ਸਿੱਧੂ ਨੇ ਕੇਜਰੀਵਾਲ ਨੂੰ ਦਿੱਤੀ ਸੀ ਬਹਿਸ ਦੀ ਚੁਣੌਤੀ
ਚੰਡੀਗੜ੍ਹ/ਬਿਊਰੋ ਨਿਊਜ਼
ਨਵਜੋਤ ਸਿੰਘ ਸਿੱਧੂ ਵਲੋਂ ਭਗਵੰਤ ਮਾਨ ਨਾਲ ਡਿਬੇਟ ਕਰਨ ਤੋਂ ਮਨ੍ਹਾ ਕਰਨ ’ਤੇ ਭਗਵੰਤ ਮਾਨ ਨੇ ਸਿੱਧੂ ਨੂੰ ਘੇਰਿਆ ਹੈ ਅਤੇ ਇਕ ਟਵੀਟ ਕਰਕੇ ਕਿਹਾ ਹੈ ਕਿ ‘‘ਸਿੱਧੂ ਸਾਬ੍ਹ ਤੁਸੀਂ ਮੇਰੇ ਤੋਂ ਡਰ ਕੇ ਭੱਜ ਕਿਉਂ ਰਹੇ ਹੋ’’। ਭਗਵੰਤ ਮਾਨ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹਲਕੇ ’ਚ ਰੇਤ ਦੀ ਨਾਜਾਇਜ਼ ਮਾਈਨਿੰਗ ’ਤੇ ਸਿੱਧੂ ਕਿਉਂ ਨਹੀਂ ਬੋਲ ਰਹੇ। ਜ਼ਿਕਰਯੋਗ ਹੈ ਕਿ ਅਰਵਿੰਦ ਕੇਜਰੀਵਾਲ ਨੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਆਮ ਆਦਮੀ ਪਾਰਟੀ ਨੂੰ ਦਿੱਤੀ ਗਈ ਬਹਿਸ ਦੀ ਚੁਣੌਤੀ ਨੂੰ ਸਵੀਕਾਰ ਕਰਦਿਆਂ ਸਿੱਧੂ ਨੂੰ ਬਹਿਸ ਲਈ ਸਥਾਨ ਅਤੇ ਸਮਾਂ ਤੈਅ ਕਰਨ ਲਈ ਕਿਹਾ ਸੀ। ਕੇਜਰੀਵਾਲ ਨੇ ਬਹਿਸ ਲਈ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਦਾ ਨਾਮ ਤੈਅ ਕੀਤਾ ਹੈ। ਉੱਥੇ ਹੀ ਸਿੱਧੂ ਨੇ ਭਗਵੰਤ ਮਾਨ ਨਾਲ ਬਹਿਸ ਕਰਨ ਤੋਂ ਇਨਕਾਰ ਕੀਤਾ ਹੈ ਅਤੇ ਕਿਹਾ ਹੈ ਕਿ ਕੇਜਰੀਵਾਲ ਉਨ੍ਹਾਂ ਨਾਲ ਬਹਿਸ ਕਰਨ, ਜਿਸ ’ਤੇ ਭਗਵੰਤ ਮਾਨ ਨੇ ਟਵੀਟ ਕਰਕੇ ਤਨਜ਼ ਕੱਸਿਆ ਹੈ।
ਜ਼ਿਕਰਯੋਗ ਹੈ ਕਿ ਸਿੱਧੂ ਨੇ ਸ਼ਰਾਬ, ਰੇਤ ਮਾਈਨਿੰਗ ਅਤੇ ਨੌਕਰੀਆਂ ਨੂੰ ਲੈ ਕੇ ਕੇਜਰੀਵਾਲ ਨਾਲ ਬਹਿਸ ਕਰਨ ਦੀ ਗੱਲ ਕਹੀ ਸੀ। ਸਿੱਧੂ ਨੇ ਕਿਹਾ ਸੀ ਕਿ ਦਿੱਲੀ ਵਿਚ ਮੁਨਾਫੇ ਵਾਲੇ ਰੂਟ ਬਾਦਲਾਂ ਦੀਆਂ ਬੱਸਾਂ ਨੂੰ ਕਿਉਂ ਦਿਵਾਏ ਅਤੇ ਕੇਜਰੀਵਾਲ ਨੇ ਸਿਰਫ 440 ਨੌਕਰੀਆਂ ਦਿੱਤੀਆਂ। ਸਿੱਧੂ ਨੇ ਕਿਹਾ ਸੀ ਕਿ ਜੇਕਰ ਉਹ ਬਹਿਸ ਵਿਚ ਝੂਠੇ ਸਾਬਤ ਹੋਏ ਤਾਂ ਰਾਜਨੀਤੀ ਛੱਡ ਦੇਣਗੇ।

