ਮਾਨ ਸਰਕਾਰ ਨੇ ਸ਼ਿਕਾਇਤ ਲਈ ਜਾਰੀ ਕੀਤਾ ਟੋਲ ਫਰੀ ਨੰਬਰ
1800 180 2422 ‘ਤੇ ਮਾਈਨਿੰਗ ਸਬੰਧੀ ਦਰਜ ਕਰਵਾਈ ਜਾ ਸਕੇਗੀ ਸ਼ਿਕਾਇਤ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਨਜਾਇਜ਼ ਮਾਈਨਿੰਗ ‘ਤੇ ਕਾਰਵਾਈ ਲਈ ਭਗਵੰਤ ਮਾਨ ਸਰਕਾਰ ਨੇ ਟੋਲ ਫਰੀ ਨੰਬਰ ਜਾਰੀ ਕਰ ਦਿੱਤਾ ਹੈ। ਲੋਕ ਹੁਣ 1800-180-2422 ‘ਤੇ ਗੈਰਕਾਨੂੰਨੀ ਮਾਈਨਿੰਗ ਸਬੰਧੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਨਜਾਇਜ਼ ਵਸੂਲੀ ਅਤੇ ਮਹਿੰਗਾ ਰੇਤ ਵੇਚਣ ਤੋਂ ਲੈ ਕੇ ਮਾਈਨਿੰਗ ਨਾਲ ਸਬੰਧਤ ਕੋਈ ਵੀ ਹੋਰ ਸ਼ਿਕਾਇਤ ਇਸ ਨੰਬਰ ‘ਤੇ ਕੀਤੀ ਜਾ ਸਕੇਗੀ। ਮਾਨ ਸਰਕਾਰ ਦਾ ਦਾਅਵਾ ਹੈ ਕਿ ਇਸ ਨੰਬਰ ‘ਤੇ ਆਉਣ ਵਾਲੀ ਸ਼ਿਕਾਇਤ ‘ਤੇ ਤੁਰੰਤ ਸਖਤ ਕਾਰਵਾਈ ਕੀਤੀ ਜਾਵੇਗੀ। ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅਜੇ ਤੱਕ ਰੇਤ ਖਨਨ ਨੂੰ ਲੈ ਕੇ ਕੋਈ ਵੀ ਪਾਲਿਸੀ ਨਹੀਂ ਬਣਾਈ ਹੈ। ਖਨਨ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਛੇ ਮਹੀਨੇ ਦੇ ਅੰਦਰ-ਅੰਦਰ ਪਾਲਿਸੀ ਲਿਆਂਦੀ ਜਾਵੇਗੀ। ਦੱਸਣਾ ਬਣਦਾ ਹੈ ਕਿ ਮੰਤਰੀ ਹਰਜੋਤ ਸਿੰਘ ਬੈਂਸ ਨੇ ਪਿਛਲੇ ਦਿਨੀਂ ਗੈਰਕਾਨੂੰਨੀ ਮਾਈਨਿੰਗ ਸਬੰਧੀ ਰੋਪੜ ਵਿਚ ਮੀਟਿੰਗ ਵੀ ਕੀਤੀ ਸੀ। ਜਿਸ ਤੋਂ ਬਾਅਦ ਮੋਹਾਲੀ-ਰੋਪੜ ਦੇ ਮਾਈਨਿੰਗ ਅਫਸਰ ਵਿਪਿਨ ਨੂੰ ਸਸਪੈਂਡ ਵੀ ਕਰ ਦਿੱਤਾ ਗਿਆ ਸੀ। ਮੰਤਰੀ ਦੇ ਕਹਿਣ ‘ਤੇ ਰੋਪੜ ਦੇ ਖੇੜਾ ਕਲਮੋਟ ਵਿਚ ਕਰੈਸ਼ਰ ਵੀ ਸੀਲ ਕਰ ਦਿੱਤੇ ਗਏ ਸਨ। ਇੱਥੇ ਇਹ ਵੀ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਮਾਫੀਆ ਖਤਮ ਕਰਨ ਦਾ ਵੱਡਾ ਦਾਅਵਾ ਕੀਤਾ ਸੀ, ਹਾਲਾਂਕਿ ਅਜੇ ਤੱਕ ਸਰਕਾਰੀ ਪੱਧਰ ‘ਤੇ ਮਾਈਨਿੰਗ ਨੂੰ ਲੈ ਕੇ ਕੋਈ ਵੱਡਾ ਫੈਸਲਾ ਨਹੀਂ ਹੋਇਆ ਹੈ।