Breaking News
Home / ਪੰਜਾਬ / ਕੁਵੈਤ ਦੀ ਜੇਲ੍ਹ ‘ਚ ਪਿਛਲੇ ਅੱਠ ਮਹੀਨਿਆਂ ਤੋਂ ਕੈਦ ਹੁਸ਼ਿਆਰਪੁਰ ਦੇ ਨੌਜਵਾਨ ਨੂੰ ਫਾਂਸੀ ਦੀ ਸਜ਼ਾ

ਕੁਵੈਤ ਦੀ ਜੇਲ੍ਹ ‘ਚ ਪਿਛਲੇ ਅੱਠ ਮਹੀਨਿਆਂ ਤੋਂ ਕੈਦ ਹੁਸ਼ਿਆਰਪੁਰ ਦੇ ਨੌਜਵਾਨ ਨੂੰ ਫਾਂਸੀ ਦੀ ਸਜ਼ਾ

ਪੰਜਾਬ ਤੇ ਕੇਂਦਰ ਸਰਕਾਰ ਨੂੰ ਦਖ਼ਲ ਦੇਣ ਦੀ ਅਪੀਲ
ਮਾਹਿਲਪੁਰ/ਬਿਊਰੋ ਨਿਊਜ਼ : ਪਿਛਲੇ 9 ਮਹੀਨਿਆਂ ਤੋਂ ਕੁਵੈਤ ਦੀ ਜੇਲ੍ਹ ਵਿਚ ਬੰਦ ਪੰਜਾਬੀ ਨੌਜਵਾਨ ਦੇ ਪਰਿਵਾਰ ‘ਤੇ ਉਸ ਵੇਲੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ, ਜਦੋਂ ਉਨ੍ਹਾਂ ਨੂੰ ਕੁਵੈਤ ਦੀ ਜੇਲ੍ਹ ਵਿਚੋਂ ਉਨ੍ਹਾਂ ਦੇ ਪੁੱਤਰ ਨੂੰ ਫਾਂਸੀ ਦੀ ਸਜ਼ਾ ਹੋਣ ਦਾ ਫੋਨ ਆਇਆ। ਪਰਿਵਾਰਕ ਮੈਂਬਰਾਂ ਨੇ ਪੰਜਾਬ ਦੇ ਮੁੱਖ ਮੰਤਰੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਦੇਸ਼ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਕੁਵੈਤ ਸਰਕਾਰ ਨਾਲ ਸੰਪਰਕ ਕਰ ਕੇ ਉਨ੍ਹਾਂ ਦੇ ਲੜਕੇ ਦੀ ਜਾਨ ਬਚਾਈ ਜਾਵੇ ਜੋ ਜਨਵਰੀ 2019 ਤੋਂ ਕੁਵੈਤ ਦੀ ਇਕ ਜੇਲ੍ਹ ‘ਚ ਬੰਦ ਹੈ। ਕੁਵੈਤ ਜੇਲ੍ਹ ‘ਚ ਬੰਦ ਰਜਿੰਦਰ ਸਿੰਘ ਦੇ ਪਿਤਾ ਬਲਦੇਵ ਸਿੰਘ ਵਾਸੀ ਤਾਰਾਗੜ੍ਹ ਜ਼ਿਲ੍ਹਾ ਹੁਸ਼ਿਆਰਪੁਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਦਾ ਇੱਕੋ-ਇਕ ਪੁੱਤਰ ਰਜਿੰਦਰ ਸਿੰਘ (30) ਪਹਿਲਾ 2014 ‘ਚ ਦੁਬਈ ਗਿਆ ਸੀ। ਉੱਥੋਂ ਵਾਪਸ ਆ ਕੇ ਉਹ ਦੋਹਾ ਕਤਰ ਵੀ ਆਪਣੇ ਪਰਿਵਾਰ ਦੀ ਗ਼ਰੀਬੀ ਦੂਰ ਕਰਨ ਲਈ ਗਿਆ। ਜਨਵਰੀ 2016 ‘ਚ ਉਹ ਮੁੜ ਕੁਵੈਤ ਚਲਾ ਗਿਆ ਜਿੱਥੇ ਉਸ ਨੇ ਪਹਿਲਾਂ ਸ਼ਹਿਰ ਸਾਵੀ ‘ਚ ਕੰਮ ਕੀਤਾ। ਫਰਵਰੀ 2019 ‘ਚ ਉਸ ਦਾ ਵੀਜ਼ਾ ਖ਼ਤਮ ਹੋਣਾ ਸੀ ਤੇ ਉਸ ਨੇ ਮਾਰਚ 2019 ‘ਚ ਵਾਪਸ ਪੰਜਾਬ ਵਿਆਹ ਕਰਵਾਉਣ ਲਈ ਆਉਣਾ ਸੀ। ਫਿਰ ਉਹ ਕੁਵੈਤ ਦੇ ਸ਼ਹਿਰ ਖ਼ਰਬਾਨੀਆਂ ‘ਚ ਪਹਿਲਾਂ ਤੋਂ ਰਹਿ ਰਹੇ ਆਪਣੇ ਹੀ ਪਿੰਡ ਤਾਰਾਗੜ੍ਹ ਦੇ ਸੋਨੂੰ ਪੁੱਤਰ ਸਤਵਿੰਦਰ ਸਿੰਘ ਕੋਲ ਚਲਾ ਗਿਆ ਤੇ ਕੰਮਕਾਰ ਕਰਨ ਲੱਗਾ। 15 ਜਨਵਰੀ 2019 ਨੂੰ ਉਹ ਖ਼ਰਬਾਨੀਆਂ ਸ਼ਹਿਰ ‘ਚ ਤੜਕਸਾਰ ਹੀ ਕੰਮ ‘ਤੇ ਜਾਣ ਲਈ ਆਪਣੇ ਦੋ ਦਰਜਨ ਸਾਥੀਆਂ ਨਾਲ ਇਕ ਬੱਸ ਅੱਡੇ ‘ਤੇ ਖੜ੍ਹ ਕੇ ਕੰਪਨੀ ਦੀ ਬੱਸ ਉਡੀਕ ਰਿਹਾ ਸੀ। ਇੱਥੇ ਇਕ ਲੜਕੇ ਨੇ ਉਸ ਨੂੰ ਆਪਣਾ ਬੈਗ ਫ਼ੜਾ ਦਿੱਤਾ ਤੇ ਘਰ ਸਾਮਾਨ ਭੁੱਲ ਜਾਣ ਦਾ ਕਹਿ ਕੇ ਆਪਣੇ ਕਮਰੇ ‘ਚ ਚਲਾ ਗਿਆ। ਉਨ੍ਹਾਂ ਦੱਸਿਆ ਕਿ ਇਸੇ ਦੌਰਾਨ ਉੱਥੇ ਖ਼ਰਬਾਨੀਆਂ ਪੁਲਿਸ ਦੀ ਗੱਡੀ ਆਈ ਜਿਨ੍ਹਾਂ ਨੇ ਬੱਸ ਦੀ ਉਡੀਕ ਕਰ ਰਹੇ ਸਾਰੇ ਨੌਜਵਾਨਾਂ ਦੇ ਸਾਮਾਨ ਦੀ ਤਲਾਸ਼ੀ ਲਈ। ਜਿਹੜਾ ਲੜਕਾ ਉਸ ਨੂੰ ਬੈਗ ਫੜਾ ਕੇ ਗਿਆ ਸੀ ਉਸ ‘ਚੋਂ ਕੁਝ ਨਸ਼ੀਲੇ ਪਦਾਰਥ ਬਰਾਮਦ ਹੋਏ ਤਾਂ ਪੁਲਿਸ ਨੇ ਉਸ ਨੂੰ ਕਾਬੂ ਕਰ ਕੇ ਜੇਲ੍ਹ ‘ਚ ਬੰਦ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਉਸੇ ਦਿਨ ਸ਼ਾਮ ਨੂੰ ਪੁਲਿਸ ਨੇ ਪਿੰਡ ਦੇ ਸੋਨੂੰ ਨੂੰ ਵੀ ਗ੍ਰਿਫ਼ਤਾਰ ਕਰ ਲਿਆ।ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸ ਦਿਨ ਤੋਂ ਬਾਅਦ ਹੀ ਉਹ ਦੋਵੇਂ ਜੇਲ੍ਹ ‘ਚ ਬੰਦ ਸਨ। ਹੁਣ ਜੇਲ੍ਹ ‘ਚੋਂ ਉਨ੍ਹਾਂ ਦੇ ਲੜਕੇ ਰਜਿੰਦਰ ਸਿੰਘ ਦਾ ਫੋਨ ਆਇਆ ਕਿ ਉਸ ਨੂੰ ਫ਼ਾਂਸੀ ਦੀ ਸਜ਼ਾ ਹੋਈ ਹੈ ਤੇ ਉਸ ਕੋਲ ਵਕੀਲ ਕਰਨ ਦੇ ਵੀ ਪੈਸੇ ਨਹੀਂ ਹਨ। ਫੋਨ ਸੁਣ ਕੇ ਉਨ੍ਹਾਂ ਦੇ ਹੋਸ਼ ਉੱਡ ਗਏ ਤੇ ਉਨ੍ਹਾਂ ਲੜਕੇ ਨੂੰ ਮੁੜ ਸੰਪਰਕ ਕੀਤਾ ਤਾਂ ਸਪਸ਼ਟ ਹੋ ਗਿਆ ਕਿ ਕੁਵੈਤ ਦੀ ਅਦਾਲਤ ਨੇ ਉਸ ਨੂੰ ਫਾਂਸੀ ਦੀ ਸਜ਼ਾ ਦਿੱਤੀ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਗ਼ਰੀਬ ਹੋਣ ਕਰਕੇ ਇਨ੍ਹਾਂ ਪੈਸਾ ਵੀ ਨਹੀਂ ਦੇ ਸਕਦੇ ਕਿ ਵਕੀਲ ਕੀਤਾ ਜਾ ਸਕੇ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਅਤੇ ਸੂਬਾ ਸਰਕਾਰ ਦਖ਼ਲਅੰਦਾਜ਼ੀ ਕਰਕੇ ਉਨ੍ਹਾਂ ਦੇ ਲੜਕੇ ਨੂੰ ਵਾਪਸ ਪੰਜਾਬ ਲਿਆਵੇ।

5 ਕਨਾਲ ਜ਼ਮੀਨ ਵੇਚ ਕੇ ਵਿਧਵਾ ਮਾਂ ਨੇ ਬੇਟੇ ਨੂੰ ਭੇਜਿਆ ਸਵੀਡਨ
ਨਸ਼ੇ ਕਾਰਨ ਡਿਪੋਰਟ ਹੋ ਕੇ ਇਕ ਮਹੀਨਾ ਪਹਿਲਾਂ ਘਰ ਪਰਤਿਆ, ਕਮਾਈ ਦਾ ਹਿਸਾਬ ਮੰਗਿਆ ਤਾਂ ਮਾਰ ਦਿੱਤੀ ਮਾਂ
ਪਤੀ ਦੀ ਮੌਤ ਹੋ ਚੁੱਕੀ ਸੀ, ਗੁਜ਼ਾਰਾ ਸਹੀ ਢੰਗ ਨਾਲ ਚਲ ਸਕੇ ਇਸ ਲਈ 5 ਕਨਾਲ ਜ਼ਮੀਨ ਵੇਚ ਕੇ ਛੋਟੇ ਪੁੱਤਰ ਨੂੰ ਭੇਜਿਆ ਸੀ ਵਿਦੇਸ਼, ਖੁਦ ਕਰ ਰਹੀ ਸੀ ਖੇਤੀਬਾੜੀ
ਨਿਹਾਲ ਸਿੰਘ ਵਾਲਾ : ਇਕ ਮਹੀਨਾ ਪਹਿਲਾਂ ਸਵੀਡਨ ਤੋਂ ਵਾਪਸ ਪਰਤੇ ਪੁੱਤਰ ਨੇ ਰਸੋਈ ‘ਚ ਕੰਮ ਕਰ ਰਹੀ ਆਪਣੀ ਮਾਂ ਦੀ ਹੱਤਿਆ ਕਰ ਦਿੱਤੀ ਅਤੇ ਖੁਦ ਫਰਾਰ ਹੋ ਗਿਆ। ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮ੍ਰਿਤਕ ਮਹਿਲਾ ਦੇ ਵੱਡੇ ਪੁੱਤਰ ਦੇ ਬਿਆਨ ‘ਤੇ ਹਤਿਆਰੇ ਛੋਟੇ ਪੁੱਤਰ ਦੇ ਖਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। 18 ਸਾਲ ਪਹਿਲਾਂ ਆਰੋਪੀ ਦੇ ਪਿਤਾ ਨੇ ਆਤਮ ਹੱਤਿਆ ਕਰ ਲਈ ਸੀ। ਵਿਧਵਾ ਮਾਂ ਨੇ ਆਰੋਪੀ ਪੁੱਤਰ ਨੂੰ 5 ਕਨਾਲ ਜ਼ਮੀਨ ਵੇਚ ਕੇ ਸਵੀਡਨ ‘ਚ ਨੌਕਰੀ ਕਰਨ ਦੇ ਲਈ ਭੇਜਿਆ ਸੀ ਪ੍ਰੰਤੂ 1 ਮਹੀਨਾ ਪਹਿਲਾਂ ਨਸ਼ਾ ਕਰਨ ਦੇ ਆਰੋਪ ‘ਚ ਉਸ ਨੂੰ ਉਥੋਂ ਡਿਪੋਰਟ ਕਰ ਦਿੱਤਾ ਗਿਆ ਅਤੇ ਉਹ ਘਰ ਵਾਪਸ ਪਰਤ ਆਇਆ। ਵਾਪਸ ਆਉਣ ਤੋਂ ਬਾਅਦ ਉਹ ਮਾਂ ਤੋਂ ਹਰ ਰੋਜ਼ ਪੈਸਿਆਂ ਦੀ ਮੰਗ ਕਰਦਾ ਸੀ, ਜਦਕਿ ਮਾਂ ਸਵੀਡਨ ਦੀ ਕਮਾਈ ਦਾ ਹਿਸਾਬ ਮੰਗਦੀ ਸੀ। ਇਸੇ ਕਾਰਨ ਉਸ ਨੇ ਤੇਜ਼ਧਾਰ ਕਸੀ ਮਾਰ ਕੇ ਮਾਂ ਨੂੰ ਮਾਰ ਦਿੱਤਾ।
ਮਾਂ ਪੁੱਛ ਰਹੀ ਸੀ 4 ਸਾਲ ਵਿਦੇਸ਼ ‘ਚ ਕੀ ਕੀਤਾ, ਪੁੱਤ ਮੰਗ ਰਿਹਾ ਸੀ ਨਸ਼ੇ ਲਈ ਪੈਸੇ
ਪਿੰਡ ਹਿੰਮਤਪੁਰਾ ਨਿਵਾਸੀ ਆਰੋਪੀ ਦੇ ਵੱਡੇ ਭਰਾ ਵਰਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਭੋਲਾ ਸਿੰਘ ਨੇ ਲਗਭਗ 18 ਸਾਲ ਪਹਿਲਾਂ ਆਤਮ ਹੱਤਿਆ ਕਰ ਲਈ ਸੀ। ਪਰਿਵਾਰ ਸਹੀ ਢੰਗ ਨਾਲ ਚਲ ਸਕੇ ਇਸ ਲਈ ਵਿਧਵਾ ਮਾਂ ਨੇ ਛੋਟੇ ਭਰਾ ਸਤਵਿੰਦਰ ਸਿੰਘ ਨੂੰ ਵਿਦੇਸ਼ ਭੇਜਣ ਦਾ ਫੈਸਲਾ ਕੀਤਾ ਅਤੇ 2015 ‘ਚ 5 ਕਨਾਲ ਜ਼ਮੀਨ ਵੇਚ ਦਿੱਤੀ। ਜ਼ਮੀਨ ਵੇਚ ਕੇ 15 ਲੱਖ ਰੁਪੲੈ ਮਿਲੇ। ਪੂਰਾ ਪੈਸਾ ਲਗਾ ਕੇ ਭਰਾ ਨੂੰ ਸਵੀਡਨ ਭੇਜ ਦਿੱਤਾ ਅਤੇ ਅਸੀਂ ਖੇਤੀਬਾੜੀ ਕਰਕੇ ਘਰ ਚਲਾਉਣ ਲੱਗੇ। ਮਾਂ ਨੇ ਸੋਚਿਆ ਸੀ ਕਿ ਬੇਟਾ ਵਿਦੇਸ਼ ਤੋਂ ਪੈਸੇ ਭੇਜੇਗਾ, ਜਿਸ ਨਾਲ ਘਰ ਦੀ ਹਾਲਤ ਸੁਧਰ ਜਾਵੇਗੀ ਪ੍ਰੰਤੂ ਉਥੇ ਉਹ ਨਸ਼ੇ ਦਾ ਆਦੀ ਹੋ ਗਿਆ। ਇਸ ਸਭ ਦੇ ਚਲਦੇ ਪਰਿਵਾਰ ਨੂੰ ਬਿਨਾ ਕੁੱਝ ਦੱਸੇ ਉਹ 22 ਅਗਸਤ ਨੂੰ ਵਾਪਸ ਘਰ ਪਰਤ ਆਇਆ। ਪਤਾ ਲੱਗਿਆ ਕਿ ਉਸ ਨੂੰ ਨਸ਼ੇ ਦੇ ਕਾਰਨ ਡਿਪੋਰਟ ਕਰ ਦਿੱਤਾ ਗਿਆ ਹੈ। ਇਸ ਕਾਰਨ ਪਰਿਵਾਰਕ ਮੈਂਬਰ ਸਤਵਿੰਦਰ ਸਿੰਘ ਨਾਲ ਨਾਰਾਜ਼ ਹੋ ਗਏ ਕਿ ਉਸ ਨੂੰ 5 ਕਨਾਲ ਜ਼ਮੀਨ ਵੇਚ ਕੇ ਵਿਦੇਸ਼ ਭੇਜਿਆ ਗਿਆ ਸੀ ਅਤੇ ਉਹ ਆਪਣੀ ਨਲਾਇਕੀ ਕਾਰਨ ਵਾਪਸ ਆ ਗਿਆ। 4 ਸਾਲ ਦੀ ਆਪਣੀ ਕਮਾਈ ਦਾ ਮਾਂ ਨੂੰ ਕੋਈ ਹਿਸਾਬ ਨਹੀਂ ਦੇ ਰਿਹਾ ਸੀ।
ਮਾਂ ਨੂੰ ਪਹਿਲਾਂ ਕਸੀ ਨਾਲ ਵੱਢਿਆ ਫਿਰ ਘੋਟਣੇ ਨਾਲ ਕੁੱਟਦਾ ਰਿਹਾ
ਵਿਦੇਸ਼ ਤੋਂ ਪਰਤਿਆ ਆਰੋਪੀ ਸਤਵਿੰਦਰ ਸਿੰਘ ਅਕਸਰ ਪਰਿਵਾਰ ਵਾਲਿਆਂ ਤੋਂ ਪੈਸਿਆਂ ਦੀ ਮੰਗ ਕਰਦਾ ਰਹਿੰਦਾ ਸੀ ਜਦਕਿ ਮਾਂ ਪੁੱਛਦੀ ਸੀ ਕਿ 4 ਸਾਲ ਵਿਦੇਸ਼ ‘ਚ ਰਹਿ ਕੇ ਕੀ ਕਮਾਈ ਕੀਤੀ। ਸ਼ੁੱਕਰਵਾਰ ਨੂੰ ਜਦੋਂ ਵੱਡਾ ਭਰਾ ਵਰਿੰਦਰ ਸਿੰਘ ਜਿੰਮ ਗਿਆ ਹੋਇਆ ਸੀ ਤਾਂ 50 ਸਾਲਾ ਮਾਂ ਕਰਮਜੀਤ ਕੌਰ ਰਸੋਈ ‘ਚ ਕੰਮ ਕਰ ਰਹੀ ਸੀ ਤਾਂ ਸਤਵਿੰਦਰ ਨੇ ਪਿੱਛੇ ਤੋਂ ਕਸੀ ਨਾਲ ਮਾਂ ਦੇ ਮੂੰਹ ‘ਤੇ ਵਾਰ ਕੀਤਾ, ਜਿਸ ਕਾਰਨ ਕਰਮਜੀਤ ਕੌਰ ਦਾ ਜਬਾੜਾ ਕੱਟਿਆ ਗਿਆ ਅਤੇ ਇਸ ਤੋਂ ਬਾਅਦ ਆਰੋਪੀ ਘੋਟਣੇ ਨਾਲ ਸਿਰ ‘ਤੇ ਵਾਰ ਕਰਦਾ ਰਿਹਾ।
ਆਰੋਪੀ ਨਸ਼ੇ ਦਾ ਆਦੀ ਹੋ ਗਿਆ ਸੀ : ਪੁਲਿਸ
ਪੁਲਿਸ ਨੇ ਮ੍ਰਿਤਕ ਮਹਿਲਾ ਕਰਮਜੀਤ ਕੌਰ ਦੀ ਹੱਤਿਆ ਦੇ ਮਾਮਲੇ ‘ਚ ਵੱਡੇ ਪੁੱਤਰ ਵਰਿੰਦਰ ਸਿੰਘ ਦੀ ਸ਼ਿਕਾਇਤ ‘ਤੇ ਸਤਵਿੰਦਰ ਸਿੰਘ ਦੇ ਖਿਲਾਫ਼ ਹੱਤਿਆ ਦਾ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਆਰੋਪੀ ਨੂੰ ਗ੍ਰਿਫਤਾਰ ਕਰਕੇ ਹੱਤਿਆ ‘ਚ ਇਸਤੇਮਾਲਕੀਤੀ ਗਈ ਕਸੀ ਅਤੇ ਘੋਟਣਾ ਵੀ ਬਰਾਮਦ ਕਰ ਲਿਆ ਹੈ। ਡੀਐਸਪੀ ਮਨਜੀਤ ਸਿੰਘ ਨੇ ਕਿਹਾ ਕਿ ਜਾਂਚ ‘ਚ ਸਾਹਮਣੇ ਆਇਆ ਕਿ ਆਰੋਪੀ ਨਸ਼ੇ ਦਾ ਆਦੀ ਹੋ ਗਿਆ ਹੈ।

Check Also

ਮੁੱਖ ਮੰਤਰੀ ਭਗਵੰਤ ਮਾਨ ਨੇ ਮੰਚ ਤੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਕੀਤੀ ਤਾਰੀਫ਼

ਕਿਹਾ : ਰਾਜਪਾਲ ਦੇ ਚੰਗੇ ਤਜ਼ਰਬੇ ਦਾ ਸਾਡੀ ਸਰਕਾਰ ਨੂੰ ਮਿਲ ਰਿਹਾ ਹੈ ਫਾਇਦਾ ਚੰਡੀਗੜ੍ਹ/ਬਿਊਰੋ …