Breaking News
Home / ਪੰਜਾਬ / ਸਿੱਧੂ ਨੂੰ ਸਲਾਹਕਾਰ ਗਰੁੱਪਾਂ ‘ਚ ਸ਼ਾਮਲ ਕਰਨ ਦੀ ਕੈਪਟਨ ਨੇ ਲੋੜ ਨਹੀਂ ਸਮਝੀ

ਸਿੱਧੂ ਨੂੰ ਸਲਾਹਕਾਰ ਗਰੁੱਪਾਂ ‘ਚ ਸ਼ਾਮਲ ਕਰਨ ਦੀ ਕੈਪਟਨ ਨੇ ਲੋੜ ਨਹੀਂ ਸਮਝੀ

8 ਸਲਾਹਕਾਰ ਗਰੁੱਪਾਂ ਵਿਚੋਂ ਸਿੱਧੂ ਬਾਹਰ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਇਕ ਹੋਰ ਝਟਕਾ ਦੇ ਦਿੱਤਾ ਹੈ। ਕੈਪਟਨ ਨੇ ਮਹੱਤਵਪੂਰਨ ਪ੍ਰੋਗਰਾਮਾਂ ਅਤੇ ਸਕੀਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਅਤੇ ਇਨ੍ਹਾਂ ਵਿਚ ਲੋੜੀਂਦੀਆਂ ਸੋਧਾਂ ਕਰਨ ਲਈ 8 ਸਲਾਹਕਾਰ ਗਰੁੱਪਾਂ ਦਾ ਗਠਨ ਕਰਨ ਦਾ ਹੁਕਮ ਦਿੱਤਾ ਹੈ ਜਿਨ੍ਹਾਂ ਵਿਚ ਹੋਰ ਸਾਰੇ ਮੰਤਰੀਆਂ ਸਮੇਤ ਕਈ ਵਿਧਾਇਕ ਵੀ ਸ਼ਾਮਲ ਹਨ ਪਰ ਸਿੱਧੂ ਦਾ ਨਾਮ ਇਨ੍ਹਾਂ ਵਿੱਚੋਂ ਗਾਇਬ ਹੈ। ਕੈਪਟਨ ਨੇ ਸਿੱਧੂ ਤੋਂ ਇਲਾਵਾ ਡਾਕਟਰੀ ਸਿੱਖਿਆ ਖੋਜ, ਸੁਤੰਤਰਤਾ ਸੈਨਾਨੀ ਤੇ ਫੂਡ ਪ੍ਰੋਸੈਸਿੰਗ ਵਿਭਾਗਾਂ ਦੇ ਮੰਤਰੀ ਓਪੀ ਸੋਨੀ ਨੂੰ ਵੀ ਕਿਸੇ ਗਰੁੱਪ ਵਿਚ ਨਾਮਜ਼ਦ ਨਹੀਂ ਕੀਤਾ ਗਿਆ। ਦੱਸਣਯੋਗ ਹੈ ਕਿ ਮੁੱਖ ਮੰਤਰੀ ਨੇ ਸੋਨੀ ਕੋਲੋਂ ਪਹਿਲਾਂ ਵਾਤਾਵਰਣ ਵਿਭਾਗ ਵਾਪਸ ਲਿਆ ਸੀ ਅਤੇ ਹੁਣ ਸਿੱਖਿਆ ਵਿਭਾਗ ਵੀ ਖੋਹ ਲਿਆ ਹੈ। ਇਨ੍ਹਾਂ 8 ਗਰੱਪਾਂ ਵਿਚ ਕੈਪਟਨ ਨੇ ਖੁਦ ਸ਼ਹਿਰੀ ਕਾਇਆਪਲਟ ਅਤੇ ਸੁਧਾਰ ਪ੍ਰੋਗਰਾਮਾਂ ਵਿਚ ਸੁਧਾਰ ਲਿਆਉਣ ਅਤੇ ਨਸ਼ਿਆਂ ਵਿਰੋਧੀ ਮੁਹਿੰਮ ਦਾ ਮੋਰਚਾ ਸੰਭਾਲਿਆ ਹੈ। ਇਹ ਗਰੁੱਪ ਸਕੀਮਾਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲੈਣ ਦੇ ਨਾਲ ਇਨ੍ਹਾਂ ਸਬੰਧੀ ਅਨੁਮਾਨ ਵੀ ਲਾਉਣਗੇ ਤਾਂ ਜੋ ਇਨ੍ਹਾਂ ਵਿਚ ਅੱਗੇ ਹੋਰ ਸੁਧਾਰ ਲਈ ਸਿਫਾਰਸ਼ਾਂ ਕੀਤੀਆਂ ਜਾ ਸਕਣ। ਇਹ ਗਰੁੱਪ ਸਕੀਮਾਂ ਦੇ ਮੌਜੂਦਾ ਦਿਸ਼ਾ-ਨਿਰਦੇਸ਼ਾਂ ਵਿਚ ਸੋਧਾਂ ਸਬੰਧੀ ਵੀ ਸਿਫਾਰਸ਼ਾਂ ਦੇਣਗੇ। ਇਹ ਗਰੁੱਪ ਆਪਣੀਆਂ ਰਿਪੋਰਟਾਂ 4 ਹਫਤਿਆਂ ਵਿਚ ਮੁੱਖ ਮੰਤਰੀ ਕੋਲ ਪੇਸ਼ ਕਰਨਗੇ। ਇਨ੍ਹਾਂ ਗਰੁੱਪਾਂ ਦੀਆਂ ਰਿਪੋਰਟਾਂ ਉੱਤੇ ਜੁਲਾਈ ਮਹੀਨੇ ਮੰਤਰੀ ਮੰਡਲ ਦੀ ਹੋਣ ਵਾਲੀ ਮੀਟਿੰਗ ਦੌਰਾਨ ਵਿਚਾਰ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਆਪਣੇ ਪਿਛਲੇ ਦੋ ਸਾਲਾਂ ਦੇ ਕਾਰਜਕਾਲ ਦੌਰਾਨ ਗਰੀਬ ਪੱਖੀ ਕਈ ਸਕੀਮਾਂ ਸ਼ੁਰੂ ਕੀਤੀਆਂ ਹਨ ਪਰ ਵੱਖ-ਵੱਖ ਇਲਾਕਿਆਂ ਦੇ ਦੌਰੇ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਚੁਣੇ ਹੋਏ ਨੁਮਾਇੰਦਿਆਂ ਅਤੇ ਭਾਈਚਾਰਿਆਂ ਦੀ ਇਨ੍ਹਾਂ ਸਕੀਮਾਂ ਨੂੰ ਲਾਗੂ ਕਰਨ ਵਿਚ ਸ਼ਮੂਲੀਅਤ ਨੂੰ ਹੋਰ ਅਸਰਦਾਇਕ ਢੰਗ ਨਾਲ ਬਣਾਉਣ ਦੀ ਜ਼ਰੂਰਤ ਹੈ। ਸਥਾਨਕ ਸਰਕਾਰ ਮੰਤਰੀ ਬ੍ਰਹਮ ਮਹਿੰਦਰਾ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਮਕਾਨ ਤੇ ਸ਼ਹਿਰੀ ਵਿਕਾਸ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ, ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ, ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ, ਵਿਧਾਇਕ ਪਰਗਟ ਸਿੰਘ, ਸੁਸ਼ੀਲ ਕੁਮਾਰ ਰਿੰਕੂ, ਸੁਨੀਲ ਦੱਤੀ, ਅੰਮ੍ਰਿਤ ਵਿੱਜ, ਗੁਰਕੀਰਤ ਸਿੰਘ ਕੋਟਲੀ, ਸੁਰਿੰਦਰ ਕੁਮਾਰ ਡਾਵਰ ਅਤੇ ਡਾ. ਹਰਜੋਤ ਕਮਲ ਸਿੰਘ ਇਸ ਦੇ ਮੈਂਬਰ ਹੋਣਗੇ।
ਨਸ਼ਿਆਂ ਸਬੰਧੀ ਸਲਾਹਕਾਰੀ ਗਰੁੱਪ ਦੇ ਮੁਖੀ ਕੈਪਟਨ ਅਮਰਿੰਦਰ : ਨਸ਼ਿਆਂ ਸਬੰਧੀ ਸਲਾਹਕਾਰੀ ਗਰੁੱਪ ਦੇ ਵੀ ਮੁੱਖ ਮੰਤਰੀ ਮੁਖੀ ਹੋਣਗੇ ਜਦਕਿ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਦਿਹਾਤੀ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ, ਡੀ.ਜੀ.ਪੀ ਦਿਨਕਰ ਗੁਪਤਾ ਅਤੇ ਏ.ਡੀ.ਜੀ.ਪੀ/ਐਸ.ਟੀ.ਐਫ ਗੁਰਪ੍ਰੀਤ ਕੌਰ ਦਿਓ ਇਸ ਦੇ ਮੈਂਬਰ ਹੋਣਗੇ। ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਕਰਜ਼ੇ ਮੁਆਫੀ ਸਬੰਧੀ ਸਲਾਹਕਾਰੀ ਗਰੁੱਪ ਵਿਚ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਚੇਅਰਮੈਨ ਜਦਕਿ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਤੇ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਮੈਂਬਰ ਬਣਾਇਆ ਗਿਆ ਹੈ। ਵਿਆਪਕ ਸਿਹਤ ਬੀਮਾ ਸਬੰਧੀ ਗਰੁੱਪ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਚੇਅਰਮੈਨ ਹੋਣਗੇ ਜਦਕਿ ਸਮਾਜਿਕ ਸੁਰੱਖਿਆ ਮੰਤਰੀ ਅਰੁਣਾ ਚੌਧਰੀ ਇਸ ਦੇ ਮੈਂਬਰ ਹੋਣਗੇ। ਘਰ ਘਰ ਰੁਜ਼ਗਾਰ ਗਰੁੱਪ ਦਾ ਚੇਅਰਮੈਨ ਰੁਜ਼ਗਾਰ ਉਤਪਤੀ ਤੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਬਣਾਇਆ ਹੈ ਜਦਕਿ ਕਿਰਤ ਮੰਤਰੀ ਬਲਬੀਰ ਸਿੱਧੂ ਅਤੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਇਸ ਦੇ ਮੈਂਬਰ ਬਣਾਏ ਹਨ। ਖੁਰਾਕ ਸੁਰੱਖਿਆ – ਸਮਾਰਟ ਰਾਸ਼ਨ ਕਾਰਡਾਂ ਸਬੰਧੀ ਗਰੁੱਪ ਦੇ ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਮੁਖੀ ਹੋਣਗੇ ਅਤੇ ਪੰਚਾਇਤ ਮੰਤਰੀ ਤ੍ਰਿਪਤ ਬਾਜਵਾ ਤੇ ਸਮਾਜਿਕ ਸੁਰੱਖਿਆ ਮੰਤਰੀ ਅਰੁਣਾ ਚੌਧਰੀ ਨੂੰ ਮੈਂਬਰ ਬਣਾਇਆ ਹੈ।ਦਿਹਾਤੀ ਵਿਕਾਸ – ਐਮ.ਜੀ.ਐਸ.ਵੀ.ਵਾਈ, ਐਸ.ਵੀ.ਸੀ, ਮਗਨਰੇਗਾ, ਦਿਹਾਤੀ ਮਕਾਨ ਉਸਾਰੀ ਸਬੰਧੀ ਗਰੁੱਪ ਦੇ ਦਿਹਾਤੀ ਵਿਕਾਸ ਤੇ ਪੰਚਾਇਤ ਮੰਤਰੀ ਤੇ ਪਸ਼ੂ ਪਾਲਣ ਮੰਤਰੀ ਤ੍ਰਿਪਤ ਬਾਜਵਾ ਚੇਅਰਮੈਨ ਹੋਣਗੇ ਜਦਕਿ ਭਲਾਈ ਮੰਤਰੀ ਧਰਮਸੋਤ ਤੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਰਜ਼ੀਆ ਸੁਲਤਾਨਾ ਇਸ ਦੇ ਮੈਂਬਰ ਹੋਣਗੇ।
ਸਿੱਧੂ ਨੇ ਦਿੱਲੀ ‘ਚ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਨਾਲ ਕੀਤੀ ਮੁਲਾਕਾਤ
ਚੰਡੀਗੜ੍ਹ : ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਅਤੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਮਿਲੇ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਉਨ੍ਹਾਂ ਦਾ ਸਥਾਨਕ ਸਰਕਾਰਾਂ ਬਾਰੇ ਵਿਭਾਗ ਬਦਲੇ ਜਾਣ ਸਬੰਧੀ ਜਾਣਕਾਰੀ ਦਿੱਤੀ। ਕਾਂਗਰਸ ਪ੍ਰਧਾਨ ਨੇ ਕੈਪਟਨ ਅਤੇ ਸਿੱਧੂ ਵਿਚਾਲੇ ਪੈਦਾ ਹੋਏ ਮਸਲੇ ਦੇ ਹੱਲ ਦੀ ਜ਼ਿੰਮੇਵਾਰੀ ਸੀਨੀਅਰ ਕਾਂਗਰਸ ਆਗੂ ਅਹਿਮਦ ਪਟੇਲ ਨੂੰ ਸੌਂਪੀ ਹੈ। ਸ੍ਰੀ ਸਿੱਧੂ ਨੇ ਕਾਂਗਰਸ ਪ੍ਰਧਾਨ ਨੂੰ ਇਕ ਪੱਤਰ ਵੀ ਸੌਂਪਿਆ ਪਰ ਇਸ ਪੱਤਰ ਦੇ ਵੇਰਵੇ ਪਤਾ ਨਹੀਂ ਲੱਗ ਸਕੇ।
ਜਾਣਕਾਰ ਹਲਕਿਆਂ ਦਾ ਕਹਿਣਾ ਹੈ ਕਿ ਕਾਂਗਰਸ ਪ੍ਰਧਾਨ ਨੇ ਸਿੱਧੂ ਨੂੰ ਆਪਣਾ ਕੰਮਕਾਜ ਜਾਰੀ ਰੱਖਣ ਲਈ ਕਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸੀਨੀਅਰ ਕਾਂਗਰਸ ਆਗੂ ਅਹਿਮਦ ਪਟੇਲ ਨੂੰ ਕਿਹਾ ਹੈ ਕਿ ਜਿਸ ਢੰਗ ਨਾਲ ਪਿਛਲੇ ਦਿਨੀਂ ਕੈਪਟਨ ਸਰਕਾਰ ਵਲੋਂ ਮੰਤਰੀਆਂ ਦੇ ਵਿਭਾਗਾਂ ਵਿਚ ਫੇਰਬਦਲ ਕੀਤਾ ਗਿਆ ਹੈ, ਉਸ ਤੋਂ ਉਹ ਖੁਸ਼ ਨਹੀਂ ਹਨ ਅਤੇ ਇਹ ਗੱਲ ਮੁੱਖ ਮੰਤਰੀ ਤੱਕ ਪੁੱਜਦੀ ਕਰ ਦਿੱਤੀ ਜਾਵੇ। ਮੀਟਿੰਗ ਤੋਂ ਬਾਅਦ ਕਾਂਗਰਸ ਪ੍ਰਧਾਨ ਦਾ ਸੁਨੇਹਾ ਮੁੱਖ ਮੰਤਰੀ ਤੱਕ ਪੁੱਜਦਾ ਕਰ ਦਿੱਤਾ ਗਿਆ ਹੈ ਪਰ ਸੂਤਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਨੇ ਹਾਲ ਦੀ ਘੜੀ ਕੈਬਨਿਟ ਵਿਚ ਮੁੜ ਫੇਰਬਦਲ ਕਰਨ ਦੀ ਹਾਮੀ ਨਹੀਂ ਭਰੀ ਹੈ। ਇਸ ਸਥਿਤੀ ਵਿਚ ਸ੍ਰੀ ਸਿੱਧੂ ਦਿੱਤੇ ਗਏ ਨਵੇਂ ਬਿਜਲੀ ਵਿਭਾਗ ਦਾ ਚਾਰਜ ਲੈ ਲੈਣਗੇ ਜਾਂ ਉਡੀਕ ਕਰਨਗੇ ਜਾਂ ਇਨਕਾਰ ਕਰਨਗੇ, ਇਸ ਬਾਰੇ ਅਗਲੇ ਇਕ-ਦੋ ਦਿਨਾਂ ਵਿਚ ਸਥਿਤੀ ਸਪੱਸ਼ਟ ਹੋਵੇਗੀ। ਇਹ ਵੀ ਚਰਚਾ ਹੈ ਕਿ ਉਹ ਕਾਂਗਰਸ ਵਿਚ ਵਿਧਾਇਕ ਤਾਂ ਬਣੇ ਰਹਿਣ ਪਰ ਵਜ਼ਾਰਤ ਤੋਂ ਅਸਤੀਫ਼ਾ ਦੇ ਦੇਣ।

Check Also

ਕੈਬਨਿਟ ਮੀਟਿੰਗ ਦੌਰਾਨ ਮੁੱਖ ਮੰਤਰੀ ਮਾਨ ਨੇ ਮਜ਼ਦੂਰਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਉਣ ਦਾ ਕੀਤਾ ਐਲਾਨ

11231 ਲਾਭਪਾਤਰੀ ਬਣਨਗੇ ਜ਼ਮੀਨਾਂ ਦੇ ਮਾਲਕ ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ …