ਚੰਡੀਗੜ : ਪੰਜਾਬ ਵਿੱਚ 32 ਕਿਸਾਨ ਜਥੇਬੰਦੀਆਂ ਵੱਲੋਂ ਪੌਣੇ ਤਿੰਨ ਮਹੀਨਿਆਂ ਤੋਂ ਖੇਤੀ ਕਾਨੂੰਨਾਂ ਖਿਲਾਫ ਵਿੱਢੇ ਸੰਘਰਸ਼ ਦਾ ਘੇਰਾ ਹੋਰ ਵਧ ਗਿਆ ਹੈ। ਦਿੱਲੀ ਮੋਰਚੇ ਤੋਂ ਬਾਅਦ ਜਿੱਥੇ 100 ਤੋਂ ਵੱਧ ਥਾਵਾਂ ‘ਤੇ ਧਰਨੇ ਪ੍ਰਦਰਸ਼ਨ ਚੱਲ ਰਹੇ ਸਨ ਉੱਥੇ ਆਪਣੀਆਂ ਜਾਨਾਂ ਕਿਸਾਨੀ ਸੰਘਰਸ਼ ਦੇ ਲੇਖੇ ਲਾਉਣ ਵਾਲੇ ਕਿਸਾਨਾਂ ਦੀ ਯਾਦ ‘ਚ ਹੋ ਰਹੇ ਸ਼ਰਧਾਂਜਲੀ ਸਮਾਗਮਾਂ ਕਾਰਨ ਸੰਘਰਸ਼ੀ ਅਖਾੜਿਆਂ ਦੀ ਗਿਣਤੀ 200 ਨੂੰ ਪਾਰ ਕਰ ਗਈ ਹੈ। ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਦੱਸਿਆ ਕਿ 200 ਤੋਂ ਵੱਧ ਥਾਵਾਂ ‘ਤੇ ਵਿਛੜੇ ਕਿਸਾਨਾਂ ਦੀ ਯਾਦ ਵਿੱਚ ਸਮਾਗਮ ਕੀਤੇ ਗਏ। ਬੀਕੇਯੂ (ਡਕੌਂਦਾ) ਦੇ ਜਨਰਲ ਸਕੱਤਰ ਜਗਮੋਹਨ ਸਿੰਘ ਨੇ ਦੱਸਿਆ ਕਿ 30 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਪਿੰਡਾਂ ‘ਚ ਸ਼ਰਧਾਂਜਲੀ ਸਮਾਗਮ ਕੀਤੇ ਗਏ। ਕਿਸਾਨ ਸੁਖਦੇਵ ਸਿੰਘ ਕੋਕਰੀ ਨੇ ਦੱਸਿਆ ਕਿ ਥਾਂ-ਥਾਂ ‘ਤੇ ਸੈਂਕੜਿਆਂ ਦੀ ਗਿਣਤੀ ਵਿੱਚ ਜੁੜੇ ਇਕੱਠਾਂ ਨੇ ਸਮੂਹਿਕ ਤੌਰ ‘ਤੇ ਖੜੇ ਹੋ ਕੇ ਦੋ ਮਿੰਟ ਲਈ ਮੌਨ ਰੱਖਿਆ ਤੇ ਸ਼ਹੀਦਾਂ ਦੀ ਯਾਦ ਨੂੰ ਸਿਜਦਾ ਕੀਤਾ।
‘ਅਮਰ ਸ਼ਹੀਦਾਂ ਦਾ ਪੈਗ਼ਾਮ, ਜਾਰੀ ਰੱਖਣਾ ਹੈ ਸੰਗਰਾਮ’ ਦੇ ਬੁਲੰਦ ਨਾਅਰਿਆਂ ਨਾਲ ਸ਼ਹੀਦਾਂ ਦੀ ਕੁਰਬਾਨੀ ਨੂੰ ਅਜਾਈਂ ਨਾ ਜਾਣ ਦੇਣ ਦਾ ਅਹਿਦ ਕੀਤਾ ਗਿਆ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਦਾ ਅੜੀਅਲ ਵਤੀਰਾ 40 ਤੋਂ ਵੱਧ ਜਾਨਾਂ ਲੈ ਚੁੱਕਾ ਹੈ, ਜਿਨਾਂ ਵਿੱਚ ਦੋ ਦਰਜਨ ਤੋਂ ਵੱਧ ਜ਼ਿੰਦਗੀਆਂ ਤਾਂ ਦਿੱਲੀ ਮੋਰਚੇ ਵਿੱਚ ਹੀ ਕੁਰਬਾਨ ਹੋ ਚੁੱਕੀਆਂ ਹਨ। ਉਨਾਂ ਕਿਹਾ ਕਿ ਇਹ ਕੁਰਬਾਨੀਆਂ ਸੰਘਰਸ਼ੀ ਲੋਕਾਂ ਦੇ ਰੋਹ ਨੂੰ ਹੋਰ ਪ੍ਰਚੰਡ ਕਰਨਗੀਆਂ ਅਤੇ ਜੁਝਾਰੂ ਇਰਾਦਿਆਂ ਨੂੰ ਸਾਣ ‘ਤੇ ਲਾਉਣਗੀਆਂ। ਉਨਾਂ ਵਿਦੇਸ਼ੀਆਂ ਵੱਲੋਂ ਭੇਜੇ ਜਾ ਰਹੇ ਫੰਡ ਦੇ ਮਸਲੇ ‘ਤੇ ਕਾਰਵਾਈ ਕਰਨ ਸਬੰਧੀ ਮੋਦੀ ਹਕੂਮਤ ਦੀਆਂ ਧਮਕੀਆਂ ਦੀ ਨਿਖੇਧੀ ਕਰਦਿਆਂ ਕਿਹਾ ਇਹ ਫੰਡ ਪੰਜਾਬੀ ਕਿਸਾਨਾਂ ਦੇ ਧੀਆਂ-ਪੁੱਤਾਂ ਵੱਲੋਂ ਦਸਾਂ ਨਹੁੰਆਂ ਦੀ ਕਿਰਤ ਕਮਾਈ ਵਿੱਚੋਂ ਸੰਘਰਸ਼ ‘ਚ ਪਾਇਆ ਹਿੱਸਾ ਹੈ, ਇਹ ਮੋਦੀ ਭਾਜਪਾ ਹਕੂਮਤ ਵਾਂਗੂ ਕਾਰਪੋਰੇਟਾਂ ਦੀ ਚਾਕਰੀ ਬਦਲੇ ਬਟੋਰੀਆਂ ਮੋਟੀਆਂ ਰਕਮਾਂ ਨਹੀਂ ਹਨ। ਅਜਿਹੀਆਂ ਕਾਰਵਾਈਆਂ ਨਾਲ ਲੋਕ ਲਹਿਰ ਬਣ ਚੁੱਕੇ ਹੱਕੀ ਸੰਘਰਸ਼ ਨੂੰ ਦਬਾਇਆ ਨਹੀਂ ਜਾ ਸਕਦਾ।
Check Also
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ
ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …