ਜਗਮੋਹਨ ਸਿੰਘ ਕੰਗ ਤੇ ਅਮਰੀਕ ਸਿੰਘ ਢਿੱਲੋਂ ਦੀਆਂ ਕੱਟੀਆਂ ਟਿਕਟਾਂ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ 23 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ, ਜਿਸ ਵਿਚ ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਦੀ ਨੂੰਹ ਕਰਨ ਕੌਰ ਬਰਾੜ ਨੂੰ ਮੁਕਤਸਰ ਤੋਂ ਉਮੀਦਵਾਰ ਐਲਾਨਿਆ ਗਿਆ। ਸਾਬਕਾ ਮੰਤਰੀ ਅਸ਼ਵਨੀ ਸੇਖੜੀ ਨੂੰ ਇਕ ਵਾਰ ਫਿਰ ਬਟਾਲਾ ਤੋਂ ਮੌਕਾ ਦਿੱਤਾ ਗਿਆ ਹੈ। ਸਾਬਕਾ ਵਿਧਾਇਕਾ ਹਰਚੰਦ ਕੌਰ ਨੂੰ ਮਹਿਲ ਕਲਾਂ ਹਲਕੇ ਤੋਂ ਮੈਦਾਨ ਵਿਚ ਉਤਾਰਿਆ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕਾਂਗਰਸ ਨੇ 86 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਸੀ ਅਤੇ ਹੁਣ ਇਸ ਤਰ੍ਹਾਂ 8 ਉਮੀਦਵਾਰਾਂ ਬਾਰੇ ਐਲਾਨ ਹੋਣਾ ਬਾਕੀ ਹੈ।
ਇਸ ਸੂਚੀ ਵਿਚ ਜਿੱਥੇ ਖਰੜ ਤੋਂ ਸਾਬਕਾ ਵਿਧਾਇਕ ਜਗਮੋਹਨ ਸਿੰਘ ਕੰਗ ਦੀ ਜਗ੍ਹਾ ਵਿਜੇ ਸ਼ਰਮਾ ਟਿੰਕੂ ਨੂੰ ਟਿਕਟ ਦਿੱਤੀ ਗਈ ਹੈ ਅਤੇ ਉੱਥੇ ਹੀ ਸਮਰਾਲਾ ਤੋਂ ਮੌਜੂਦਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੀ ਜਗ੍ਹਾ ਸਾਬਕਾ ਮੰਤਰੀ ਰਹੇ ਮਰਹੂਮ ਕਰਮ ਸਿੰਘ ਗਿੱਲ ਦੇ ਬੇਟੇ ਰਾਜਾ ਗਿੱਲ ਨੂੰ ਟਿਕਟ ਦਿੱਤੀ ਗਈ ਹੈ। ਭੋਆ ਤੋਂ ਇਸ ਵਾਰ ਵੀ ਮੌਜੂਦਾ ਵਿਧਾਇਕ ਜੋਗਿੰਦਰ ਪਾਲ ਅਤੇ ਖਡੂਰ ਸਾਹਿਬ ਤੋਂ ਰਮਨਜੀਤ ਸਿੰਘ ਸਿੱਕੀ ਨੂੰ ਟਿਕਟ ਦਿੱਤੀ ਗਈ ਹੈ। ਗੁਰੂਹਰਸਹਾਏ ਤੋਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਸੋਢੀ ਵਲੋਂ ਭਾਜਪਾ ਵਿਚ ਸ਼ਾਮਿਲ ਹੋਣ ਕਾਰਨ ਇਸ ਵਾਰ ਇਸ ਸੀਟ ਤੋਂ ਵਿਜੈ ਕਾਲੜਾ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਹਾਲ ਹੀ ਵਿਚ ‘ਆਪ’ ਤੋਂ ਕਾਂਗਰਸ ਵਿਚ ਆਏ ਆਸ਼ੂ ਬੰਗੜ ਨੂੰ ਫਿਰੋਜ਼ਪੁਰ ਦਿਹਾਤੀ ਤੋਂ ਟਿਕਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਨਕੋਦਰ ਤੋਂ ਡਾ. ਨਵਜੋਤ ਸਿੰਘ ਦਾਹੀਆ, ਬੰਗਾ ਤੋਂ ਤਰਲੋਚਨ ਸਿੰਘ ਸੂੰਢ, ਸਾਹਨੇਵਾਲ ਤੋਂ ਵਿਕਰਮ ਬਾਜਵਾ, ਗਿੱਲ ਹਲਕੇ ਤੋਂ ਕੁਲਦੀਪ ਸਿੰਘ ਵੈਦ, ਜਗਰਾਉਂ ਤੋਂ ਜਗਤਾਰ ਸਿੰਘ ਜੱਗਾ ਹਿੱਸੋਵਾਲ, ਫਾਜ਼ਿਲਕਾ ਤੋਂ ਦਵਿੰਦਰ ਸਿੰਘ ਘੁਬਾਇਆ, ਕੋਟਕਪੂਰਾ ਤੋਂ ਅਜੇਪਾਲ ਸਿੰਘ ਸੰਧੂ, ਜੈਤੋਂ ਤੋਂ ਦਰਸ਼ਨ ਸਿੰਘ, ਸਰਦੂਲਗੜ੍ਹ ਤੋਂ ਬਿਕਰਮ ਸਿੰਘ ਮੋਫਰ, ਦਿੜ੍ਹਬਾ ਤੋਂ ਅਜੈਬ ਸਿੰਘ ਰਟੌਲ, ਸੁਨਾਮ ਤੋਂ ਜਸਵਿੰਦਰ ਸਿੰਘ ਧੀਮਾਨ, ਅਮਰਗੜ੍ਹ ਤੋਂ ਸਮਿਤ ਸਿੰਘ, ਡੇਰਾ ਬਸੀ ਤੋਂ ਦੀਪਇੰਦਰ ਸਿੰਘ ਢਿੱਲੋਂ ਅਤੇ ਸ਼ੁਤਰਾਣਾ ਤੋਂ ਦਰਬਾਰਾ ਸਿੰਘ ਨੂੰ ਟਿਕਟ ਦਿੱਤੀ ਗਈ ਹੈ।