Breaking News
Home / ਪੰਜਾਬ / ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਵੀਲ੍ਹ ਚੇਅਰ ਸਮੇਤ ਜਾਣ ਤੋਂ ਰੋਕਿਆ

ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਵੀਲ੍ਹ ਚੇਅਰ ਸਮੇਤ ਜਾਣ ਤੋਂ ਰੋਕਿਆ

ਅਪਾਹਜ ਵਿਅਕਤੀ ਸ਼ਿੰਗਾਰਾ ਅਤੇ ਉਸਦੇ ਦੋ ਸਾਥੀਆਂ ਨੇ ਅਕਾਲ ਤਖਤ ਸਾਹਿਬ ਵਿਖੇ ਦਿੱਤਾ ਮੰਗ ਪੱਤਰ
ਅੰਮ੍ਰਿਤਸਰ/ਬਿਊਰੋ ਨਿਊਜ਼ : ਪਟਿਆਲਾ ਵਾਸੀ ਅਪਾਹਜ ਵਿਅਕਤੀ ਸ਼ਿੰਗਾਰਾ ਸਿੰਘ ਅਤੇ ਉਸ ਦੇ ਇਕ-ਦੋ ਸਾਥੀਆਂ ਨੇ ਵ੍ਹੀਲ ਚੇਅਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਨਤਮਸਤਕ ਹੋਣ ਲਈ ਨਾ ਜਾਣ ਦੇ ਵਿਰੋਧ ਵਜੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਮੰਗ ਪੱਤਰ ਦਿੱਤਾ ਹੈ। ਉਨ੍ਹਾਂ ਨੇ ਘੰਟਾ ਘਰ ਵਾਲੇ ਪਾਸੇ ਇਸ ਖਿਲਾਫ ਸੰਕੇਤਕ ਰੋਸ ਵਿਖਾਵਾ ਵੀ ਕੀਤਾ।
ਸ਼ਿੰਗਾਰਾ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਆਖਿਆ ਕਿ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਆਉਣ ਵਾਲੇ ਅਪਾਹਜ ਵਿਅਕਤੀਆਂ ਵਾਸਤੇ ਕੋਈ ਵਿਸ਼ੇਸ਼ ਪ੍ਰਬੰਧ ਨਹੀਂ ਕੀਤੇ ਗਏ, ਜਿਸ ਕਾਰਨ ਉਨ੍ਹਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਸ ਦੀਆਂ ਦੋਵੇਂ ਲੱਤਾਂ ਪੋਲੀਓ ਕਾਰਨ ਬਚਪਨ ਵਿਚ ਹੀ ਨਕਾਰਾ ਹੋ ਗਈਆਂ ਸਨ ਅਤੇ ਉਹ ਵ੍ਹੀਲ ਚੇਅਰ ਨਾਲ ਆਪਣਾ ਜੀਵਨ ਬਤੀਤ ਕਰ ਰਿਹਾ ਹੈ। ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਸਮੇਂ ਉਸ ਨੂੰ ਆਪਣੀ ਵ੍ਹੀਲ ਚੇਅਰ ਬਾਹਰ ਛੱਡਣ ਵਾਸਤੇ ਆਖਿਆ ਗਿਆ। ਕਰਮਚਾਰੀਆਂ ਨੇ ਉਸ ਨੂੰ ਆਖਿਆ ਕਿ ਉਹ ਉਸ ਨੂੰ ਆਪਣੀ ਪਿੱਠ ‘ਤੇ ਚੁੱਕ ਕੇ ਅੰਦਰ ਲੈ ਜਾਣਗੇ ਅਤੇ ਦਰਸ਼ਨ ਕਰਵਾ ਦੇਣਗੇ ਪਰ ਉਸ ਨੇ ਉਨ੍ਹਾਂ ਦਾ ਇਹ ਸੁਝਾਅ ਇਹ ਕਹਿ ਕੇ ਰੱਦ ਕਰ ਦਿੱਤਾ ਕਿ ਉਹ ਸਰੀਰਕ ਤੌਰ ‘ਤੇ ਅਪਾਹਜ ਹੈ ਪਰ ਕਿਸੇ ‘ਤੇ ਬੋਝ ਨਹੀਂ ਬਣਨਾ ਚਾਹੁੰਦਾ। ਇਸ ਸਬੰਧੀ ਉਸ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਨਾਂ ਛੇ ਵਾਰ ਈ-ਮੇਲਜ਼ ਭੇਜੀਆਂ ਅਤੇ ਉਨ੍ਹਾਂ ਨੂੰ ਅਪਾਹਜ ਵਿਅਕਤੀਆਂ ਵਾਸਤੇ ਢੁਕਵੇਂ ਪ੍ਰਬੰਧ ਕਰਨ ਲਈ ਕਿਹਾ ਪਰ ਹੁਣ ਤੱਕ ਅਮਲੀ ਰੂਪ ‘ਚ ਕੁਝ ਨਹੀਂ ਕੀਤਾ ਗਿਆ।
ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਆਖਿਆ ਕਿ ਅਪਾਹਜ ਵਿਅਕਤੀਆਂ ਵਾਸਤੇ ਘੰਟਾ ਘਰ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਾਲੇ ਪਾਸੇ ਦੋ ਚੇਅਰ ਲਿਫਟ ਦਾ ਪ੍ਰਬੰਧ ਹੈ। ਇਸੇ ਤਰ੍ਹਾਂ ਘੰਟਾ ਘਰ ਵਾਲੇ ਪਾਸੇ ਇਕ ਆਮ ਲਿਫਟ ਦਾ ਪ੍ਰਬੰਧ ਹੈ। ਉਨ੍ਹਾਂ ਕਿਹਾ,ਅਪਾਹਜ ਵਿਅਕਤੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਹੋਰ ਢੁਕਵੇਂ ਪ੍ਰਬੰਧ ਕਰਨ ਬਾਰੇ ਵਿਚਾਰ ਕੀਤਾ ਜਾਵੇਗਾ।

Check Also

ਐਸਜੀਪੀਸੀ ਪ੍ਰਧਾਨ ਨੇ ਦਿੱਲੀ ਦੇ ਮੈਟਰੋ ਸਟੇਸ਼ਨ ’ਤੇ ਸਿੱਖ ਵਿਅਕਤੀ ਨੂੰ ਕਿਰਪਾਨ ਪਾ ਕੇ ਜਾਣ ਤੋਂ ਰੋਕਣ ਦੀ ਕੀਤੀ ਸਖਤ ਨਿੰਦਾ

ਕਿਹਾ : ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਹੋ ਰਹੀ ਖਿਲਵਾੜ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ …