
ਕਿਹਾ, ਅਸੀਂ ਪੰਜਾਬ ਨੂੰ ‘ਡਾਰਕ ਜ਼ੋਨ’ ਵਿਚੋਂ ਬਾਹਰ ਕੱਢਿਆ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਧਾਨ ਸਭਾ ਇਜਲਾਸ ਦੇ ਅੱਜ ਦੂਜੇ ਦਿਨ ਕਾਰਵਾਈ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਵਿਚ ਘਟ ਰਹੇ ਪਾਣੀ ਦੇ ਪੱਧਰ ਬਾਰੇ ਅੰਕੜੇ ਪੇਸ਼ ਕੀਤੇ। ਇਸਦੇ ਨਾਲ ਹੀ ਉਹਨਾਂ ਕਿਹਾ ਕਿ ਪੰਜਾਬ ਹੁਣ ਡਾਰਕ ਜ਼ੋਨ ਵਿਚੋਂ ਨਿਕਲ ਚੁੱਕਾ ਹੈ ਅਤੇ ਪਾਣੀ ਦਾ ਪੱਧਰ ਥੋੜ੍ਹਾ ਵਧਿਆ ਹੈ। ਝੋਨੇ ਦੇ ਸੀਜ਼ਨ ਸਬੰਧੀ ਬੋਲਦੇ ਹੋਏ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਾਡੇ ਕੋਲ ਭਾਰਤ ਸਰਕਾਰ ਦੇ ਭੂ-ਜਲ ਦੇ ਕੁਝ ਅੰਕੜੇ ਆਏ ਹਨ, ਜੋ ਕਿ ਬੇਹੱਦ ਪਾਜ਼ੇਟਿਵ ਹਨ। ਉਹਨਾਂ ਕਿਹਾ ਕਿ ਇਸ ਵਾਰ ਮੀਂਹ ਘੱਟ ਪੈਣ ਕਾਰਨ ਨਹਿਰੀ ਪਾਣੀ ਪੰਜਾਬ ਦੇ ਲੋਕਾਂ ਤੱਕ ਪਹੁੰਚਿਆ ਹੈ, ਜਿਸ ਕਰਕੇ ਫਸਲ ਦਾ ਝਾੜ ਵੀ ਵਧਿਆ ਹੈ। ਉਹਨਾਂ ਕਿਹਾ ਕਿ ਪਾਣੀ ਧਰਤੀ ਵਿਚੋਂ ਘੱਟ ਵਰਤਿਆ ਗਿਆ ਹੈ। ਸੀਐਮ ਮਾਨ ਨੇ ਕਿਹਾ ਕਿ ਪੰਜਾਬ ਵਿਚ ਪਾਣੀ ਦਾ ਪੱਧਰ ਇਕ ਮੀਟਰ ਤੋਂ 5 ਮੀਟਰ ਤੱਕ ਵਧਿਆ ਹੈ, ਜਿਸ ਕਰਕੇ ਬਹੁਤੇ ਇਲਾਕੇ ਜਿਹੜੇ ਡਾਰਕ ਜ਼ੋਨ ਵਿਚ ਸਨ, ਉਹ ਹੁਣ ਸੇਫ ਜੋਨ ਵਿਚ ਆ ਗਏ ਹਨ, ਜਿਸ ਕਰਕੇ ਪੰਜਾਬ ਡਾਰਕ ਜ਼ੋਨ ਵਿਚੋਂ ਬਾਹਰ ਆਇਆ ਹੈ। ਉਨ੍ਹਾਂ ਦੱਸਿਆ ਕਿ 14 ਹਜ਼ਾਰ ਕਿਲੋਮੀਟਰ ਤੱਕ ਪਾਈਪ ਲਾਈਨ ਵਿਛਾਈ ਗਈ ਹੈ ਅਤੇ 6 ਹਜ਼ਾਰ ਕਿਲੋਮੀਟਰ ਹੋਰ ਪਾਈਪ ਲਾਈਨ ਵਿਛਾਈ ਜਾਣੀ ਹੈ। ਉਹਨਾਂ ਕਿਹਾ ਕਿ ਸਾਡੇ ਸੂਬੇ ਦਾ ਨਾਂ ਪਾਣੀਆਂ ’ਤੇ ਹੈ, ਜਿਸ ਨੂੰ ਅਸੀਂ ਰੇਗਿਸਤਾਨ ਨਹੀਂ ਬਣਨ ਦੇਣਾ।
ਪੰਜਾਬ ਵਿਧਾਨ ਸਭਾ ਇਜਲਾਸ ਦਾ ਅੱਜ ਦੂਜਾ ਦਿਨ ਹੰਗਾਮਿਆਂ ਭਰਪੂਰ ਰਿਹਾ
ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਮੌਜੂਦਾ ਇਜਲਾਸ ਲਈ ਮੁਅੱਤਲ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਧਾਨ ਸਭਾ ਇਜਲਾਸ ਦਾ ਅੱਜ ਦੂਜਾ ਦਿਨ ਹੰਗਾਮਿਆਂ ਭਰਪੂਰ ਰਿਹਾ ਹੈ। ਇਸੇ ਦੌਰਾਨ ਕਾਂਗਰਸੀ ਵਿਧਾਇਕਾਂ ਨੇ ਵਿਧਾਨ ਸਭਾ ਦੇ ਬਾਹਰ ਸੂਬਾ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਾਂਗਰਸੀ ਵਿਧਾਇਕ ਲਾਹਣਤ ਪੱਤਰ ਲੈ ਕੇ ਵਿਧਾਨ ਸਭਾ ਪਹੁੰਚੇ। ਇਸ ਬਾਰੇ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਗਟ ਸਿੰਘ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬੇਅਦਬੀ ਦੇ ਮਾਮਲਿਆਂ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ। ਸੂਬੇ ਵਿੱਚ ਨਸ਼ਾ ਮਾਫੀਆ ਦੀ ਸਰਪਰਸਤੀ ਵਧੀ ਹੈ ਅਤੇ ਪੰਜਾਬ ਸਿਰ ਕਰਜ਼ੇ ਦਾ ਬੋਝ ਵੀ ਵਧਿਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਮਾਈਨਿੰਗ ਨੂੰ ਰੋਕਣ ਵਿੱਚ ਨਾਕਾਮ ਰਹੀ ਹੈ ਅਤੇ ਇਸ ਤੋਂ ਇਲਾਵਾ ਕਿਸਾਨੀ ਮੁੱਦਿਆਂ ਅਤੇ ਪੰਜਾਬ ਦੇ ਡੈਮਾਂ ਦੀ ਰਾਖੀ ਕਰਨ ਵਿੱਚ ਨਾਕਾਮ ਰਹੀ ਹੈ। ਉਹਨਾਂ ਕਿਹਾ ਕਿ ਲੰਘੇ ਕੱਲ੍ਹ ਵੀ ਪੰਜਾਬ ਸਰਕਾਰ ਸਿਰਫ ਨੌ ਮਿੰਟਾਂ ਵਿੱਚ ਵਿਧਾਨ ਸਭਾ ਦਾ ਇਜਲਾਸ ਖਤਮ ਕਰਵਾ ਕੇ ਭੱਜ ਗਈ ਸੀ। ਪੰਜਾਬ ਵਿਧਾਨ ਸਭਾ ਦੇ ਇਜਲਾਸ ਦੀ ਕਾਰਵਾਈ ਦੌਰਾਨ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਮੰਦੀ ਸ਼ਬਦਾਵਲੀ ਬੋਲਣ ਕਰਕੇ ਰਹਿੰਦੇ ਇਜਲਾਸ ਲਈ ਸਦਨ ਵਿਚੋਂ ਮੁਅੱਤਲ ਕਰਨ ਦੀ ਮੰਗ ਉਠੀ, ਜਿਸ ਤੋਂ ਬਾਅਦ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਖਹਿਰਾ ਨੂੰ ਰਹਿੰਦੇ ਸੈਸ਼ਨ ਲਈ ਮੁਅੱਤਲ ਕਰ ਦਿੱਤਾ। ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਦਾ ਇਜਲਾਸ ਲੰਘੇ ਕੱਲ੍ਹ 22 ਅਕਤੂਬਰ ਨੂੰ ਸ਼ੁਰੂ ਹੋਇਆ ਸੀ ਅਤੇ ਇਹ ਆਉਂਦੀ 27 ਅਕਤੂਬਰ ਤੱਕ ਚੱਲੇਗਾ।

