ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸੱਦੀ ਗਈ ਵਰਚੂਅਲ ਮੀਟਿੰਗ ਵਿਚ ਭਗਵੰਤ ਨੇ ਲਗਵਾਈ ਹਾਜ਼ਰੀ
ਚੰਡੀਗੜ੍ਹ/ਬਿਊਰੋ ਨਿਊਜ਼ : ਭਾਰਤ ਵਿੱਚ ਕਰੋਨਾ ਦੇ ਵਧ ਰਹੇ ਮਾਮਲਿਆਂ ਨੂੰ ਦੇਖਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੇ ਸਾਰੇ ਮੁੱਖ ਮੰਤਰੀਆਂ ਦੀ ਸੱਦੀ ਗਈ ਮੀਟਿੰਗ ‘ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਵਰਚੂਅਲੀ ਹਾਜ਼ਰੀ ਲਗਵਾਈ। ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ ਮਹਾਮਾਰੀ ਦੇ ਵਧਦੇ ਮਾਮਲਿਆਂ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਤਿਆਰ ਹੈ। ਪ੍ਰਧਾਨ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਸਿਹਤ ਮੰਤਰੀ ਡਾ. ਵਿਜੈ ਸਿੰਗਲਾ ਨੇ ਸੂਬੇ ਦੇ ਲੋਕਾਂ ਨੂੰ ਜਨਤਕ ਥਾਵਾਂ ‘ਤੇ ਮਾਸਕ ਪਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਮਾਸਕ ਦੀ ਵਰਤੋਂ ਯਕੀਨੀ ਬਣਾਉਣ ਲਈ ਸੂਬੇ ਵਿੱਚ ਸਖ਼ਤੀ ਕੀਤੀ ਜਾਵੇਗੀ, ਪਰ ਕਿਸੇ ਨੂੰ ਜੁਰਮਾਨਾ ਨਹੀਂ ਲਗਾਇਆ ਜਾਵੇਗਾ। ਪ੍ਰਧਾਨ ਮੰਤਰੀ ਨਾਲ ਮੀਟਿੰਗ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਨੇ ਕਰੋਨਾ ਦੀ ਨਵੀਂ ਲਹਿਰ ਨਾਲ ਨਜਿੱਠਣ ਲਈ ਕਾਰਗਰ ਪ੍ਰਣਾਲੀ ਵਿਕਸਤ ਕੀਤੀ ਹੈ। ਉਨ੍ਹਾਂ ਕਿਹਾ ਕਿ ਕਰੋਨਾ ਨਾਲ ਨਜਿੱਠਣ ਲਈ ਸੂਬੇ ਕੋਲ ਪਹਿਲਾਂ ਹੀ ਲੋੜੀਂਦੇ ਸਾਰੇ ਸਾਧਨ ਉਪਲੱਬਧ ਹਨ। ਸੂਬੇ ਵਿੱਚ ਕਰੋਨਾ ਹਾਲਾਤ ਕਾਬੂ ਹੇਠ ਹੋਣ ਦਾ ਦਾਅਵਾ ਕਰਦਿਆਂ ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਕੀਮਤੀ ਜਾਨਾਂ ਦੀ ਰਾਖੀ ਲਈ ਹਰਸੰਭਵ ਕਦਮ ਉਠਾਏ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦਾ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ, ਜੋ ਅਸਲ ਕਰੋਨਾ ਯੋਧੇ ਹਨ, ਕੋਵਿਡ ਮਹਾਮਾਰੀ ਦੇ ਕਿਸੇ ਵੀ ਵਾਧੇ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੌਮੀ ਪੱਧਰ ‘ਤੇ 87 ਫੀਸਦ ਦੇ ਮੁਕਾਬਲੇ ਪੰਜਾਬ ‘ਚ 97 ਫ਼ੀਸਦ ਆਬਾਦੀ ਨੂੰ ਕੋਵਿਡ ਤੋਂ ਬਚਾਅ ਦੀ ਪਹਿਲੀ ਖੁਰਾਕ ਅਤੇ 76 ਫ਼ੀਸਦ ਲੋਕਾਂ ਨੂੰ ਦੂਜੀ ਖੁਰਾਕ ਦਿੱਤੀ ਜਾ ਚੁੱਕੀ ਹੈ। ਮਹਾਮਾਰੀ ਦਾ ਸਾਹਮਣਾ ਕਰਨ ਲਈ 5.11 ਲੱਖ ਲੋਕਾਂ ਨੂੰ ਬੂਸਟਰ ਡੋਜ਼ ਵੀ ਲਗਾਈ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੋਵਿਡ ਸਥਿਤੀ ‘ਤੇ ਨਿਰੰਤਰ ਨਿਗਰਾਨੀ ਰੱਖੀ ਜਾ ਰਹੀ ਹੈ।
ਮਾਨ ਨੇ ਕਿਹਾ ਕਿ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ 1236 ਬੈੱਡਾਂ, ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ 1450 ਅਤੇ ਸਰਕਾਰੀ ਮੈਡੀਕਲ ਕਾਲਜ ਫਰੀਦਕੋਟ ਵਿਖੇ 1025 ਬੈੱਡਾਂ ਦਾ ਪ੍ਰਬੰਧ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ, ਪਟਿਆਲਾ ਅਤੇ ਫਰੀਦਕੋਟ ਵਿਖੇ ਕ੍ਰਮਵਾਰ 360, 560 ਅਤੇ 400 ਆਕਸੀਜਨ ਬੈੱਡ ਮੌਜੂਦ ਹਨ। ਇਸੇ ਤਰ੍ਹਾਂ ਅੰਮ੍ਰਿਤਸਰ ਅਤੇ ਪਟਿਆਲਾ ਵਿੱਚ 280-280 ਆਈਸੀਯੂ ਬੈੱਡ ਹਨ। ਅੰਮ੍ਰਿਤਸਰ ਵਿਚ 165 ਕੋਵਿਡ ਵੈਂਟੀਲੇਟਰ ਬੈੱਡ, ਪਟਿਆਲਾ ਵਿੱਚ 96 ਅਤੇ ਫਰੀਦਕੋਟ ਵਿੱਚ 141 ਵੈਂਟੀਲੇਟਰ ਬੈੱਡ ਮੌਜੂਦ ਹਨ। ਇਸ ਮੌਕੇ ਸਿਹਤ ਮੰਤਰੀ ਡਾ. ਵਿਜੈ ਸਿੰਗਲਾ, ਮੁੱਖ ਸਕੱਤਰ ਅਨਿਰੁੱਧ ਤਿਵਾੜੀ, ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ.ਵੇਣੂ ਪ੍ਰਸਾਦ ਅਤੇ ਹੋਰ ਅਧਿਕਾਰੀ ਹਾਜ਼ਰ ਸਨ।