀ।
ਡੇਰਾ ਸਿਰਸਾ ਦੇ ਸਿਆਸੀ ਵਿੰਗ ਦੇ ਚੇਅਰਮੈਨ ਰਾਮ ਸਿੰਘ ਦਾ ਕਹਿਣਾ ਸੀ ਕਿ ਸਿਆਸੀ ਵਿੰਗ ਨੇ ਆਗਾਮੀ ਚੋਣਾਂ ਬਾਰੇ ਰਾਇ ਲੈਣ ਲਈ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ ਅਤੇ ਰੋਜ਼ਾਨਾ ਤਿੰਨ ਬਲਾਕਾਂ ਵਿੱਚ ਮੀਟਿੰਗਾਂ ਹੋਣਗੀਆਂ।
ਰਾਹੁਲ ਗਾਂਧੀ ਪਹੁੰਚੇ ਡੇਰਾ ਬਿਆਸ
ਰਾਹੁਲ ਤੇ ਕੈਪਟਨ ਨੇ ਸਤਿਸੰਗ ਵੀ ਸੁਣਿਆ
ਅੰਮ੍ਰਿਤਸਰ : ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸਮਰਥਨ ਪ੍ਰਾਪਤ ਕਰਨ ਦੇ ਇਰਾਦੇ ਨਾਲ ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਡੇਰਾ ਬਿਆਸ ਦਾ ਦੌਰਾ ਕੀਤਾ ਅਤੇ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ। ਰਾਹੁਲ ਗਾਂਧੀ ਸ਼ਨੀਵਾਰ ਰਾਤ ਵਿਸ਼ੇਸ਼ ਜਹਾਜ਼ ਰਾਹੀਂ ਡੇਰਾ ਬਿਆਸ ਪੁੱਜੇ ਸਨ। ਉਨ੍ਹਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੀ ਡੇਰੇ ਵਿੱਚ ਪੁੱਜੇ ਹੋਏ ਸਨ। ਦੋਵਾਂ ਆਗੂਆਂ ਨੇ ਤਿੰਨ ਡੰਗ ਦੀ ਰੋਟੀ ਡੇਰਾ ਮੁਖੀ ਨਾਲ ਖਾਧੀ। ਇਸ ਦੌਰਾਨ ਤਿੰਨਾਂ ਵਿਚਾਲੇ ਗੱਲਬਾਤ ਵੀ ਹੋਈ। ਇਸ ਦੌਰਾਨ ਸਵੇਰੇ ਸਤਿਸੰਗ ਵੇਲੇ ਰਾਹੁਲ ਗਾਂਧੀ ਤੇ ਕੈਪਟਨ ਅਮਰਿੰਦਰ ਸਿੰਘ ਦੋਵੇਂ ਆਮ ਸ਼ਰਧਾਲੂਆਂ ਵਾਂਗ ਸਤਿਸੰਗ ਵਿੱਚ ਸ਼ਾਮਲ ਹੋਏ ਅਤੇ ਲਗਪਗ ਇਕ ਘੰਟਾ ਪ੍ਰਵਚਨ ਸੁਣੇ। ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਰਾਹੁਲ ਗਾਂਧੀ ਤੋਂ ਪਹਿਲਾਂ ‘ਆਪ’ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਪਿਛਲੇ ਦਿਨੀਂ ਡੇਰਾ ਮੁਖੀ ਨਾਲ ਮੁਲਾਕਾਤ ਕਰ ਚੁੱਕੇ ਹਨ। ਇਸੇ ਤਰ੍ਹਾਂ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਮਜੀਠੀਆ ਨੇ ਵੀ ਜਲਾਲਾਬਾਦ ‘ਚ ਰਾਧਾ ਸੁਆਮੀ ਡੇਰੇ ‘ਚ ਜਾਕੇ ਹਾਜ਼ਰੀ ਭਰੀ ਹੈ।
Check Also
ਪੰਜਾਬ ’ਚ ਪੁਰਾਣੀ ਵਾਰਡਬੰਦੀ ਦੇ ਹਿਸਾਬ ਨਾਲ ਹੋਣਗੀਆਂ ਨਿਗਮ ਚੋਣਾਂ
ਸੂਬਾ ਸਰਕਾਰ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਕਿਸੇ ਸਮੇਂ ਵੀ …