Breaking News
Home / ਪੰਜਾਬ / ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੇਤਾਵਾਂ ਦੀ ਸੁਰੱਖਿਆ ਦਾ ਭਾਰ ਪੰਜਾਬ ਦੇ ਮੋਢਿਆਂ ‘ਤੇ

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੇਤਾਵਾਂ ਦੀ ਸੁਰੱਖਿਆ ਦਾ ਭਾਰ ਪੰਜਾਬ ਦੇ ਮੋਢਿਆਂ ‘ਤੇ

ਤਿੰਨ ਆਗੂਆਂ ਨੂੰ ਦਿੱਤੇ 25 ਗਨਮੈਨ ਤੇ ਤਿੰਨ ਜਿਪਸੀਆਂ
ਬਠਿੰਡਾ/ਬਿਊਰੋ ਨਿਊਜ਼ : ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਮੁੱਖ ਨੇਤਾਵਾਂ ਦੀ ਸੁਰੱਖਿਆ ਦਾ ਬੋਝ ਪੰਜਾਬ ਸਰਕਾਰ ਚੁੱਕ ਰਹੀ ਹੈ। ਪੰਜਾਬ ਪੁਲਿਸ ਨੇ ਇਨ੍ਹਾਂ ਆਗੂਆਂ ਨੂੰ ਚਾਰ ਜਿਪਸੀਆਂ ਵੀ ਦਿੱਤੀਆਂ ਹੋਈਆਂ ਹਨ ਅਤੇ ਇਨ੍ਹਾਂ ਦਾ ਤੇਲ ਵੀ ਪੰਜਾਬ ਦੇ ਖ਼ਜ਼ਾਨੇ ਵਿੱਚੋਂ ਪੈ ਰਿਹਾ ਹੈ। ਹੁਣ ਦਿੱਲੀ ਕਮੇਟੀ ਦੀਆਂ ਚੋਣਾਂ ਹਨ ਜਿਸ ਕਰਕੇ ਇਨ੍ਹਾਂ ਨੇਤਾਵਾਂ ਨੂੰ ਦਿੱਤੀਆਂ ਜਿਪਸੀਆਂ ਦਾ ਤੇਲ ਖਰਚਾ ਵੀ ਵੱਧ ਜਾਣਾ ਹੈ। ਚੋਣ ਕਮਿਸ਼ਨ ਨੇ ਇਨ੍ਹਾਂ ਆਗੂਆਂ ਤੋਂ ਗੰਨਮੈਨ ਵਾਪਸ ਲੈਣ ਦੀ ਹਦਾਇਤ ਕਰ ਦਿੱਤੀ ਸੀ ਪਰ ਸਿਆਸੀ ਦਬਾਅ ਕਰਕੇ ਇਨ੍ਹਾਂ ਆਗੂਆਂ ਤੋਂ ਸੁਰੱਖਿਆ ਵਾਪਸ ਲੈਣ ਵਾਲੀ ਫਾਈਲ ਪੰਜਾਬ ਪੁਲਿਸ ਦੇ ਉੱਚ ਅਫਸਰਾਂ ਨੇ ਦੱਬ ਲਈ ਹੈ।
ਪੰਜਾਬ ਪੁਲਿਸ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਤੇ ਕਾਰਜਕਾਰੀ ਮੈਂਬਰ ਅਵਤਾਰ ਸਿੰਘ ਹਿੱਤ ਨਾਲ ਕਰੀਬ ਦੋ ਦਰਜਨ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਹੋਏ ਹਨ। ਡੀ.ਜੀ.ਪੀ. (ਸੁਰੱਖਿਆ) ਪੰਜਾਬ ਨੇ 29 ਨਵੰਬਰ 2011 ਨੂੰ ਪੱਤਰ ਨੰਬਰ 31683 ਜਾਰੀ ਕਰਕੇ ਅਵਤਾਰ ਸਿੰਘ ਹਿੱਤ ਨੂੰ ਬਤੌਰ ਪ੍ਰਧਾਨ (ਸ਼੍ਰੋਮਣੀ ਅਕਾਲੀ ਦਲ ਦਿੱਲੀ), ਪੀ.ਬੀ 12 ਐਫ 7184 ਜਿਪਸੀ ਅਲਾਟ ਕੀਤੀ ਸੀ ਜਿਸ ਲਈ ਪ੍ਰਤੀ ਮਹੀਨਾ 290 ਲੀਟਰ ਤੇਲ ਵੀ ਤੈਅ ਕੀਤਾ ਗਿਆ ਹੈ। ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੂੰ ਇੱਕ ਸਰਕਾਰੀ ਜਿਪਸੀ ਅਤੇ ਕਰੀਬ ਪੰਜ ਸੁਰੱਖਿਆ ਮੁਲਾਜ਼ਮ ਦਿੱਤੇ ਹਨ।
ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੂੰ ਕਰੀਬ ਦਰਜਨ ਗੰਨਮੈਨ ਅਤੇ ਦੋ ਜਿਪਸੀਆਂ ਦਿੱਤੀਆਂ ਹੋਈਆਂ ਹਨ। ਪੰਜਾਬ ਪੁਲਿਸ ਨੇ ਪਹਿਲਾਂ ਇੱਕ ਜਿਪਸੀ ਦਿੱਲੀ ਵਾਸਤੇ ਦਿੱਤੀ ਹੋਈ ਸੀ ਅਤੇ ਕੁਝ ਸਮੇਂ ਮਗਰੋਂ ਇੱਕ ਜਿਪਸੀ ਚੰਡੀਗੜ੍ਹ ਵਾਸਤੇ ਉਨ੍ਹਾਂ ਨੂੰ ਹੋਰ ਦੇ ਦਿੱਤੀ ਗਈ। ਮਨਜਿੰਦਰ ਸਿਰਸਾ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਕੈਬਨਿਟ ਰੈਂਕ ਦਿੱਤਾ ਹੋਇਆ ਹੈ ਜਿਸ ਕਰਕੇ ਸੁਰੱਖਿਆ ਮਿਲੀ ਹੈ। ਸੂਤਰ ਆਖਦੇ ਹਨ ਕਿ ਜਿਨ੍ਹਾਂ ਹੋਰਨਾਂ ਨੂੰ ਕੈਬਨਿਟ ਰੈਂਕ ਦਿੱਤੇ ਗਏ ਹਨ, ਉਨ੍ਹਾਂ ਤੋਂ ਸੁਰੱਖਿਆ ਵਾਪਸ ਲੈ ਗਈ ਹੈ ਪਰ ਸਿਰਸਾ ਤੋਂ ਸੁਰੱਖਿਆ ਵਾਪਸ ਕਿਉਂ ਨਹੀਂ ਲਈ ਗਈ?
ਇਸੇ ਤਰ੍ਹਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰਨੀ ਮੈਂਬਰ ਅਵਤਾਰ ਸਿੰਘ ਹਿੱਤ ਨੂੰ ਵੀ ਇੱਕ ਜਿਪਸੀ ਤੋਂ ਇਲਾਵਾ ਕਰੀਬ ਪੰਜ ਮੁਲਾਜ਼ਮ ਵੀ ਦਿੱਤੇ ਹੋਏ ਹਨ। ਹਿੱਤ ਦਾ ਪ੍ਰਤੀਕਰਮ ਸੀ ਕਿ ਜਿਪਸੀ ਖਰਾਬ ਹੋਈ ਖੜ੍ਹੀ ਹੈ ਅਤੇ ਉਸ ਨੇ ਚਾਰ ਗੰਨਮੈਨ ਵਾਪਸ ਭੇਜ ਦਿੱਤੇ ਹਨ ਅਤੇ ਇੱਕ ਬਾਕੀ ਰਹਿ ਗਿਆ ਹੈ।
ਉਨ੍ਹਾਂ ਆਖਿਆ ਕਿ ਉਹ ਸੱਭਿਆਚਾਰਕ ਬੋਰਡ ਦੇ ਚੇਅਰਮੈਨ ਰਹੇ ਹਨ, ਜਿਸ ਕਰਕੇ ਇਹ ਸੁਰੱਖਿਆ ਮਿਲੀ ਹੈ। ਸੂਤਰ ਦੱਸਦੇ ਹਨ ਕਿ ਜਦੋਂ ਇਨ੍ਹਾਂ ਆਗੂਆਂ ਤੋਂ ਗੰਨਮੈਨ ਵਾਪਸੀ ਲਈ ਚੋਣ ਕਮਿਸ਼ਨ ਨੇ ਹਦਾਇਤ ਕੀਤੀ ਤਾਂ ਪੁਲਿਸ ਦੇ ਹੇਠਲੇ ਅਫਸਰਾਂ ਨੇ ਫੌਰੀ ਗੰਨਮੈਨ ਵਾਪਸੀ ਲਈ ਨੋਟਿੰਗ ਲਗਾ ਦਿੱਤੀ ਪਰ ਉਪਰਲੇ ਅਫਸਰਾਂ ਕੋਲ ਇਸ ਫਾਈਲ ਨੂੰ ਬਰੇਕ ਲੱਗ ਗਈ।

Check Also

ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ

ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …