ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ’ਚ ਅੱਜ ਕੈਬਨਿਟ ਦੀ ਮੀਟਿੰਗ ਚੰਡੀਗੜ੍ਹ ’ਚ ਹੋਈ। ਮੀਟਿੰਗ ਤੋਂ ਬਾਅਦ ਚੰਨੀ ਨੇ ਪ੍ਰੈਸ ਕਾਨਫਰੰਸ ਕੀਤੀ ਅਤੇ ਪੰਜਾਬ ਵਾਸੀਆਂ ਦੀ ਸਹੂਲਤ ਲਈ ਐਲਾਨ ਵੀ ਕੀਤੇ। ਮੁੱਖ ਮੰਤਰੀ ਚੰਨੀ ਨੇ ਪੰਜਾਬ ਦੇ ਹਰ ਵਰਗ ਲਈ ਬਿਜਲੀ ਬਿੱਲਾਂ ’ਚ ਰਾਹਤ ਦੇਣ ਦਾ ਐਲਾਨ ਕੀਤਾ ਹੈ। 7 ਕਿੱਲੋਵਾਟ ਤਕ ਤਿੰਨ ਰੁਪਏ ਰੇਟ ਕਰ ਦਿੱਤਾ ਹੈ ਤੇ 100 ਯੂਨਿਟ ਤਕ ਦਾ ਰੇਟ 1 ਰੁਪਏ 19 ਪੈਸੇ ਹੋਵੇਗਾ। ਉਨ੍ਹਾਂ ਦੱਸਿਆ ਕਿ ਬਿਜਲੀ ਦੀਆਂ ਇਹ ਨਵੀਆਂ ਦਰਾਂ ਅੱਜ ਤੋਂ ਲਾਗੂ ਹੋ ਗਈਆਂ ਹਨ। ਚੰਨੀ ਨੇ ਕਿਹਾ ਕਿ ਲੋਕ ਮੁਫਤ ਨਹੀਂ ਸਸਤੀ ਬਿਜਲੀ ਚਾਹੁੰਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਬਿਜਲੀ ਦੀਆਂ ਘਟੀਆਂ ਦਰਾਂ ਦਾ 95 ਫੀਸਦੀ ਖਪਤਕਾਰਾਂ ਨੂੰ ਫਾਇਦਾ ਹੋਵੇਗਾ। ਚੰਨੀ ਨੇ ਕਿਹਾ ਕਿ ਤਿੰਨੋ ਥਰਮਲ ਪਲਾਂਟਾਂ ਦੇ ਬਿਜਲੀ ਸਮਝੌਤਿਆਂ ’ਤੇ ਪੁਨਰ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਜ਼ਿਕਰ ਕੀਤਾ ਕਿ ਪੰਜਾਬ ਵਿਚ 200 ਯੂਨਿਟ ਤੱਕ 21 ਲੱਖ ਖਪਤਕਾਰਾਂ ਨੂੰ ਪਹਿਲਾਂ ਹੀ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ। ਚੰਨੀ ਨੇ ਸਰਕਾਰੀ ਮੁਲਾਜ਼ਮਾਂ ਦੇ ਡੀਏ ਵਿਚ 11 ਫੀਸਦੀ ਵਾਧਾ ਕਰਨ ਦਾ ਐਲਾਨ ਵੀ ਕੀਤਾ। ਇਸ ਤਹਿਤ ਸਰਕਾਰ ਹਰ ਮਹੀਨੇ ਸਰਕਾਰੀ ਮੁਲਾਜ਼ਮਾਂ ਨੂੰ 440 ਕਰੋੜ ਰੁਪਏ ਡੀ.ਏ. ਵਜੋਂ ਭੁਗਤਾਨ ਕਰੇਗੀ।