Breaking News
Home / ਪੰਜਾਬ / ਮੋਦੀ ਸਰਕਾਰ ਅਸਲ ਗਰੀਬਾਂ ਦਾ ਪਤਾ ਲਗਾਉਣ ‘ਚ ਫੇਲ੍ਹ

ਮੋਦੀ ਸਰਕਾਰ ਅਸਲ ਗਰੀਬਾਂ ਦਾ ਪਤਾ ਲਗਾਉਣ ‘ਚ ਫੇਲ੍ਹ

ਨਵਜੋਤ ਸਿੱਧੂ ਨੇ ਗਰੀਬਾਂ ਦੀ ਆਬਾਦੀ ਘੱਟ ਦਰਸਾਉਣ’ਤੇ ਕੇਂਦਰ ‘ਤੇ ਚੁੱਕੇ ਸਵਾਲ
ਅੰਮ੍ਰਿਤਸਰ/ਬਿਊਰੋ ਨਿਊਜ਼ : ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਕਿਸਾਨ ਮਾਮਲਿਆਂ ਤੋਂ ਬਾਅਦ ਮੁੜ ਕੇਂਦਰ ਦੀ ਭਾਜਪਾ ਸਰਕਾਰ ਨੂੰ ਖੁਰਾਕ ਸੁਰੱਖਿਆ ਐਕਟ ਹੇਠ ਗਰੀਬਾਂ ਦੀ ਗਿਣਤੀ ਨੂੰ ਲੈ ਕੇ ਘੇਰਿਆ ਹੈ। ਉਨ੍ਹਾਂ ਆਰੋਪ ਲਾਇਆ ਕਿ ਸਰਕਾਰ ਇਕ ਸਾਜਿਸ਼ ਤਹਿਤ ਦੇਸ਼ ਵਿਚ ਗਰੀਬਾਂ ਦੀ ਗਿਣਤੀ ਘੱਟ ਦਰਸਾ ਰਹੀ ਹੈ। ਉਨ੍ਹਾਂ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਵੋਟਰ ਸੂਚੀਆਂ ਬਣਾਉਣ ਅਤੇ ਇਸ ਸਬੰਧੀ ਅੰਕੜੇ ਇਕੱਠੇ ਕਰਨ ਲਈ ਸਰਕਾਰ ਵਲੋਂ ਨਿਰੰਤਰ ਸਰਵੇਖਣ ਕਰਾਏ ਜਾਂਦੇ ਹਨ ਪਰ ਸਰਕਾਰ ਵਲੋਂ ਅਸਲ ਗਰੀਬਾਂ ਦਾ ਪਤਾ ਲਾਉਣ ਲਈ ਕਦੇ ਵੀ ਯਤਨ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਦੇਸ਼ ਦੀ ਵਧ ਰਹੀ ਆਬਾਦੀ ਨਾਲ ਗਰੀਬਾਂ ਦੀ ਗਿਣਤੀ ਵੀ ਵਧ ਰਹੀ ਹੈ ਪਰ ਸਰਕਾਰ ਵਲੋਂ ਖੁਰਾਕ ਸੁਰੱਖਿਆ ਐਕਟ ਅਤੇ ਬੀਪੀਐਲ ਯੋਜਨਾ ਹੇਠ ਗਰੀਬਾਂ ਦੀ ਗਿਣਤੀ ਘੱਟ ਦਿਖਾਈ ਜਾ ਰਹੀ ਹੈ। ਉਨ੍ਹਾਂ 2015 ਵਿਚ ਇਸ ਸਬੰਧੀ ਬਣੀ ਸ਼ਾਂਤਾ ਕੁਮਾਰ ਕਮੇਟੀ ਦੀ ਕਾਰਗੁਜ਼ਾਰੀ ‘ਤੇ ਵੀ ਸੁਆਲ ਚੁੱਕੇ ਜਿਸ ਦੀ ਸਿਫਾਰਸ਼ ‘ਤੇ ਬੀਪੀਐਲ ਹੇਠ ਗਰੀਬਾਂ ਦੀ ਗਿਣਤੀ 67 ਫੀਸਦ ਤੋਂ 40 ਫੀਸਦ ਕੀਤੀ ਗਈ। ਉਨ੍ਹਾਂ ਕਿਹਾ ਕਿ ਸ਼ਾਂਤਾ ਕੁਮਾਰ ਕਮੇਟੀ ਨੇ ਆਪਣੀਆਂ ਸਿਫਾਰਸ਼ਾਂ 2011 ਦੀ ਮਰਦਮਸ਼ੁਮਾਰੀ ਦੇ ਆਧਾਰ ‘ਤੇ ਕੀਤੀਆਂ ਸਨ, ਜਦੋਂਕਿ ਦੇਸ਼ ਦੀ ਆਬਾਦੀ ਹਰ ਸਾਲ ਵਧ ਰਹੀ ਹੈ। ਦਹਾਕਾ ਪਹਿਲਾਂ ਆਬਾਦੀ ਲਗਪਗ 120 ਕਰੋੜ ਸੀ ਅਤੇ ਉਸ ਵੇਲੇ ਬੀਪੀਐਲ ਹੇਠ ਗਰੀਬਾਂ ਦੀ ਗਿਣਤੀ 80 ਕਰੋੜ ਸੀ ਜੋ ਕਿ ਵਧਦੀ ਆਬਾਦੀ ਦੇ ਨਾਲ ਵਧ ਕੇ 90 ਕਰੋੜ ਹੋਣੀ ਚਾਹੀਦੀ ਸੀ। ਉਨ੍ਹਾਂ ਮੁੜ ਕਿਸਾਨ ਸੰਘਰਸ਼ ਦੇ ਹੱਕ ਵਿਚ ਵੀ ਟਵੀਟ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਪੰਜਾਬ ਦੇ ਰਾਜਪਾਲ ਰਸਤੇ ਦਿੱਲੀ ਤੱਕ ਪੁੱਜਣ ਦੀ ਯੋਜਨਾ ਅਨਿਸ਼ਚਿਤਤਾ ਵਾਲੀ ਹੈ।

Check Also

ਸੰਤ ਬਲਬੀਰ ਸਿੰਘ ਸੀਚੇਵਾਲ ਨੇ ਜਲੰਧਰ ਦੇ ਪਾਸਪੋਰਟ ਦਫਤਰ ਖਿਲਾਫ ਕੀਤੀ ਸ਼ਿਕਾਇਤ

ਸਰਕਾਰ ਦੇ ਨਿਯਮਾਂ ਦੀ ਅਣਦੇਖੀ ਹੋਣ ਦੇ ਵੀ ਸੰਤ ਸੀਚੇਵਾਲ ਨੇ ਲਗਾਏ ਆਰੋਪ ਜਲੰਧਰ/ਬਿਊਰੋ ਨਿਊਜ਼ …