Breaking News
Home / ਪੰਜਾਬ / ਚੰਡੀਗੜ੍ਹ ਨਗਰ ਨਿਗਮ ਚੋਣਾਂ ਵਿਚ ‘ਆਪ’ ਦੀ ਧਮਾਕੇਦਾਰ ਐਂਟਰੀ

ਚੰਡੀਗੜ੍ਹ ਨਗਰ ਨਿਗਮ ਚੋਣਾਂ ਵਿਚ ‘ਆਪ’ ਦੀ ਧਮਾਕੇਦਾਰ ਐਂਟਰੀ

ਭਾਜਪਾ ਸੱਤਾ ’ਚੋਂ ਬਾਹਰ – ਪਰ ਸਪੱਸ਼ਟ ਬਹੁਮਤ ਕਿਸੇ ਪਾਰਟੀ ਨੂੰ ਨਹੀਂ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਦੇ ਨਗਰ ਨਿਗਮ ਦੀ ਸੱਤਾ ’ਚੋਂ ਭਾਰਤੀ ਜਨਤਾ ਪਾਰਟੀ ਬਾਹਰ ਹੋ ਗਈ ਹੈ ਅਤੇ ਆਮ ਆਦਮੀ ਪਾਰਟੀ ਨੇ ਧਮਾਕੇਦਾਰ ਐਂਟਰੀ ਕੀਤੀ ਹੈ। ‘ਆਪ’ ਨੇ ਚੰਡੀਗੜ੍ਹ ਨਗਰ ਨਿਗਮ ਦੀਆਂ ਪਹਿਲੀ ਵਾਰ ਚੋਣਾਂ ਲੜ ਕੇ 35 ਵਿਚੋਂ 14 ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ। ਇਸੇ ਤਰ੍ਹਾਂ ਚੰਡੀਗੜ੍ਹ ਦੇ ਕੁੱਲ 35 ਵਾਰਡਾਂ ਦੇ ਆਏ ਨਤੀਜਿਆਂ ਵਿਚੋਂ ਆਮ ਆਦਮੀ ਪਾਰਟੀ ਨੇ 14, ਭਾਰਤੀ ਜਨਤਾ ਪਾਰਟੀ ਨੇ 12, ਕਾਂਗਰਸ ਨੇ 8 ਸੀਟਾਂ ਜਿੱਤੀਆਂ ਹਨ ਅਤੇ ਇਕ ਸੀਟ ’ਤੇ ਸ਼ੋ੍ਰਮਣੀ ਅਕਾਲੀ ਦਲ ਨੇ ਜਿੱਤ ਹਾਸਲ ਕੀਤੀ ਹੈ। ਜ਼ਿਕਰਯੋਗ ਹੈ ਕਿ 35 ਵਾਰਡਾਂ ਵਾਲੇ ਚੰਡੀਗੜ੍ਹ ਦੇ ਨਗਰ ਨਿਗਮ ਵਿਚ ਕਿਸੇ ਵੀ ਸਿਆਸੀ ਪਾਰਟੀ ਨੂੰ ਸਪੱਸ਼ਟ ਬਹੁਮਤ ਨਹੀਂ ਮਿਲਿਆ ਅਤੇ ਬਹੁਮਤ ਲਈ 19 ਸੀਟਾਂ ’ਤੇ ਜਿੱਤ ਜ਼ਰੂਰੀ ਸੀ। ਭਾਰਤੀ ਜਨਤਾ ਪਾਰਟੀ ਨੂੰ ਸਭ ਤੋਂ ਵੱਡਾ ਸਿਆਸੀ ਝਟਕਾ ਉਦੋਂ ਲੱਗਾ ਜਦੋਂ ਵਾਰਡ ਨੰਬਰ 17 ਤੋਂ ਭਾਜਪਾ ਦੇ ਮੇਅਰ ਰਵੀਕਾਂਤ ਸ਼ਰਮਾ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਮਨਪ੍ਰੀਤ ਸਿੰਘ ਨੇ ਹਰਾ ਦਿੱਤਾ। ਇਸੇ ਤਰ੍ਹਾਂ ਵਾਰਡ ਨੰਬਰ 23 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਬੀਰ ਸਿੰਘ ਨੇ ਭਾਜਪਾ ਦੇ ਸਾਬਕਾ ਮੇਅਰ ਦੇਵੇਸ਼ ਮੋਦਗਿੱਲ ਨੂੰ ਵੀ ਹਰਾ ਦਿੱਤਾ ਹੈ। ਧਿਆਨ ਰਹੇ ਕਿ ਜਿੱਤੇ ਹੋਏ ਉਮੀਦਵਾਰਾਂ ਦੇ ਸਮਰਥਕਾਂ ਵਲੋਂ ਖੁਸ਼ੀ ਵਿਚ ਭੰਗੜੇ ਪਾਏ ਜਾ ਰਹੇ ਹਨ ਅਤੇ ਹਾਰੇ ਹੋਏ ਉਮੀਦਵਾਰਾਂ ਦੇ ਸਮਰਥਕਾਂ ਵਿਚ ਨਿਰਾਸ਼ਾ ਦੇਖੀ ਗਈ ਹੈ।

Check Also

ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ

ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …