ਪੰਜਾਬ-ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਹੋਣਗੇ ਸ਼ੀਲ ਨਾਗੂ
ਪੰਜਾਬ-ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਹੋਣਗੇ ਸ਼ੀਲ ਨਾਗੂ
ਰਾਸ਼ਟਰਪਤੀ ਦੀ ਮਨਜੂਰੀ ਤੋਂ ਬਾਅਦ ਜਾਰੀ ਹੋਣਗੇ ਨਿਰਦੇਸ਼
ਚੰਡੀਗੜ੍ਹ/ਬਿਊਰੋ ਨਿਊਜ਼

ਸੁਪਰੀਮ ਕੋਰਟ ਕੋਲਜ਼ੀਅਮ ਨੇ ਮੱਧ ਪ੍ਰਦੇਸ਼ ਹਾਈਕੋਰਟ ਦੇ ਸੀਨੀਅਰ ਜੱਜ ਸ਼ੀਲ ਨਾਗੂ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਬਤੌਰ ਚੀਫ ਜਸਟਿਸ ਨਿਯੁਕਤ ਕੀਤੇ ਜਾਣ ਲਈ ਸਹਿਮਤੀ ਦੇ ਦਿੱਤੀ ਹੈ। ਇਸਦੇ ਨਾਲ ਹੀ ਸ਼ੀਲ ਨਾਗੂ ਦੀ ਨਿਯੁਕਤੀ ਸਬੰਧੀ ਸਿਫਾਰਸ਼ ਵੀ ਰਾਸ਼ਟਰਪਤੀ ਦਰੋਪਦੀ ਮੁਰਮੂ ਹੋਰਾਂ ਕੋਲ ਭੇਜ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਦਾ ਅਹੁਦਾ ਖਾਲੀ ਹੈ। ਚੀਫ ਜਸਟਿਸ ਰਵੀ ਸ਼ੰਕਰ ਝਾਅ ਦੀ ਰਿਟਾਇਰਮੈਂਟ ਤੋਂ ਬਾਅਦ ਹਾਈਕੋਰਟ ਦੀ ਸੀਨੀਅਰ ਜੱਜ ਜਸਟਿਸ ਰਿੱਤੂ ਬਾਹਰੀ ਫਿਲਹਾਲ ਹਾਈਕੋਰਟ ਦੀ ਐਕਟਿੰਗ ਚੀਫ ਜਸਟਿਸ ਦਾ ਕਾਰਜਭਾਰ ਸੰਭਾਲ ਰਹੇ ਹਨ। ਹਾਲਾਂਕਿ, ਉਨ੍ਹਾਂ ਨੂੰ ਉਤਰਾਖੰਡ ਹਾਈਕੋਰਟ ਦੇ ਚੀਫ ਜਸਟਿਸ ਦੇ ਅਹੁਦੇ ’ਤੇ ਨਿਯੁਕਤ ਕੀਤੇ ਜਾਣ ਦੀ ਸੁਪਰੀਮ ਕੋਰਟ ਸਿਫਾਰਸ਼ ਕਰ ਚੁੱਕਾ ਹੈ। ਹੁਣ ਸੁਪਰੀਮ ਕੋਰਟ ਨੇ ਮੱਧ ਪ੍ਰਦੇਸ਼ ਹਾਈਕੋਰਟ ਦੇ ਸੀਨੀਅਰ ਜੱਜ ਸ਼ੀਲ ਨਾਗੂ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਬਤੌਰ ਚੀਫ ਜਸਟਿਸ ਨਿਯੁਕਤ ਕੀਤੇ ਜਾਣ ਦੀ ਸਿਫਾਰਸ਼ ਕਰ ਦਿੱਤੀ ਹੈ ਅਤੇ ਜਲਦ ਹੀ ਰਾਸ਼ਟਰਪਤੀ ਦੀ ਸਹਿਮਤੀ ਤੋਂ ਬਾਅਦ ਉਨ੍ਹਾਂ ਦੀ ਨਿਯੁਕਤੀ ਦੇ ਆਦੇਸ਼ ਜਾਰੀ ਕਰ ਦਿੱਤੇ ਜਾਣਗੇ।