ਵੈਦ ਨੂੰ ਹਲਕਾ ਗਿੱਲ ਤੋਂ ਟਿਕਟ ਨਾ ਦੇਣ ਦੀ ਉਠੀ ਮੰਗ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬੇਹੱਦ ਨਜ਼ਦੀਕੀ ਵਿਧਾਇਕਾਂ ਵਿਚੋਂ ਇਕ ਕੁਲਦੀਪ ਸਿੰਘ ਵੈਦ ਦੇ ਖਿਲਾਫ ਕਾਂਗਰਸੀਆਂ ਨੇ ਹੀ ਮੋਰਚਾ ਖੋਲ੍ਹ ਦਿੱਤਾ ਹੈ। ਗਿੱਲ ਇਲਾਕੇ ਦੇ ਸਰਪੰਚਾਂ ਅਤੇ ਹੁਣ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਨੇ ਗਿੱਲ ਹਲਕੇ ਦੇ ਵਿਧਾਇਕ ਕੁਲਦੀਪ ਸਿੰਘ ਵੈਦ ਖਿਲਾਫ ਅਵਾਜ਼ ਬੁਲੰਦ ਕੀਤੀ ਹੈ। ਜ਼ਿਕਰਯੋਗ ਹੈ ਕਿ ਕੁਲਦੀਪ ਸਿੰਘ ਵੈਦ ਸਾਬਕਾ ਆਈਏਐਸ ਅਧਿਕਾਰੀ ਹਨ ਅਤੇ ਉਹ ਨੌਕਰੀ ਛੱਡ ਕੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਏ ਸਨ। ਉਹ ਪਹਿਲੀ ਵਾਰ ਚੋਣ ਲੜ ਕੇ ਹਲਕਾ ਗਿੱਲ ਤੋਂ ਵਿਧਾਇਕ ਬਣੇ ਸਨ। ਕਾਂਗਰਸ ਵਲੋਂ ਜਾਰੀ ਪਹਿਲੀ 86 ਉਮੀਦਵਾਰਾਂ ਦੀ ਸੂਚੀ ਵਿਚ ਕੁਲਦੀਪ ਸਿੰਘ ਵੈਦ ਨੂੰ ਟਿਕਟ ਨਹੀਂ ਦਿੱਤੀ ਗਈ ਹੈ। ਉਨ੍ਹਾਂ ਦੇ ਵਿਧਾਨ ਸਭਾ ਹਲਕਾ ਗਿੱਲ ਤੋਂ ਅਤੇ ਜਗਰਾਉਂ ਵਿਧਾਨ ਸਭਾ ਹਲਕਾ ਤੋਂ ਅਜੇ ਵੀ ਕਾਂਗਰਸ ਨੇ ਕਿਸੇ ਨੂੰ ਟਿਕਟ ਨਹੀਂ ਦਿੱਤੀ। ਜਾਣਕਾਰੀ ਮਿਲ ਰਹੀ ਹੈ ਕਿ ਵਿਧਾਇਕ ਕੁਲਦੀਪ ਸਿੰਘ ਵੈਦ ਨੂੰ ਹਲਕਾ ਜਗਰਾਉਂ ਤੋਂ ਚੋਣ ਮੈਦਾਨ ਵਿਚ ਉਤਾਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸੇ ਦੌਰਾਨ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਨੇ ਕਿਹਾ ਕਿ ਕੁਲਦੀਪ ਸਿੰਘ ਵੈਦ ਨੂੰ ਹਲਕਾ ਗਿੱਲ ਤੋਂ ਟਿਕਟ ਨਹੀਂ ਦਿੱਤੀ ਜਾਣੀ ਚਾਹੀਦੀ ਅਤੇ ਕਿਸੇ ਹੋਰ ਵਿਅਕਤੀ ਨੂੰ ਚੋਣ ਮੈਦਾਨ ਵਿਚ ਉਤਾਰਿਆ ਜਾਵੇ।