Breaking News
Home / ਪੰਜਾਬ / ‘ਆਪ’ ਲਈ ਆਪਣੇ ਹੀ ਬਣਨਗੇ ਚੁਣੌਤੀ

‘ਆਪ’ ਲਈ ਆਪਣੇ ਹੀ ਬਣਨਗੇ ਚੁਣੌਤੀ

ਭਗਵੰਤ ਮਾਨ, ਬਲਜਿੰਦਰ ਕੌਰ, ਸਾਧੂ ਸਿੰਘ ਅਤੇ ਨੀਨਾ ਮਿੱਤਲ ਦੇ ਰਾਹ ਵਿਚ ਰੋੜਾ ਬਣਨਗੇ ਬਾਗੀ
ਚੰਡੀਗੜ੍ਹ/ਬਿਊਰੋ ਨਿਊਜ਼ : ਇਸ ਵਾਰ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰਾਂ ਲਈ ਆਪਣੇ ਹੀ ਵੱਡੀ ਚੁਣੌਤੀ ਬਣ ਗਏ ਹਨ। ਲੋਕ ਸਭਾ ਦੀਆਂ 4 ਸੀਟਾਂ ਉਪਰ ਤਾਂ ‘ਆਪ’ ਵਿਰੁੱਧ ਸਿੱਧੇ ਤੌਰ ‘ਤੇ ਬਾਗੀ ਹੀ ਚੋਣ ਮੈਦਾਨ ਵਿਚ ਆ ਗਏ ਹਨ ਜਦਕਿ ਬਾਕੀ 9 ਸੀਟਾਂ ਉਪਰ ਵੀ ਬਾਗੀਆਂ ਨੇ ‘ਆਪ’ ਦੇ ਉਮੀਦਵਾਰਾਂ ਦੀ ਥਾਂ ‘ਬੇਗਾਨਿਆਂ’ ਨੂੰ ਹੀ ਸਮਰਥਨ ਦਿੱਤਾ ਹੈ। ਜਿਸ ਕਾਰਨ ਜਿਥੇ ‘ਆਪ’ ਦੇ ਉਮੀਦਵਾਰ ਇਕ ਪਾਸੇ ਰਵਾਇਤੀ ਪਾਰਟੀਆਂ ਕਾਂਗਰਸ, ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਟੱਕਰ ਲੈ ਰਹੇ ਹਨ, ਉਥੇ ਦੂਸਰੇ ਪਾਸੇ ਉਨ੍ਹਾਂ ਨੂੰ ਬਾਗੀਆਂ ਨਾਲ ਵੀ ਮੇਹਣੋ-ਮੇਹਣੀ ਹੋਣਾ ਪੈ ਰਿਹਾ ਹੈ। ਪਾਰਟੀ ਦੇ ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਸਿੰਘ ਮਾਨ ਨੂੰ ਖੁਦ ਪਾਰਟੀ ਦੇ ਬਾਗੀ ਉਮੀਦਵਾਰ ਗਾਇਕ ਜੱਸੀ ਜਸਰਾਜ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੱਸੀ ਨੂੰ ਪੰਜਾਬ ਜਮਹੂਰੀ ਗੱਠਜੋੜ (ਪੀਡੀਏ) ਵੱਲੋਂ ਬੈਂਸਾਂ ਦੀ ਲੋਕ ਇਨਸਾਫ ਪਾਰਟੀ ਦੀ ਟਿਕਟ ‘ਤੇ ਸੰਗਰੂਰ ਵਿਚ ਵਿਸ਼ੇਸ਼ ਤੌਰ ‘ਤੇ ਭਗਵੰਤ ਮਾਨ ਉਪਰ ਸਿਆਸੀ ਹਮਲੇ ਕਰਨ ਲਈ ਉਤਾਰਿਆ ਹੈ। ਦੱਸਣਯੋਗ ਹੈ ਕਿ ਮੁੱਢਲੇ ਦੌਰ ਵਿਚ ਜੱਸੀ ‘ਆਪ’ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਬੜਾ ਨੇੜੇ ਸੀ। ਉਹ ਚੋਣ ਪ੍ਰਚਾਰ ਕਰਦਿਆਂ ਮਾਨ ਨੂੰ ਤਿੱਖੀਆਂ ਸਿਆਸੀ ਚੋਭਾਂ ਕਰਕੇ ਪ੍ਰੇਸ਼ਾਨ ਕਰਨ ਦਾ ਯਤਨ ਕਰ ਰਿਹਾ ਹੈ। ਇਸ ਤੋਂ ਇਲਾਵਾ ਹਲਕਾ ਬਠਿੰਡਾ ਵਿੱਚ ਵੀ ‘ਆਪ’ ਦੀ ਉਮੀਦਵਾਰ ਤੇ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੂੰ ਉਥੇ ਖੜ੍ਹੇ ਬਾਗੀ ਧੜੇ ਦੇ ਮੋਢੀ ਅਤੇ ਪੰਜਾਬ ਏਕਤਾ ਪਾਰਟੀ ਦੇ ਐਡਹਾਕ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲੋਕ ਸਭਾ ਹਲਕੇ ਵਿਚਲੇ 2 ਬਾਗੀ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਅਤੇ ਜਗਦੇਵ ਸਿੰਘ ਕਮਾਲੂ ਵੀ ਬਲਜਿੰਦਰ ਕੌਰ ਲਈ ਸਿਰਦਰਦੀ ਬਣੇ ਹੋਏ ਹਨ। ਫਰੀਦਕੋਟ ਹਲਕੇ ਵਿਚ ਪਾਰਟੀ ਦੇ ਉਮੀਦਵਾਰ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਮੁੜ ਚੋਣ ਲੜ ਰਹੇ ਹਨ ਜਦਕਿ ਇਥੇ ਹੀ ਪਾਰਟੀ ਤੋਂ ਅਸਤੀਫਾ ਦੇ ਚੁੱਕੇ ਵਿਧਾਇਕ ਮਾਸਟਰ ਬਲਦੇਵ ਸਿੰਘ ਵੀ ਚੋਣ ਲੜ ਰਹੇ ਹਨ। ਜਿਸ ਕਾਰਨ ਇਨ੍ਹਾਂ ਦੋਵਾਂ ਵਿਚਕਾਰ ਸਿਆਸੀ ਖਹਿਬਾਜ਼ੀ ਹੋਣੀ ਸੁਭਾਵਕ ਹੈ। ਪਰ ਖਹਿਰਾ ਤੇ ਬਲਦੇਵ ਸਿੰਘ ‘ਆਪ’ ਦੇ ਵਿਧਾਇਕ ਹੋਣ ਦੇ ਬਾਵਜੂਦ ਪੰਜਾਬ ਏਕਤਾ ਪਾਰਟੀ ਵੱਲੋਂ ‘ਆਪ’ ਦੇ ਉਮੀਦਵਾਰਾਂ ਵਿਰੁੱਧ ਲੋਕ ਸਭਾ ਚੋਣ ਲੜ ਰਹੇ ਹਨ। ਲੋਕ ਸਭਾ ਹਲਕਾ ਪਟਿਆਲਾ ਵਿੱਚ ਵੀ ਪਾਰਟੀ ਵਿਚੋਂ ਮੁਅੱਤਲ ਕੀਤੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਆਪਣੀ ਨਵਾਂ ਪੰਜਾਬ ਪਾਰਟੀ ਦੀ ਟਿਕਟ ‘ਤੇ ਪੀਡੀਏ ਦੇ ਬੈਨਰ ਹੇਠ ਚੋਣ ਲੜ ਰਹੇ ਹਨ ਜਦਕਿ ਇਸੇ ਹਲਕੇ ਵਿਚ ‘ਆਪ’ ਦੀ ਟਰੇਡਰਜ਼ ਵਿੰਗ ਦੀ ਪ੍ਰਧਾਨ ਨੀਨਾ ਮਿੱਤਲ ਵੀ ਚੋਣ ਲੜ ਰਹੀ ਹੈ। ਇਨ੍ਹਾਂ 4 ਹਲਕਿਆਂ ਵਿਚ ਸਿੱਧੇ ਤੌਰ ‘ਤੇ ਪਾਰਟੀ ਦੇ ਅਧਿਕਾਰਤ ਉਮੀਦਵਾਰਾਂ ਵਿਰੁੱਧ ਬਾਗੀ ਖੜ੍ਹੇ ਹੋ ਕੇ ਮੁਸੀਬਤ ਦਾ ਕਾਰਨ ਬਣ ਰਹੇ ਹਨ। ਇਸ ਤੋਂ ਇਲਾਵਾ ਬਾਕੀ ਹਲਕਿਆਂ ਵਿੱਚ ਪਾਰਟੀ ਤੋਂ ਬਾਗੀ ਹੋਏ ਖਹਿਰਾ, ਬਲਦੇਵ ਸਿੰਘ ਅਤੇ ਡਾ. ਗਾਂਧੀ ‘ਆਪ’ ਦੇ ਉਮੀਦਵਾਰਾਂ ਦੀ ਥਾਂ ਪੀਡੀਏ ਦੇ ਉਮੀਦਵਾਰਾਂ ਦੀ ਹਮਾਇਤ ਕਰ ਰਹੇ ਹਨ। ਜਿਸ ਤਹਿਤ ਇਨ੍ਹਾਂ ਆਗੂਆਂ ਵੱਲੋਂ ਅੰਮ੍ਰਿਤਸਰ ਤੋਂ ਸੀਪੀਆਈ ਦੀ ਉਮੀਦਵਾਰ ਦਸਵਿੰਦਰ ਕੌਰ ਤੇ ਫਿਰੋਜ਼ਪੁਰ ਤੋਂ ਹੰਸ ਰਾਜ ਗੋਲਡਨ ਦੀ ਮਦਦ ਕੀਤੀ ਜਾ ਰਹੀ ਹੈ। ਇਹ ਆਗੂ ਜਲੰਧਰ ਤੋਂ ਬਸਪਾ ਦੇ ਉਮੀਦਵਾਰ ਬਲਵਿੰਦਰ ਸਿੰਘ, ਹੁਸ਼ਿਆਰਪੁਰ ਤੋਂ ਸੇਵਾਮੁਕਤ ਆਈਏਐੱਸ ਅਧਿਕਾਰੀ ਖੁਸ਼ੀ ਰਾਮ ਤੇ ਆਨੰਦਪੁਰ ਸਾਹਿਬ ਤੋਂ ਵਿਕਰਮ ਸਿੰਘ ਸੋਢੀ ਦੀ ਹਮਾਇਤ ਕਰ ਰਹੇ ਹਨ। ਇਸੇ ਤਰ੍ਹਾਂ ਬਾਗੀਆਂ ਵੱਲੋਂ ਲੁਧਿਆਣਾ ਤੋਂ ਲੋਕ ਇਨਸਾਫ ਪਾਰਟੀ ਦੇ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਤੇ ਫਤਿਹਗੜ੍ਹ ਸਾਹਿਬ ਤੋਂ ਮਨਵਿੰਦਰ ਸਿੰਘ ਗਿਆਸਪੁਰਾ ਦੀ ਮਦਦ ਕੀਤੀ ਜਾ ਰਹੀ ਹੈ। ਇਹ ਆਗੂ ਖਡੂਰ ਸਾਹਿਬ ਤੋਂ ਵੀ ‘ਆਪ’ ਦੇ ਉਮੀਦਵਾਰ ਦੀ ਥਾਂ ਪੰਜਾਬ ਏਕਤਾ ਪਾਰਟੀ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਦੀ ਹਮਾਇਤ ਕਰ ਰਹੇ ਹਨ।

Check Also

ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ

ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …