Breaking News
Home / ਮੁੱਖ ਲੇਖ / ਸ੍ਰੀ ਦਰਬਾਰ ਸਾਹਿਬ ਸਮੂਹ ਨੇੜਿਓਂ ਮਿਲੀ ਜ਼ਮੀਨਦੋਜ਼ ਪੁਰਾਤਨ ਇਮਾਰਤ ਦਾ ਮਾਮਲਾ

ਸ੍ਰੀ ਦਰਬਾਰ ਸਾਹਿਬ ਸਮੂਹ ਨੇੜਿਓਂ ਮਿਲੀ ਜ਼ਮੀਨਦੋਜ਼ ਪੁਰਾਤਨ ਇਮਾਰਤ ਦਾ ਮਾਮਲਾ

ਕਿਉਂ ਗਵਾਚ ਰਹੀਆਂ ਹਨ ਸਿੱਖ ਵਿਰਸਤ ਦੀਆਂ ਧਰੋਹਰਾਂ?
ਤਲਵਿੰਦਰ ਸਿੰਘ ਬੁੱਟਰ
ਵੀਰਵਾਰ ਨੂੰ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਸਮੂਹ ਦੇ ਬਾਹਰਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਾਲੇ ਪਾਸੇ ਕਾਰ-ਸੇਵਾ ਰਾਹੀਂ ਜੋੜਾ-ਘਰ ਅਤੇ ਦੋ-ਪਹੀਆ ਪਾਰਕਿੰਗ ਲਈ ਜ਼ਮੀਨਦੋਜ਼ ਪੁਟਾਈ ਵੇਲੇ ਇਕ ਸੁਰੰਗਨੁਮਾ ਪੁਰਾਤਨ ਇਮਾਰਤ ਨਿਕਲਣ ਤੋਂ ਬਾਅਦ ਵਿਵਾਦ ਪੈਦਾ ਹੋ ਗਿਆ ਹੈ। ਸਾਬਕਾ ਰਾਗੀ ਅਤੇ ਸਿੱਖ ਸਦਭਾਵਨਾ ਦਲ ਦੇ ਮੁਖੀ ਭਾਈ ਬਲਦੇਵ ਸਿੰਘ ਵਡਾਲਾ ਵਲੋਂ ਉਸਾਰੀ ਵਾਲੀ ਜਗ੍ਹਾ ‘ਤੇ ਜਾ ਕੇ ਪੁਰਾਤਨ ਇਮਾਰਤ ਨੂੰ ਸ੍ਰੀ ਦਰਬਾਰ ਸਾਹਿਬ ਨਾਲ ਸਬੰਧਤ ਇਤਿਹਾਸਕ ਦੱਸ ਕੇ ਸ਼੍ਰੋਮਣੀ ਕਮੇਟੀ ਅਤੇ ਕਾਰ-ਸੇਵਾ ਵਾਲੇ ਬਾਬਿਆਂ ਉੱਤੇ ਇਸ ਨੂੰ ਮਿਟਾਉਣ ਦਾ ਦੋਸ਼ ਲਾਇਆ ਗਿਆ ਹੈ। ਜਦੋਂਕਿ ਦੂਜੇ ਪਾਸੇ ਅੰਮ੍ਰਿਤਸਰ ਸ਼ਹਿਰ ਦੇ ਜਾਣਕਾਰਾਂ ਦਾ ਦਾਅਵਾ ਹੈ ਕਿ ਜਿਸ ਜਗ੍ਹਾ ਤੋਂ ਸੁਰੰਗਨੁਮਾ ਇਮਾਰਤ ਮਿਲੀ ਹੈ, ਉੱਥੇ ਗਿਆਨੀਆਂ ਦਾ ਬੁੰਗਾ ਹੁੰਦਾ ਸੀ, ਜੋ ਭਾਰਤ ਸਰਕਾਰ ਵਲੋਂ ਸ੍ਰੀ ਦਰਬਾਰ ਸਾਹਿਬ ਸਮੂਹ ਦੁਆਲੇ ਉਲੀਕੇ ਗਲਿਆਰਾ ਪ੍ਰਾਜੈਕਟ ਦੀ ਉਸਾਰੀ ਵੇਲੇ 1988 ਦੇ ਆਸ-ਪਾਸ ਢਾਹ ਦਿੱਤਾ ਗਿਆ ਸੀ। ਇਹ ਜ਼ਮੀਨਦੋਜ਼ ਇਮਾਰਤ ਉਸੇ ਦਾ ਹਿੱਸਾ ਹੋ ਸਕਦਾ ਹੈ। ਫਿਲਹਾਲ ਪੁਲਿਸ ਦੇ ਦਖ਼ਲ ਨਾਲ ਸ਼੍ਰੋਮਣੀ ਕਮੇਟੀ ਨੇ ਇਹ ਉਸਾਰੀ ਦਾ ਕੰਮ ਰੋਕ ਦਿੱਤਾ ਹੈ ਅਤੇ ਇਸ ਇਮਾਰਤ ਦੀ ਇਤਿਹਾਸਕ ਪ੍ਰਮਾਣਿਕਤਾ ਜਾਂਚ-ਪਰਖਣ ਦੀ ਗੱਲ ਆਖੀ ਗਈ ਹੈ।
ਹੁਣ ਇਸ ਮਾਮਲੇ ‘ਤੇ ਵੱਡੀ ਦੁਬਿਧਾ ਇਹ ਖੜ੍ਹੀ ਹੋ ਗਈ ਹੈ ਕਿ ਮਿਲੀ ਪੁਰਾਤਨ ਇਮਾਰਤ ਸਿੱਖ ਇਤਿਹਾਸ ਨਾਲ ਸਬੰਧਤ ਹੈ ਜਾਂ ਨਹੀਂ? ਜੇਕਰ ਇਹ ਇਮਾਰਤ ਸਿੱਖ ਇਤਿਹਾਸ ਜਾਂ ਸ੍ਰੀ ਦਰਬਾਰ ਸਾਹਿਬ ਨਾਲ ਸਬੰਧਤ ਹੋਵੇ ਤਾਂ ਇਸ ਨੂੰ ਸੰਭਾਲਣਾ ਨਿਹਾਇਤ ਜ਼ਰੂਰੀ ਬਣ ਜਾਂਦਾ ਹੈ ਪਰ ਜੇਕਰ ਇਸ ਇਮਾਰਤ, ਜੋ ਕਿ ਸ੍ਰੀ ਦਰਬਾਰ ਸਾਹਿਬ ਸਮੂਹ ਦੇ ਬਾਹਰਵਾਰ ਹੈ, ਦਾ ਸਿੱਖ ਇਤਿਹਾਸ ਜਾਂ ਸ੍ਰੀ ਦਰਬਾਰ ਸਾਹਿਬ ਨਾਲ ਸਿੱਧਾ ਸਬੰਧ ਨਾ ਹੋਵੇ ਤਾਂ ਫਿਰ ਇਸ ਨੂੰ ਸ੍ਰੀ ਦਰਬਾਰ ਸਾਹਿਬ ਨਾਲ ਜੁੜੀ ਸ਼ਰਧਾ ਦਾ ਵਿਸ਼ਾ ਬਣਾਉਣਾ ਕਿੱਥੋਂ ਤੱਕ ਜਾਇਜ਼ ਹੋਵੇਗਾ? ਕਿਉਂਕਿ ਅੰਮ੍ਰਿਤਸਰ ਸਮੇਤ ਸਾਰੇ ਇਤਿਹਾਸਕ ਸ਼ਹਿਰ ਹੀ ਆਪਣੇ ਹੇਠਾਂ ਪੁਰਾਤਨ ਕਾਲ ਦੇ ਅਵਸ਼ੇਸ਼ਾਂ ਨੂੰ ਸਾਂਭੀ ਬੈਠੇ ਹਨ। ਜਿੱਥੋਂ ਮਰਜ਼ੀ ਮਿੱਟੀ ਪੁੱਟ ਕੇ ਵੇਖ ਲਵੋ, ਪੁਰਾਤਨ ਇੱਟਾਂ ਦੀਆਂ ਇਮਾਰਤਾਂ ਹੀ ਨਿਕਲਣਗੀਆਂ। ਇਸੇ ਮਰਹੱਲੇ ‘ਚ ਇਕ ਸ਼ੰਕਾ ਇਹ ਵੀ ਉਭਰ ਰਿਹਾ ਹੈ ਕਿ ਜ਼ਿੰਮੇਵਾਰ ਸੰਸਥਾਵਾਂ ਵਲੋਂ ਸਿੱਖ ਵਿਰਾਸਤ ਨੂੰ ਸਾਂਭਣ ਵਿਚ ਅਤੀਤ ਦੌਰਾਨ ਹੋਈਆਂ ਗ਼ਲਤੀਆਂ ਵਿਚੋਂ ਉਪਜੀ ਬੇਵਿਸ਼ਵਾਸੀ ਅਤੇ ਅਸੁਰੱਖਿਆ ਦੀ ਭਾਵਨਾ ਵਿਚ ਹਰੇਕ ਪੁਰਾਣੀਆਂ ਇੱਟਾਂ ਦੀ ਬਣੀ ਇਮਾਰਤ ਨੂੰ ਹੀ ਸਿੱਖ ਵਿਰਾਸਤ ਦੇ ਨਾਲ ਜੋੜਨ ਦਾ ਵਰਤਾਰਾ ਆਰੰਭਣਾ ਵੀ ਫ਼ਾਇਦੇਮੰਦ ਨਹੀਂ ਆਖਿਆ ਜਾ ਸਕਦਾ। ਹਾਲਾਂਕਿ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਵੇਖਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਤੁਰੰਤ ਇਸ ਜ਼ਮੀਨਦੋਜ਼ ਇਮਾਰਤ ਨੂੰ ਸੁਰੱਖਿਅਤ ਰੱਖ ਕੇ, ਇਸ ਦੇ ਨੇੜੇ ਉਸਾਰੀ ਦਾ ਕੰਮ ਰੋਕਣ ਦਾ ਆਦੇਸ਼ ਦਿੰਦਿਆਂ ਆਖਿਆ ਹੈ ਕਿ ਪੁਰਾਤਤਵ ਮਾਹਰਾਂ ਕੋਲੋਂ ਇਸ ਇਮਾਰਤ ਦੀ ਜਾਂਚ ਕਰਵਾਈ ਜਾਵੇਗੀ।
ਦਰ ਹਕੀਕਤ ਪਿਛਲੇ ਸਮਿਆਂ ਦੌਰਾਨ ਸਿੱਖ ਕੌਮ ਨੇ ਚੇਤ-ਅਚੇਤ ਰੂਪ ਵਿਚ ਆਪਣੀ ਵਿਰਾਸਤ ਦਾ ਵੱਡੀ ਪੱਧਰ ‘ਤੇ ਨੁਕਸਾਨ ਕਰਵਾਇਆ ਹੈ। ਅਕਸਰ ਹੀ ਸਿੱਖ ਵਿਰਾਸਤ ਨਾਲ ਸਬੰਧਤ ਪੁਰਾਤਨ ਨਿਸ਼ਾਨੀਆਂ ਅਤੇ ਇਮਾਰਤਾਂ ਦੀ ਅਣਦੇਖੀ ਕਰਨ ਦਾ ਮੁੱਦਾ ਚਰਚਾ ਵਿਚ ਰਹਿੰਦਾ ਹੈ। ਦੋ ਸਾਲ ਪਹਿਲਾਂ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਵਿਖੇ ਸਿੱਖ ਰਾਜ ਦੀ ਨਿਸ਼ਾਨੀ ਪੁਰਾਤਨ ਦਰਸ਼ਨੀ ਡਿਓਢੀ ਨੂੰ ਰਾਤੋ-ਰਾਤ ਢਾਹੁਣ ਦੀ ਕੋਸ਼ਿਸ਼ ਦਾ ਮਾਮਲਾ ਵੀ ਭਖਿਆ ਰਿਹਾ ਸੀ। ਉਸ ਵੇਲੇ ਵੀ ਦਰਸ਼ਨੀ ਡਿਓਢੀ ਨੂੰ ਢਾਹੁਣ ਦਾ ਕੰਮ ਸ਼੍ਰੋਮਣੀ ਕਮੇਟੀ ਨੂੰ ਰੋਕਣਾ ਪਿਆ ਸੀ ਅਤੇ ਸਿੱਖ ਸੰਗਤ ਨੂੰ ਇਹ ਭਰੋਸਾ ਦੇਣਾ ਪਿਆ ਸੀ ਕਿ ਭਵਿੱਖ ਵਿਚ ਇਸ ਤਰ੍ਹਾਂ ਦੀਆਂ ਗ਼ਲਤੀਆਂ ਨਹੀਂ ਹੋਣ ਦਿੱਤੀਆਂ ਜਾਣਗੀਆਂ। ਉਸ ਵੇਲੇ ਸ਼੍ਰੋਮਣੀ ਕਮੇਟੀ ਨੇ ਭਵਿੱਖ ਵਿਚ ਸਿੱਖ ਇਤਿਹਾਸਕ ਇਮਾਰਤਾਂ, ਵਿਰਾਸਤੀ ਯਾਦਗਾਰਾਂ, ਇਤਿਹਾਸਕ ਵਸਤਾਂ ਅਤੇ ਪੁਰਾਤਨ ਰੁੱਖਾਂ ਆਦਿ ਨੂੰ ਬਚਾਉਣ ਅਤੇ ਸਾਂਭ-ਸੰਭਾਲ ਕਰਨ ਲਈ ਭਵਨ ਤੇ ਨਿਰਮਾਣ ਕਲਾ ਅਤੇ ਪੁਰਾਤਤਵ ਇਮਾਰਤਾਂ ਦੀ ਸਾਂਭ-ਸੰਭਾਲ ਦੇ ਮਾਹਰਾਂ ਦੀ ਇਕ ‘ਵਿਰਾਸਤੀ ਕਮੇਟੀ’ ਦਾ ਗਠਨ ਕਰਨ ਐਲਾਨ ਕੀਤਾ ਸੀ। ਇਸੇ ਤਰ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਵੀ ਇਕ ਵੱਖਰਾ ‘ਸਿੱਖ ਹੈਰੀਟੇਜ਼ ਕਮਿਸ਼ਨ’ ਗਠਿਤ ਕਰਨ ਦਾ ਐਲਾਨ ਕੀਤਾ ਗਿਆ ਸੀ। ਪਰ ਇਸ ਦੇ ਬਾਵਜੂਦ ਸਿੱਖ ਵਿਰਾਸਤ ਨਾਲ ਸਬੰਧਤ ਪੁਰਾਤਨ ਨਿਸ਼ਾਨੀਆਂ ਨੂੰ ਸੰਭਾਲਣ ਪ੍ਰਤੀ ਸਿੱਖ ਸੰਸਥਾਵਾਂ ਦੀ ਪਹੁੰਚ ਨੂੰ ਲੈ ਕੇ ਕੌਮ ਵਿਚ ਬੇਵਿਸ਼ਵਾਸੀ, ਅਸੁਰੱਖਿਆ ਅਤੇ ਸੰਕਿਆਂ ਦਾ ਆਲਮ ਖ਼ਤਮ ਨਹੀਂ ਹੋ ਸਕਿਆ।
ਕਾਰ-ਸੇਵਾ ਦਾ ਸੰਕਲਪ ਬੁਨਿਆਦੀ ਤੌਰ ‘ਤੇ ਤਾਂ ਬਹੁਤ ਪਵਿੱਤਰ, ਨਿਸ਼ਕਾਮ ਅਤੇ ਨਿਰਮਲ ਹੈ ਪਰ ਪਿਛਲੇ ਕੁਝ ਸਮੇਂ ਤੋਂ ਕੁਝ ਕਾਰ-ਸੇਵਾ ਸੰਪਰਦਾਵਾਂ ਵਲੋਂ ਗੁਰਦੁਆਰਿਆਂ ਦੀਆਂ ਇਮਾਰਤਾਂ ਦੀ ਨਵ-ਉਸਾਰੀ ਦੌਰਾਨ ਅਣਗਹਿਲੀ ਜਾਂ ਵਿਰਾਸਤ ਦੀ ਅਹਿਮੀਅਤ ਤੋਂ ਅਨਜਾਣ ਹੋਣ ਕਰਕੇ ਇਤਿਹਾਸਕ ਅਤੇ ਵਿਰਾਸਤੀ ਨਿਸ਼ਾਨੀਆਂ ਤੇ ਇਮਾਰਤਾਂ ਦੀ ਹੋਂਦ ਮਿਟਾਉਣ ਦੇ ਵਰਤਾਰੇ ਨੇ, ਸਮੁੱਚੀ ਕਾਰ-ਸੇਵਾ ਪਰੰਪਰਾ ਦੇ ਸਤਿਕਾਰ ਨੂੰ ਠੇਸ ਪਹੁੰਚਾਈ ਹੈ। ਕਾਰ-ਸੇਵਾ ਰਾਹੀਂ ਸੰਗਮਰਮਰੀ ਇਮਾਰਤਾਂ ਉਸਾਰਨ ਦੀ ਹੋੜ ਵਿਚ ਸਿੱਖਾਂ ਨੇ ਸੁਲਤਾਨਪੁਰ ਲੋਧੀ ਵਿਚ ਬੇਬੇ ਨਾਨਕੀ ਦਾ ਪੁਰਾਤਨ ਘਰ, ਗੁਰਦੁਆਰਾ ਹੱਟ ਸਾਹਿਬ, ਸ੍ਰੀ ਗੁਰੂ ਅਮਰਦਾਸ ਜੀ ਦਾ ਜਨਮ ਅਸਥਾਨ ਬਾਸਰਕੇ ਗਿੱਲਾਂ (ਅੰਮ੍ਰਿਤਸਰ), ਚਮਕੌਰ ਦੀ ਕੱਚੀ ਗੜ੍ਹੀ, ਫ਼ਤਹਿਗੜ੍ਹ ਸਾਹਿਬ ਵਿਖੇ ਠੰਢਾ ਬੁਰਜ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਅਸਥਾਨ ਦੀ ਪੁਰਾਤਨ ਯਾਦਗਾਰ, ਸ੍ਰੀ ਅਨੰਦਪੁਰ ਸਾਹਿਬ ਵਿਖੇ ਸਾਹਿਬਜ਼ਾਦਿਆਂ ਦੇ ਜਨਮ ਅਸਥਾਨ ਵਾਲਾ ਪੁਰਾਤਨ ਕਮਰਾ, ਸ੍ਰੀ ਅਨੰਦਪੁਰ ਸਾਹਿਬ ਵਿਖੇ ਪੁਰਾਤਨ ਇਤਿਹਾਸਕ ਕਿਲ੍ਹਿਆਂ ਦੇ ਬਚੇ-ਖੁਚੇ ਅਵਸ਼ੇਸ਼, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲਾਗੇ ਇਤਿਹਾਸਕ ਗੁਰੂ ਕਾ ਬਾਗ, ਮਹਾਰਾਜਾ ਰਣਜੀਤ ਸਿੰਘ ਦੀ ਬਾਰਾਂਦਰੀ ਅਤੇ ਹੋਰ ਅਨੇਕਾਂ ਆਪਣੀਆਂ ਪੁਰਾਤਨ ਇਤਿਹਾਸਕ ਧਰੋਹਰਾਂ ਗਵਾ ਲਈਆਂ ਹਨ।
ਇਸੇ ਸੰਦਰਭ ‘ਚ ਇਹ ਜ਼ਿਕਰ ਕਰਨਾ ਵੀ ਕੁਥਾਂ ਨਹੀਂ ਹੋਵੇਗਾ ਕਿ 1950 ਤੱਕ ਅੰਮ੍ਰਿਤਸਰ ਸਥਿਤ ਸ੍ਰੀ ਦਰਬਾਰ ਸਾਹਿਬ ਸਮੂਹ ਦੇ ਆਸ-ਪਾਸ, ਸਰੋਵਰ ਦੇ ਬਿਲਕੁਲ ਨਾਲ ਲਗਦੇ 82 ਦੇ ਲਗਪਗ ਬੁੰਗੇ ਹੁੰਦੇ ਸਨ ਜੋ ਕਿ ਸੰਗਤਾਂ ਦੀ ਰਿਹਾਇਸ਼ ਲਈ ਬਣਾਏ ਗਏ ਸਨ। ਕਈ ਬੁੰਗਿਆਂ ਤੋਂ ਸਿੱਧੀਆਂ ਪੌੜੀਆਂ ਸਰੋਵਰ ਦੇ ਕੰਢੇ ਜਾ ਨਿਕਲਦੀਆਂ ਸਨ। ਸੰਨ 1945 ਵਿਚ ਸ਼੍ਰੋਮਣੀ ਕਮੇਟੀ ਨੇ ਅਨੁਭਵ ਕੀਤਾ ਕਿ ਬੁੰਗਿਆਂ ਦੀਆਂ ਇਮਾਰਤਾਂ ਬਹੁਤ ਪੁਰਾਣੀਆਂ ਅਤੇ ਖਸਤਾ ਹੋ ਚੁੱਕੀਆਂ ਹਨ। ਦੂਜਾ, ਪਰਕਰਮਾ ਵਿਚ ਇਹ ਬੁੰਗੇ ਹੋਣ ਕਾਰਨ ਪਰਕਰਮਾ ਬਹੁਤ ਭੀੜੀ ਅਤੇ ਘੁੱਟਵੀਂ ਫ਼ਿਜ਼ਾ ਵਾਲੀ ਸੀ। ਇਨ੍ਹਾਂ ਬੁੰਗਿਆਂ ਨੂੰ ਢਾਹ ਕੇ ਪਰਕਰਮਾ ਚੌੜੀ ਕਰਨ ਲਈ 1946 ਵਿਚ ਸ਼੍ਰੋਮਣੀ ਕਮੇਟੀ ਨੇ ਭਾਰਤ ਭਰ ਦੇ ਭਵਨ ਨਿਰਮਾਣ ਮਾਹਰ ਸਿੱਖ ਇੰਜੀਨੀਅਰਾਂ ਦੀ ਰਾਇ ਨਾਲ ਯੋਜਨਾ ਪ੍ਰਵਾਨ ਕਰ ਦਿੱਤੀ ਗਈ। ਜਥੇਦਾਰ ਮੋਹਨ ਸਿੰਘ ਜੀ ਨਾਗੋਕੇ, ਜੋ ਕਿ ਉਸ ਵੇਲੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹੋਣ ਦੇ ਨਾਲ-ਨਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੀ ਸਨ, ਨੇ ਇਹ ਸਾਰੀ ਯੋਜਨਾ ਨੂੰ ਚੰਗੇ ਤਰੀਕੇ ਨਾਲ ਸਿਰੇ ਚਾੜ੍ਹਨ ਵਿਚ ਅਹਿਮ ਭੂਮਿਕਾ ਨਿਭਾਈ। ਅੱਜ ਜੇਕਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸਰੋਵਰ ਦੇ ਆਲੇ-ਦੁਆਲੇ ਸੁੰਦਰ, ਰਮਣੀਕ ਅਤੇ ਅਦੁੱਤੀ ਫ਼ਿਜ਼ਾ ਸਿਰਜਣ ਵਾਲੀ ਪਰਕਰਮਾ ਮੌਜੂਦ ਹੈ ਤਾਂ ਇਹ ਉਸ ਵੇਲੇ ਦੀ ਯੋਜਨਾ ਦੇ ਸਦਕਾ ਹੀ ਹੈ। ਪਰਕਰਮਾ ਚੌੜੀ ਕਰਨ ਦਾ ਅਮਲ ਸੰਨ 1955 ਦੇ ਆਸ-ਪਾਸ ਮੁਕੰਮਲ ਹੋਇਆ। ਉੱਤਰੀ, ਦੱਖਣੀ ਅਤੇ ਪੂਰਬੀ ਤਿੰਨਾਂ ਬਾਹੀਆਂ ਦੇ ਵਿਚਕਾਰ ਤਿੰਨ ਵੱਡੀਆਂ ਡਿਓਢੀਆਂ ਉਸਾਰੀਆਂ ਗਈਆਂ। ਦੋ ਛੋਟੀਆਂ ਡਿਓਢੀਆਂ, ਇਕ ਝੰਡਾ-ਬੁੰਗਾ ਵੱਲ ਤੇ ਇਕ ਮੁਨਿਆਰਾਂ ਵਾਲਾ ਬਾਜ਼ਾਰ ਵੱਲ ਉਸਾਰੀਆਂ ਗਈਆਂ।
ਸਰੋਵਰ ਦੇ ਚਾਰੇ ਪਾਸੇ 50-50 ਫੁੱਟ ਚੌੜੀ ਪਰਕਰਮਾ ਅਤੇ ਇਸ ਦੇ ਬਾਹਰਵਾਰ 12 ਫੁੱਟ ਚੌੜਾ ਬਰਾਂਡਾ ਅਤੇ ਬਰਾਂਡੇ ਦੇ ਪਿੱਛੇ 30 ਫੁੱਟ ਮੁਰੱਬੇ ਦੇ ਕਮਰੇ ਉਸਾਰੇ ਗਏ। ਇਨ੍ਹਾਂ ਕਮਰਿਆਂ ਦੇ ਮੂੰਹ ਬਰਾਂਡੇ ਵਿਚ ਪਰਕਰਮਾ ਵਾਲੇ ਪਾਸੇ ਰੱਖੇ ਗਏ। ਹਰ ਕਮਰੇ ਦੇ ਉਪਰ ਬਾਹਰਵਾਰ ਬਾਜ਼ਾਰ ਵੱਲ ਮੂੰਹ ਕਰਕੇ ਦੁਕਾਨਾਂ ਬਣਾਈਆਂ ਗਈਆਂ। ਤੀਸਰੀ ਮੰਜ਼ਿਲ ਵਿਚ ਹਰ ਦੁਕਾਨ ਦੇ ਉੱਤੇ ਦੋ ਕਮਰੇ ਅਤੇ ਅੱਗੇ ਚਾਰ ਕੁ ਫੁੱਟ ਦਾ ਬਰਾਂਡਾ, ਜਿਸ ਦੇ ਇਕ ਪਾਸੇ ਰਸੋਈ ਅਤੇ ਇਕ ਪਾਸੇ ਇਸ਼ਨਾਨ-ਘਰ ਬਣਾਇਆ ਗਿਆ। ਪਰਕਰਮਾ ਵਾਲੇ ਪਾਸੇ ਨੂੰ ਇਨ੍ਹਾਂ ਕਮਰਿਆਂ ਉੱਤੇ ਵਿਹੜਾ ਛੱਡਿਆ ਗਿਆ। ਵਿਹੜੇ ਦੇ ਅੱਗੇ ਪਰਕਰਮਾ ਵਾਲੇ ਪਾਸੇ ਉੱਚਾ ਸੀਮਿੰਟ ਦਾ ਜੰਗਲਾ ਲਾਇਆ ਗਿਆ। ਕਮਰਿਆਂ ਦੇ ਪਿਛਲੇ ਪਾਸੇ ਬਾਜ਼ਾਰ ਵੱਲ ਨੂੰ ਮੂੰਹ ਕਰਕੇ ਤਿੰਨ-ਤਿੰਨ ਫੁੱਟ ਦਾ ਵਾਧਾ ਵਧਾਇਆ ਗਿਆ। ਇਸ ਤਰ੍ਹਾਂ ਸ੍ਰੀ ਦਰਬਾਰ ਸਾਹਿਬ ਨੂੰ ਚਾਰੇ ਪਾਸਿਆਂ ਤੋਂ ਕਿਲ੍ਹਾ ਨੁਮੀ ਸੁਰੱਖਿਆ ਦੇ ਕਵਚ ਵਿਚ ਲੈ ਲਿਆ ਗਿਆ। ਸੰਨ 1984 ਦੇ ਸ੍ਰੀ ਦਰਬਾਰ ਸਾਹਿਬ ਹਮਲੇ ਤੋਂ ਬਾਅਦ 1985 ਵਿਚ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ 100 ਕਰੋੜ ਰੁਪਏ ਦੀ ਲਾਗਤ ਨਾਲ ਸ੍ਰੀ ਹਰਿਮੰਦਰ ਸਾਹਿਬ ਗਲਿਆਰਾ ਯੋਜਨਾ ਦਾ ਐਲਾਨ ਕੀਤਾ, ਜਿਸ ਦਾ ਮਕਸਦ ਸ੍ਰੀ ਦਰਬਾਰ ਸਾਹਿਬ ਦੇ ਚੌਗਿਰਦੇ ਦੀ ਸੁੰਦਰਤਾ ਵਧਾਉਣ ਦੇ ਨਾਲ-ਨਾਲ ਭਵਿੱਖ ਵਿਚ ਸ੍ਰੀ ਦਰਬਾਰ ਸਾਹਿਬ ਸਮੂਹ ‘ਤੇ ਸੁਰੱਖਿਆ ਦ੍ਰਿਸ਼ਟੀ ਤੋਂ ਨਜ਼ਰਸਾਨੀ ਨੂੰ ਆਸਾਨ ਬਣਾਉਣਾ ਵੀ ਸੀ। ਇਸ ਗਲਿਆਰਾ ਯੋਜਨਾ ਵੇਲੇ ਵੀ ਬਹੁਤ ਸਾਰੀਆਂ ਵਿਰਾਸਤੀ ਇਮਾਰਤਾਂ, ਬਾਜ਼ਾਰ ਅਤੇ ਬੁੰਗੇ ਢਾਹ ਦਿੱਤੇ ਗਏ। ਜਿਸ ਜਗ੍ਹਾ ਤੋਂ ਬੀਤੇ ਦਿਨੀਂ ਸੁਰੰਗਨੁਮਾ ਇਮਾਰਤ ਮਿਲੀ ਹੈ, ਉੱਥੇ ਗਿਆਨੀਆਂ ਦਾ ਬੁੰਗਾ ਹੁੰਦਾ ਸੀ, ਜਿਸ ਦੇ ਮਾਲਕਾਂ ਨੂੰ ਉਸ ਵੇਲੇ ਸਰਕਾਰੀ ਮੁਆਵਜ਼ਾ ਦੇ ਕੇ ਬੁੰਗਾ ਢਾਹ ਕੇ ਸਬੰਧਤ ਜਗ੍ਹਾ ਨੂੰ ਗਲਿਆਰੇ ਵਿਚ ਜਜ਼ਬ ਕਰ ਲਿਆ ਗਿਆ। ਇਸ ਬੁੰਗੇ ਦੇ ਵਾਰਸ ਅੱਜ ਵੀ ਅੰਮ੍ਰਿਤਸਰ ਵਿਚ ਹੀ ਰਹਿੰਦੇ ਹਨ।
ਇਸ ਤੋਂ ਬਾਅਦ ਪਿਛਲੇ 2012-2017 ਦੀ ਅਕਾਲੀ-ਭਾਜਪਾ ਸਰਕਾਰ ਦੌਰਾਨ ਤਤਕਾਲੀ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਪਣੇ ਸੁਪਨ ਪ੍ਰਾਜੈਕਟ ਵਜੋਂ ਸ੍ਰੀ ਦਰਬਾਰ ਸਾਹਿਬ ਦੇ ਘੰਟਾ ਘਰ ਵਾਲੀ ਡਿਓਢੀ ਵਾਲੇ ਪਾਸੇ ‘ਗੋਲਡਨ ਪਲਾਜਾ’ ਦੀ ਉਸਾਰੀ ਦਾ ਕਾਰਜ ਆਰੰਭਿਆ। ਇਸ ਦੌਰਾਨ ਵੀ ਸ੍ਰੀ ਦਰਬਾਰ ਸਾਹਿਬ ਸਮੂਹ ਦੇ ਆਸ-ਪਾਸ ਬਹੁਤ ਸਾਰੇ ਪੁਰਾਣੇ ਬਾਜ਼ਾਰ, ਰਸਤੇ ਅਤੇ ਇਮਾਰਤਾਂ ਨੂੰ ਨੇਸਤੋ-ਨਾਬੂਦ ਕਰ ਦਿੱਤਾ ਗਿਆ। ਬੇਸ਼ੱਕ ਇਸ ਪਲਾਜਾ ਦੀ ਉਸਾਰੀ ਨਾਲ ਸ੍ਰੀ ਦਰਬਾਰ ਸਾਹਿਬ ਨੂੰ ਆਉਂਦੇ ਮੁੱਖ ਰਸਤੇ ਨੂੰ ਖੁੱਲ੍ਹਾ-ਡੁੱਲ੍ਹਾ ਕਰਕੇ ਇਕ ਵਿਰਾਸਤੀ ਰੂਪ ਦਿੱਤਾ ਗਿਆ ਪਰ ਕਈ ਇਤਿਹਾਸਕ ਨਿਸ਼ਾਨੀਆਂ ਵੀ ਇਸ ਦੀ ਭੇਟ ਚੜ੍ਹ ਗਈਆਂ। ਘੰਟਾ ਘਰ ਵਾਲੇ ਪਾਸੇ ਸ੍ਰੀ ਦਰਬਾਰ ਸਾਹਿਬ ਸਮੂਹ ਦੇ ਨੇੜੇ ਬਾਜ਼ਾਰ ਵਿਚ ਸ਼ਹੀਦ ਊਧਮ ਸਿੰਘ ਦੀ ਇਕ ਦੁਕਾਨ ਹੁੰਦੀ ਸੀ, ਜਿਸ ਦੀ ਆਖ਼ਰੀ ਝਲਕ ਵੀ ਲੁਪਤ ਹੋ ਗਈ। ਇਸ ਤਰ੍ਹਾਂ ਸਮੇਂ-ਸਮੇਂ ਸ੍ਰੀ ਅੰਮ੍ਰਿਤਸਰ ਸ਼ਹਿਰ ਅਤੇ ਸ੍ਰੀ ਦਰਬਾਰ ਸਾਹਿਬ ਦੇ ਚੌਗਿਰਦੇ ਵਿਚ ਬਹੁਤ ਸਾਰੇ ਬਦਲਾਅ ਆਏ। ਕਈ ਬਦਲਾਅ ਸਮੇਂ ਦੀ ਲੋੜ ਮੁਤਾਬਕ ਜ਼ਰੂਰੀ ਵੀ ਸਨ ਅਤੇ ਕਈ ਗ਼ੈਰ-ਜ਼ਰੂਰੀ ਵੀ। ਵਿਸ਼ੇਸ਼ ਮਹੱਤਤਾ ਦੀ ਧਾਰਨਾ ਇਹ ਹੈ ਕਿ ਸਿੱਖਾਂ ਕੋਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਰੂਪ ਵਿਚ ਗੁਰੂ ਸਾਹਿਬਾਨ ਦੀ ਵਿਰਾਸਤ ਦਾ ਅਨਮੋਲ ਧੁਰਾ ਮੌਜੂਦ ਹੈ। ਸਿੱਖ ਚੇਤ ਤੇ ਅਚੇਤ ਰੂਪ ਵਿਚ ਆਪਣੀ ਇਸ ਰੱਬੀ ਧਰੋਹਰ ਨੂੰ ਜਿਉਂ ਦੀ ਤਿਉਂ ਰੱਖਣ ਲਈ ਬੇਹੱਦ ਸੁਚੇਤ ਹਨ। ਸ੍ਰੀ ਹਰਿਮੰਦਰ ਸਾਹਿਬ ਦੀ ਵਿਰਾਸਤੀ ਉਸਾਰੀ ਤੇ ਦਿੱਖ ਨਾਲ ਛੇੜ-ਛਾੜ ਕਰਨ ਦੀ ਤਾਂ ਕੋਈ ਸੋਚ ਵੀ ਨਹੀਂ ਸਕਦਾ ਤੇ ਨਾ ਸਿੱਖ ਕਿਸੇ ਨੂੰ ਸੋਚਣ ਦੇਣਗੇ। ਪਰ ਪਿਛਲੇ ਸਮਿਆਂ ਦੌਰਾਨ ਸਿੱਖ ਵਿਰਾਸਤ ਨਾਲ ਸਬੰਧਤ ਵੱਖ-ਵੱਖ ਕੀਮਤੀ ਧਰੋਹਰਾਂ ਨੂੰ ਕਾਰ-ਸੇਵਾ ਦੌਰਾਨ ਚੇਤ-ਅਚੇਤ ਰੂਪ ਵਿਚ ਮਿਟਾਉਣ ਦੇ ਅਮਲ ਸਦਕਾ ਅੱਜ ਸਿੱਖ ਮਾਨਸਿਕਤਾ ਇੰਨੀ ਜ਼ਿਆਦਾ ਬੇਵਿਸ਼ਵਾਸੀ, ਅਸੁਰੱਖਿਆ ਅਤੇ ਸ਼ੰਕਿਆਂ-ਸੁਬਹਿਆਂ ਦੇ ਆਲਮ ਵਿਚ ਹੈ ਕਿ ਸ੍ਰੀ ਦਰਬਾਰ ਸਾਹਿਬ ਸਮੂਹ ਦੇ ਆਸ-ਪਾਸ ਵੀ ਕੋਈ ਹਿੱਲ-ਜੁਲ ਹੁੰਦੀ ਹੈ ਤਾਂ ਵਿਵਾਦ ਦਾ ਮੁੱਦਾ ਬਣ ਜਾਂਦਾ ਹੈ।
ਨਿਰਸੰਦੇਹ ਸਿੱਖਾਂ ਨੂੰ ਆਪਣੀ ਵਿਰਾਸਤ ਪ੍ਰਤੀ ਵਧੇਰੇ ਜਾਗਰੂਕ ਤੇ ਸੁਚੇਤ ਰਹਿਣਾ ਚਾਹੀਦਾ ਹੈ, ਕਿਉਂਕਿ ਸਿੱਖ ਧਰਮ ਦੁਨੀਆ ਦਾ ਸਭ ਤੋਂ ਛੋਟੀ ਉਮਰ ਦਾ ਧਰਮ ਹੈ, ਪਰ ਇਸ ਨੇ ਪੰਜ ਸਦੀਆਂ ਦੌਰਾਨ ਹੀ ਆਪਣੀ ਵਿਰਾਸਤ ਦੀਆਂ ਬਹੁਤ ਸਾਰੀਆਂ ਭੂਗੋਲਿਕ ਤੇ ਭੌਂਤਿਕ ਵਿਰਾਸਤਾਂ ਗਵਾ ਲਈਆਂ ਹਨ, ਜਦੋਂਕਿ ਦੁਨੀਆ ਦੀਆਂ ਵਿਕਸਿਤ ਤੇ ਅਗਾਂਹਵਧੂ ਕੌਮਾਂ ਨੇ ਆਪਣੀਆਂ ਹਜ਼ਾਰਾਂ ਸਾਲ ਪੁਰਾਣੀਆਂ ਵਿਰਾਸਤਾਂ ਨੂੰ ਵੀ ਜਿਉਂ ਦਾ ਤਿਉਂ ਸੰਭਾਲ ਕੇ ਰੱਖਿਆ ਹੋਇਆ ਹੈ। ਯਹੂਦੀਆਂ ਦੀ ਯੋਰੋਸ਼ਲਮ ਸਥਿਤ ਹਜ਼ਾਰਾਂ ਸਾਲ ਪੁਰਾਣੀ ਵੇਲਿੰਗ ਕੰਧ, ਏਥਨ (ਯੂਨਾਨ) ਵਿਖੇ ਦੁਨੀਆ ਦੇ ਸਭ ਤੋਂ ਪੁਰਾਣੇ ਖੰਡਰ, ਬੀਜਿੰਗ (ਚੀਨ) ਵਿਚ ਮਹਾਤਮਾ ਬੁੱਧ ਦੇ ਬਣੇ ਪੁਰਾਣੇ ਮੰਦਰ ਅਤੇ ਰੋਮ ਵਿਖੇ ਇਸਾਈਆਂ ਦੇ ਇਕ ਹਜ਼ਾਰ ਸਾਲ ਪੁਰਾਣੇ ਚਰਚ ਨੂੰ ਢਾਹ ਕੇ ਨਵਾਂ ਬਣਾਉਣ ਬਾਰੇ ਅਜੇ ਤੱਕ ਕਿਸੇ ਨੇ ਸੋਚਿਆ ਤੱਕ ਨਹੀਂ ਹੈ। ਪਰ ਸਿੱਖਾਂ ਕੋਲੋਂ ਮਹਿਜ 500 ਸਾਲ ਪੁਰਾਣੀਆਂ ਗੁਰੂ ਸਾਹਿਬਾਨ ਦੀਆਂ ਚਰਨ-ਛੋਹ ਪ੍ਰਾਪਤ ਵਿਰਾਸਤਾਂ ਹੀ ਸਾਂਭੀਆਂ ਨਹੀਂ ਗਈਆਂ।
ਬਹੁਤੀ ਵਾਰੀ ਪੁਰਾਤਨ ਇਤਿਹਾਸਕ ਜਾਂ ਸਿੱਖ ਵਿਰਾਸਤ ਨਾਲ ਸਬੰਧਤ ਇਮਾਰਤਾਂ ਦੀ ਨਵ-ਉਸਾਰੀ ਲਈ ਇਹ ਤਰਕ ਦਿੱਤਾ ਜਾਂਦਾ ਹੈ ਕਿ ਇਨ੍ਹਾਂ ਦੀ ਹਾਲਤ ਬਹੁਤ ਜ਼ਿਆਦਾ ਖ਼ਸਤਾ ਹੈ ਅਤੇ ਇਸ ਦੀ ਮੁਰੰਮਤ ਨਹੀਂ ਹੋ ਸਕਦੀ। ਜੇਕਰ ਆਪਣੀ ਵਿਰਾਸਤ ਅਤੇ ਮੂੰਹ ਬੋਲਦੇ ਇਤਿਹਾਸ ਨੂੰ ਸਾਂਭਣ ਦੀ ਸ਼ਿੱਦਤ ਹੋਵੇ ਤਾਂ ਹਜ਼ਾਰਾਂ ਸਾਲ ਪੁਰਾਣੀਆਂ ਇਮਾਰਤਾਂ ਨੂੰ ਵੀ ਹੂ-ਬ-ਹੂ ਸਾਂਭ ਕੇ ਰੱਖਿਆ ਜਾ ਸਕਦਾ ਹੈ। ਰੋਮ ਸਥਿਤ 80ਵੀਂ ਈਸਵੀ ਵਿਚ ਬਣਿਆ, ਰੋਮਨ ਭਵਨ ਤੇ ਨਿਰਮਾਣ ਕਲਾ ਦਾ ਸਭ ਤੋਂ ਉੱਤਮ ਨਮੂਨਾ, ਲਗਭਗ 2 ਹਜ਼ਾਰ ਸਾਲ ਪੁਰਾਣਾ ਕੋਲੋਸੀਅਮ ਭੂਚਾਲ ਅਤੇ ਪੱਥਰ ਚੋਰੀ ਹੋਣ ਕਾਰਨ ਖ਼ਸਤਾ ਹਾਲਤ ਹੋ ਕੇ ਡਿੱਗਣ ਲੱਗ ਪਿਆ ਸੀ। ਇਟਲੀ ਸਰਕਾਰ ਨੇ ਇਸ ਦੀ ਹੋਂਦ ਨੂੰ ਕਾਇਮ ਰੱਖਣ ਲਈ ਇਸ ਦੇ ਆਸਪਾਸ ਵੱਖਰੀਆਂ ਕੰਧਾਂ ਕੱਢ ਦਿੱਤੀਆਂ ਅਤੇ ਇਹ ਵੀ ਖ਼ਿਆਲ ਰੱਖਿਆ ਗਿਆ ਕਿ ਇਨ੍ਹਾਂ ਨਵੀਨ ਕੰਧਾਂ ਦੀਆਂ ਇੱਟਾਂ ਪੁਰਾਤਨ ਇੱਟਾਂ ਨਾਲੋਂ ਵੱਖਰੀਆਂ ਦਿਖਾਈ ਦੇਣ ਤਾਂ ਜੋ ਇਤਿਹਾਸਕ ਇਮਾਰਤ ਨਾਲ ਰਲੇਵਾਂ ਨਾ ਪਵੇ।
ਦੂਜੇ ਪਾਸੇ ਸਿੱਖਾਂ ਦੀਆਂ ਬਹੁਤ ਸਾਰੀਆਂ ਮਹਿਜ 400-500 ਸਾਲ ਪੁਰਾਣੀਆਂ ਇਤਿਹਾਸਕ ਅਤੇ ਵਿਰਾਸਤੀ ਇਮਾਰਤਾਂ ਸਿੱਖ ਭਵਨ ਤੇ ਨਿਰਮਾਣ ਕਲਾ ਤੇ ਵਸਤੂਕਾਰੀ ਦਾ ਨਾਯਾਬ ਨਮੂਨਾ ਅਤੇ ਬੇਹੱਦ ਮਜ਼ਬੂਤ ਹੋਣ ਦੇ ਬਾਵਜੂਦ ਅਣਗਹਿਲੀ ਅਤੇ ਲੋੜੀਂਦੀ ਸਾਂਭ-ਸੰਭਾਲ ‘ਚ ਅਵੇਸਲੇਪਨ ਦੀ ਭੇਟ ਚੜ੍ਹ ਰਹੀਆਂ ਹਨ। ਤਲਵੰਡੀ ਸਾਬੋ ਵਿਖੇ 1729 ‘ਚ ਬਾਬਾ ਦੀਪ ਸਿੰਘ ਜੀ ਸ਼ਹੀਦ ਵਲੋਂ ਉਸਾਰੀ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਇਮਾਰਤ ਅਤੇ ਨਾਲ ਇਕ ਬੁਰਜ ਸਿੱਖ ਭਵਨ ਤੇ ਨਿਰਮਾਣ ਕਲਾ ਦਾ ਅਜੂਬਾ ਸੀ। ਅੰਗਰੇਜ਼ ਵੀ ਕਹਿੰਦੇ ਸਨ ਕਿ ਇਹ ਇਮਾਰਤ ਘੱਟੋ-ਘੱਟ 1200 ਸਾਲ ਤੱਕ ਕਿਤੇ ਨਹੀਂ ਜਾਣ ਵਾਲੀ। ਪਰ ਕਾਰ-ਸੇਵਾ ਦੇ ਨਾਂਅ ‘ਤੇ ਇਹ ਪੁਰਾਤਨ ਇਮਾਰਤ ਵੀ ਖ਼ਤਮ ਕਰ ਦਿੱਤੀ ਗਈ। ਇੱਥੇ ਬਚੀ ਇਕੋ-ਇਕ ਵਿਰਾਸਤੀ ਧਰੋਹਰ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਪੁਰਾਤਨ ਭੋਰੇ ਦੇ ਅੰਦਰ ਵੀ ਪਿਛਲੇ ਸਮੇਂ ਦੌਰਾਨ ਸਿੱਲ੍ਹ ਪੈਦਾ ਹੋ ਗਈ ਤਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਲਾਰਗੰਜ ਅਜਾਇਬ ਘਰ ਹੈਦਰਾਬਾਦ ਦੇ ਪੁਰਾਤਨ ਵਿਰਾਸਤਾਂ ਦੀ ਸਾਂਭ-ਸੰਭਾਲ ਦੇ ਮਾਹਰਾਂ ਨੂੰ ਬੁਲਾ ਕੇ ਇਸ ਦਾ ਨਿਰੀਖਣ ਕਰਵਾਇਆ। ਮਾਹਰਾਂ ਦੱਸਿਆ ਕਿ ਇਸ ਦੇ ਆਲੇ-ਦੁਆਲੇ ਬਣਾਈਆਂ ਪਾਰਕਾਂ, ਭੋਰੇ ਦੇ ਰੌਸ਼ਨਦਾਨ ਬੰਦ ਕਰਨ ਅਤੇ ਭੋਰੇ ਦੀਆਂ ਪੁਰਾਤਨ ਇੱਟਾਂ ਨੂੰ ਰੰਗ-ਰੋਗਨ ਕਰਨ ਨਾਲ ਇਸ ਦੀ ਹੋਂਦ ਨੂੰ ਖ਼ਤਰਾ ਪੈਦਾ ਹੋਇਆ ਹੈ।
ਇਸੇ ਤਰ੍ਹਾਂ ਗੋਇੰਦਵਾਲ ਸਾਹਿਬ ਵਿਖੇ ਸ੍ਰੀ ਗੁਰੂ ਅਮਰਦਾਸ ਜੀ ਦੇ ਜੱਦੀ ਘਰ ਚੁਬਾਰਾ ਸਾਹਿਬ ਦੀ ਪੁਰਾਤਨ ਇਮਾਰਤ ਦੀ ਛੱਤ ਉਪਰ ਕਾਰ-ਸੇਵਾ ਵਾਲੇ ਬਾਬਿਆਂ ਵਲੋਂ ਬਗ਼ੈਰ ਤਕਨੀਕੀ ਮਾਹਰਾਂ ਦੀ ਰਾਇ ਦੇ, ਇਕ ਹੋਰ ਛੱਤ ਪਾ ਦੇਣ ਨਾਲ, ਉਸ ਪੁਰਾਤਨ ਇਮਾਰਤ ਅੰਦਰ ਵੀ ਭਾਰੀ ਤਰੇੜਾਂ ਆ ਗਈਆਂ ਸਨ। ਕਾਰ-ਸੇਵਾ ਵਾਲੇ ਬਾਬੇ ਨਾਨਕਸ਼ਾਹੀ ਇੱਟਾਂ ਨਾਲ ਬਣੀ ਉਸ ਪੁਰਾਤਨ ਵਿਰਾਸਤੀ ਇਮਾਰਤ ਨੂੰ ਵੀ ਢਾਹ ਕੇ ਨਵੀਂ ਸੰਗਮਰਮਰੀ ਇਮਾਰਤ ਖੜ੍ਹੀ ਕਰਨੀ ਚਾਹੁੰਦੇ ਸਨ, ਜਿਸ ਨੂੰ ਕਿ ਸ਼੍ਰੋਮਣੀ ਕਮੇਟੀ ਦੇ ਉੱਚ ਅਧਿਕਾਰੀਆਂ ਦੀ ਸੂਝ-ਬੂਝ ਕਾਰਨ ਬਚਾਅ ਲਿਆ ਗਿਆ।
ਅਜੇ ਵੀ ਸਮਾਂ ਰਹਿੰਦਿਆਂ ਸ਼੍ਰੋਮਣੀ ਕਮੇਟੀ ਅਤੇ ਸਮਰੱਥ ਸਿੱਖ ਸੰਸਥਾਵਾਂ ਨੂੰ ਭਵਿੱਖ ਲਈ ਇਹੋ ਜਿਹਾ ਪੱਕਾ ਬਾਨਣੂੰ ਬੰਨਣ ਦੀ ਲੋੜ ਹੈ ਕਿ ਕਿਸੇ ਵੀ ਇਤਿਹਾਸਕ ਅਸਥਾਨ ਦੇ ਨਵੀਨੀਕਰਨ ਤੋਂ ਪਹਿਲਾਂ ਪੁਰਾਤਤਵ ਮਾਹਰਾਂ ਦੀ ਰਾਇ ਲਈ ਜਾਵੇ। ਪੁਰਾਤਨ ਇਮਾਰਤਾਂ ਤੇ ਵਿਰਾਸਤਾਂ ਨੂੰ ਤਕਨੀਕ ਦੇ ਜ਼ਰੀਏ ਜਿਉਂ ਦੀ ਤਿਉਂ ਸੰਭਾਲਣ ਦੇ ਹਰ ਸੰਭਵ ਯਤਨ ਕੀਤੇ ਜਾਣ। ਕਿਸੇ ਵੀ ਇਤਿਹਾਸਕ ਅਸਥਾਨ ਨੇੜੇ ਕਿਸੇ ਉਸਾਰੀ ਤੇ ਖ਼ੁਦਾਈ ਤੋਂ ਪਹਿਲਾਂ ਉਸ ਦਾ ਨਕਸ਼ਾ ਤਿਆਰ ਕੀਤਾ ਜਾਵੇ ਅਤੇ ਖ਼ੁਦਾਈ ਵੇਲੇ ਜੇਕਰ ਕੋਈ ਵੀ ਪੁਰਾਤਨ ਅਵਸ਼ੇਸ਼ ਮਿਲਦੇ ਹਨ ਤਾਂ ਉਨ੍ਹਾਂ ਨੂੰ ਕਾਹਲੀ ਵਿਚ ਢਾਹੁਣ ਦੀ ਬਜਾਇ, ਸਭ ਤੋਂ ਪਹਿਲਾਂ ਉਸ ਦੀ ਪੁਰਾਤਤਵ ਮਾਹਰਾਂ ਕੋਲੋਂ ਘੋਖ-ਪੜਤਾਲ ਕਰਵਾਈ ਜਾਵੇ। ਦੇਸ਼-ਵਿਦੇਸ਼ ‘ਚ ਸਥਿਤ ਇਤਿਹਾਸਕ ਗੁਰਦੁਆਰਿਆਂ, ਵਿਰਾਸਤੀ ਇਮਾਰਤਾਂ ਅਤੇ ਅਸਥਾਨਾਂ ਸਬੰਧੀ ਵਿਸਥਾਰਤ ਜਾਣਕਾਰੀ ਸਹਿਤ ਪੰਥਕ ਰਿਕਾਰਡ ਵਜੋਂ ਇਕ ਡਾਇਰੈਕਟਰੀ ਤਿਆਰ ਕਰਵਾਉਣੀ ਚਾਹੀਦੀ ਹੈ। ਗੁਰੂ ਕਾਲ ਜਾਂ ਸਿੱਖ ਕਾਲ ਵੇਲੇ ਦੇ ਜਿਹੜੇ ਇਤਿਹਾਸਕ ਗੁਰਦੁਆਰੇ, ਬੁੰਗੇ ਤੇ ਹੋਰ ਵਿਰਾਸਤੀ ਇਮਾਰਤਾਂ ਬਣੀਆਂ ਹਨ, ਉਨ੍ਹਾਂ ਵਿਚਲੀ ਸਿੱਖ ਭਵਨ ਤੇ ਨਿਰਮਾਣ ਕਲਾ ‘ਤੇ ਅਕਾਦਮਿਕ ਪੱਧਰ ‘ਤੇ ਵਧੇਰੇ ਖੋਜ ਕਾਰਜਾਂ ਦੀ ਪਿਰਤ ਪਾਉਣ ਦੀ ਵੀ ਲੋੜ ਹੈ, ਤਾਂ ਜੋ ਵਿਲੱਖਣ ਸਿੱਖ ਵਸਤੂਕਾਰੀ (Arcitacture), ਹਸਤ ਕਾਲਾਵਾਂ, ਕੋਮਲ ਹੁਨਰ ਅਤੇ ਸਿੱਖ ਭਵਨ ਤੇ ਨਿਰਮਾਣ ਕਲਾ ਨੂੰ ਗੁਆਚਣ ਤੋਂ ਬਚਾਇਆ ਜਾ ਸਕੇ ਅਤੇ ਦੁਨੀਆ ਨੂੰ ਵੀ ਇਸ ਤੋਂ ਜਾਣੂ ਕਰਵਾਇਆ ਜਾ ਸਕੇ।

 

Check Also

ਕੌਮਾਂਤਰੀ ਪੱਧਰ ‘ਤੇ ਸਿੱਖ ਵਿਚਾਰਧਾਰਾ ਦੇ ਉਭਾਰ ਵਾਲਾ ਰਿਹਾ ਸਾਲ 2021

ਤਲਵਿੰਦਰ ਸਿੰਘ ਬੁੱਟਰ ਬੇਸ਼ੱਕ ਸਾਲ 2021 ਦੌਰਾਨ ਸਿੱਖ ਪੰਥ ਨੂੰ ਅਨੇਕਾਂ ਅੰਦਰੂਨੀ-ਬਾਹਰੀ, ਕੌਮੀ ਤੇ ਕੌਮਾਂਤਰੀ …