Breaking News
Home / ਪੰਜਾਬ / ਕੇਜਰੀਵਾਲ 13 ਮਈ ਤੋਂ ਪੰਜਾਬ ‘ਚ ਕਰਨਗੇ ਚੋਣ ਪ੍ਰਚਾਰ

ਕੇਜਰੀਵਾਲ 13 ਮਈ ਤੋਂ ਪੰਜਾਬ ‘ਚ ਕਰਨਗੇ ਚੋਣ ਪ੍ਰਚਾਰ

ਆਮ ਆਦਮੀ ਪਾਰਟੀ ਨੂੰ ਸਟਾਰ ਪ੍ਰਚਾਰਕਾਂ ਦੀ ਘਾਟ ਰੜਕਣ ਲੱਗੀ
ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦਿੱਲੀ ਦੀਆਂ ਚੋਣਾਂ ਤੋਂ ਵਿਹਲੇ ਹੋ ਕੇ 13 ਮਈ ਤੋਂ ਪੰਜਾਬ ਦਾ ਦੌਰਾ ਕਰ ਕੇ ਆਪਣੇ 13 ਉਮੀਦਵਾਰਾਂ ਦਾ ਪਾਰ ਉਤਾਰਾ ਕਰਨਗੇ। ਸੂਤਰਾਂ ਅਨੁਸਾਰ ਕੇਜਰੀਵਾਲ ਦਿੱਲੀ ਚੋਣਾਂ ਤੋਂ ਵਿਹਲੇ ਹੋ ਕੇ 13 ਮਈ ਨੂੰ ਪੰਜਾਬ ਆਉਣਗੇ ਅਤੇ ਇਥੇ 5 ਦਿਨ ਰਹਿਣਗੇ। ਉਨ੍ਹਾਂ ਨਾਲ ਪੰਜਾਬ ਇਕਾਈ ਦੇ ਇੰਚਾਰਜ ਮਨੀਸ਼ ਸਿਸੋਦੀਆ, ਦਿੱਲੀ ਦੇ ਕਿਰਤ ਮੰਤਰੀ ਤੇ ਪਾਰਟੀ ਦੀ ਦਿੱਲੀ ਇਕਾਈ ਦੇ ਇੰਚਾਰਜ ਗੋਪਾਲ ਰਾਏ ਸਮੇਤ ਦਿੱਲੀ ਦੇ ਕੁਝ ਵਿਧਾਇਕਾਂ ਦੇ ਆਉਣ ਦੀ ਵੀ ਸੰਭਾਵਨਾ ਹੈ। ਦਰਅਸਲ ਇਸ ਵਾਰ ‘ਆਪ’ ਦੇ ਉਮੀਦਵਾਰਾਂ ਨੂੰ ਸਟਾਰ ਪ੍ਰਚਾਰਕਾਂ ਦੀ ਘਾਟ ਰੜਕ ਰਹੀ ਹੈ ਅਤੇ ਉਨ੍ਹਾਂ ਨੂੰ ਵਾਲੰਟੀਅਰਾਂ ਦੇ ਬਲਬੂਤੇ ‘ਤੇ ਹੀ ਚੋਣ ਪ੍ਰਚਾਰ ਚਲਾਉਣਾ ਪੈ ਰਿਹਾ ਹੈ। ਦੱਸਣਯੋਗ ਹੈ ਕਿ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸੰਸਦ ਮੈਂਬਰ ਭਗਵੰਤ ਮਾਨ ਸਟਾਰ ਪ੍ਰਚਾਰਕ ਸਨ। ਇਸ ਵਾਰ ਮਾਨ ਮੁੜ ਸੰਗਰੂਰ ਹਲਕੇ ਤੋਂ ਚੋਣ ਲੜ ਰਹੇ ਹਨ ਅਤੇ ਹੁਣ ਸਾਲ 2014 ਦੀਆਂ ਲੋਕ ਸਭਾ ਚੋਣਾਂ ਵਾਂਗ ‘ਆਪ’ ਦੀ ਕੋਈ ਹਵਾ ਨਹੀਂ ਹੈ ਜਦਕਿ ਉਲਟਾ ਪਾਰਟੀ ਵਿੱਚ ਪੈਦਾ ਹੋਈ 6 ਧਿਰੀ ਫੁੱਟ ਕਾਰਨ ਪਾਰਟੀ ਨੂੰ ਕਾਫੀ ਖੋਰਾ ਲੱਗ ਚੁੱਕਾ ਹੈ। ਇਨ੍ਹਾਂ ਚੋਣਾਂ ਵਿਚ ਦਿੱਲੀ ਤੋਂ ਪੰਜਾਬ ਵਿੱਚ ਇਕ ਵੀ ਅਬਜ਼ਰਵਰ ਨਿਯੁਕਤ ਨਹੀਂ ਕੀਤਾ ਗਿਆ ਜਦਕਿ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਚੋਣਾਂ ਤੋਂ ਕਈ ਮਹੀਨੇ ਪਹਿਲਾਂ ਹੀ ਪੰਜਾਬ ਵਿਚ 52 ਅਬਜ਼ਰਵਰਾਂ ਨੇ ਡੇਰੇ ਲਾ ਲਏ ਸਨ। ਉਸ ਵੇਲੇ ਇਨ੍ਹਾਂ ਅਬਜ਼ਰਵਰਾਂ ਕਾਰਨ ਪਾਰਟੀ ਦੀ ਭਾਰੀ ਬਦਨਾਮੀ ਹੋਈ ਸੀ। ਸੂਤਰਾਂ ਅਨੁਸਾਰ ਇਨ੍ਹਾਂ ਚੋਣਾਂ ਵਿੱਚ ਭਾਵੇਂ ਦਿੱਲੀ ਤੋਂ ਅਬਜ਼ਰਵਰ ਪੰਜਾਬ ਨਹੀਂ ਆਏ ਪਰ ਉਹ ਦਿੱਲੀ ਬੈਠੇ ਹੀ ਉਮੀਦਵਾਰਾਂ ਨੂੰ ਚੋਣ ਪ੍ਰਚਾਰ ਕਰਨ ਦੇ ਢੰਗ ਤਰੀਕੇ ਸਮਝਾ ਰਹੇ ਹਨ।

Check Also

ਕਾਂਗਰਸ ਖਿਲਾਫ ਆਮ ਆਦਮੀ ਪਾਰਟੀ ਦਾ ਰੋਸ ਪ੍ਰਦਰਸ਼ਨ

‘ਆਪ’ ਵੱਲੋਂ ਮੁਹਾਲੀ ਵਿੱਚ ਧਰਨਾ ਮੁਹਾਲੀ/ਬਿਊਰੋ ਨਿਊਜ਼ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ …