Breaking News
Home / ਮੁੱਖ ਲੇਖ / ਗ਼ਦਰ ਲਹਿਰ ਦਾ ਬਾਲ ਜਰਨੈਲ ਕਰਤਾਰ ਸਿੰਘ ਸਰਾਭਾ

ਗ਼ਦਰ ਲਹਿਰ ਦਾ ਬਾਲ ਜਰਨੈਲ ਕਰਤਾਰ ਸਿੰਘ ਸਰਾਭਾ

ਹਰਜੀਤ ਬੇਦੀ
ਜਿਵੇਂ ਗ਼ਦਰ ਪਾਰਟੀ ਦੇ ਮੋਢੀ ਬਾਬਾ ਸੋਹਣ ਸਿੰਘ ਭਕਨਾ ਕਿਹਾ ਕਰਦੇ ਸਨ ਕਰਤਾਰ ਸਿੰਘ ਸਰਾਭਾ ਸੱਚਮੁੱਚ ਹੀ ਗ਼ਦਰ ਪਾਰਟੀ ਦਾ ਬਾਲ ਜਰਨੈਲ ਸੀ। ਕਰਤਾਰ ਸਰਾਭਾ ਛੋਟੀ ਉਮਰੇ ਹੀ ਕੈਮਿਸਟਰੀ ਦੀ ਉਚੇਰੀ ਪੜ੍ਹਾਈ ਲਈ ਅਮਰੀਕਾ ਚਲਾ ਗਿਆ। ਇੱਕ ਦਿਨ ਉਸਨੇ ਇੱਕ ਅਮਰੀਕਨ ਔਰਤ ਨੂੰ ਦੇਸ਼ ਭਗਤਾਂ ਨੂੰ ਪ੍ਰਣਾਮ ਕਰਦੇ ਦੇਖ ਕੇ ਇਸ ਬਾਰੇ ਜਾਨਣ ਦੀ ਕੋਸ਼ਿਸ਼ ਕੀਤੀ। ਜਦ ਉਸ ਔਰਤ ਨੇ ਦੱਸਿਆ ਕਿ ”ਇਸ ਦਿਨ ਸਾਡਾ ਅਮਰੀਕਾ, ਗੁਲਾਮੀ ਤੋਂ ਆਜ਼ਾਦ ਹੋਇਆ ਸੀ। ਅਸੀਂ ਆਜ਼ਾਦੀ ਪਰਵਾਨਿਆਂ ਨੂੰ ਕਦੀ ਵੀ ਭੁਲਾ ਨਹੀਂ ਸਕਦੇ।” ਇਹ ਸੁਣ ਕੇ ਉਸ ਦੇ ਦਿਮਾਗ ਵਿੱਚ ਖਲਬਲੀ ਮੱਚ ਗਈ। ਉਸ ਨੇ ਸੋਚਿਆ ਕਿ ਅਸੀਂ ਇਥੇ ਪੜ੍ਹਨ ਤੇ ਡਾਲਰ ਕਮਾਉਣ ਲਈ ਆ ਗਏ ਹਾਂ। ਸਾਡਾ ਦੇਸ਼ ਗੁਲਾਮ ਹੈ। ਸਾਨੂੰ ਇੱਥੇ ”ਕਾਲੇ”, ”ਕੁਲੀ”, ”ਡੈਮ” ਤੇ ”ਡਰਟੀ” ਕਿਹਾ ਜਾਂਦਾ। ਸਾਡੇ ਆਪਣੇ ਦੇਸ਼ ਦੇ ਲੋਕ ਗਰੀਬੀ, ਭੁੱਖ-ਨੰਗ ਅਤੇ ਹਕੂਮਤ ਦੇ ਜ਼ੁਲਮ ਦਾ ਸ਼ਿਕਾਰ ਹਨ। ਇਹ ਸੋਚ ਕੇ ਉਸਦੇ ਦਿਲ ਵਿੱਚ ਅੰਗਰੇਜੀ ਰਾਜ ਵਿਰੁੱਧ ਗੁੱਸਾ ਹੋਰ ਉਬਾਲੇ ਖਾਣ ਲੱਗਾ। ਕਰਤਾਰ ਸਿੰਘ ਦੀ ਮੁਲਾਕਾਤ ਸਰਾਭੇ ਪਿੰਡ ਦੇ ਹੀ ਰੁਲੀਆ ਸਿੰਘ ਰਾਹੀ ਪਰਮਾਨੰਦ, ਲਾਲਾ ਹਰਦਿਆਲ, ਪੰਡਤ ਜਗਤ ਰਾਮ ਰਿਹਾਨਾ, ਭਾਈ ਜਵਾਲਾ ਸਿੰਘ ਅਤੇ ਹੋਰ ਭਾਰਤੀ ਕਾਮਿਆਂ ਨਾਲ ਹੋਈ। ਇਨ੍ਹਾਂ ਨੇ ਭਾਰਤ ਦੀ ਲੰਬੀ ਗੁਲਾਮੀ ਦੇ ਕਾਰਨਾਂ ਉਪਰ ਵਿਚਾਰ ਕਰਕੇ ਇਹ ਸਿੱਟਾ ਕੱਢਿਆ ਕਿ ਅਜ਼ਾਦੀ ਦੀ ਲੜਾਈ ਲਈ ਇੱਕ ਮਜ਼ਬੂਤ ਜਥੇਬੰਦੀ ਦੀ ਲੋੜ ਹੈ।
ਉਧਰ ਆਸਟੋਰੀਆ ਸ਼ਹਿਰ ਵਿੱਚ 21 ਅਪ੍ਰੈਲ 1913 ਨੂੰ ”ਹਿੰਦੀ ਐਸੋਸੀਏਸ਼ਨ ਆਫ਼ ਪੈਸੇਫਿਕ ਕੋਸਟ” ਹੋਂਦ ਵਿੱਚ ਆਈ। ਜਿਸ ਦਾ ਨਾਂ ਬਾਦ ਵਿੱਚ ਗਦਰ ਪਾਰਟੀ ਪੈ ਗਿਆ। ਕਰਤਾਰ ਸਿੰਘ ਸਰਾਭਾ ਉਸ ਜਥੇਬੰਦੀ ਦਾ ਮੈਂਬਰ ਬਣ ਗਿਆ। ਇਸ ਪਾਰਟੀ ਵਿੱਚ ਕੈਲੇਫੋਰਨੀਆਂ ਦੇ ਸਾਥੀਆਂ ਨੂੰ ਗਦਰ ਪਾਰਟੀ ਵਿੱਚ ਲਿਆਉਣ ਲਈ ਸਰਾਭੇ ਨੇ ਵਿਸ਼ੇਸ਼ ਯੋਗਦਾਨ ਪਾਇਆ। ਗਦਰ ਪਾਰਟੀ ਦੇ ਪ੍ਰਚਾਰ ਲਈ ਕਰਤਾਰ ਸਿੰਘ ਦੀਆਂ ਕੋਸ਼ਿਸ਼ਾਂ ਸਦਕਾ ਹੀ ਨਵੰਬਰ 1913 ਵਿੱਚ ਗ਼ਦਰ ਅਖਬਾਰ ਦੀ ਪ੍ਰਕਾਸ਼ਨਾ ਸ਼ੁਰੂ ਹੋਈ। ਸਰਾਭਾ ਪੰਜਾਬੀ ”ਗਦਰ ਦੀ ਗੂੰਜ” ਦਾ ਸੰਪਾਦਕ, ਛਾਪਕ, ਟਰਾਂਸਲੇਟਰ, ਡਿਸਟੀਬਿਉਟਰ ਅਤੇ ਪ੍ਰਬੰਧਕ ਆਦਿ ਸਭ ਕੁੱਝ ਸੀ। ਉਸਨੇ ਗਦਰ ਦੇ ਪਹਿਲੇ ਪੰਜਾਬੀ ਅੰਕ ਵਿੱਚ ਅਜੀਤ ਸਿੰਘ ਦੀ ਕਵਿਤਾ ”ਪਗੜੀ ਸੰਭਾਲ ਜੱਟਾ ਛਾਪੀ” ਜੋ ਉਸ ਨੂੰ ਜੁਬਾਨੀ ਯਾਦ ਸੀ। ਇਸਦਾ ਮਤਲਬ ਹੈ ਕਿ ਉਸਦੇ ਦਿਲ ਵਿੱਚ ਆਜ਼ਾਦੀ ਦੀ ਚਿਣਗ ਤਾਂ ਬਚਪਨ ਤੋਂ ਹੀ ਸੀ। ਉਹ ਅਖਬਾਰ ਦੇ ਬਾਕੀ ਕੰਮਾਂ ਦੇ ਨਾਲ ਹੀ ਹੱਥ ਨਾਲ ਚੱਲਣ ਵਾਲੀ ਮਸ਼ੀਨ ਨਾਲ ਅਖਬਾਰ ਵੀ ਖੁਦ ਹੀ ਛਾਪਿਆ ਕਰਦਾ ਸੀ। ਗ਼ਦਰ ਪਾਰਟੀ ਦੇ ਤਿੰਨ ਰੰਗੇ ਝੰਡੇ ਜੋ ਹਿੰਦੂ, ਸਿੱਖ ਅਤੇ ਮੁਸਲਿਮ ਏਕਤਾ ਤੇ ਵਿਚਕਾਰ ਤਲਵਾਰਾਂ ਦਾ ਕਰਾਸ ਸੰਘਰਸ ਦਾ ਨਿਸ਼ਾਨ ਉਸਦੀ ਸੋਚ ਦਾ ਸਿੱਟਾ ਹੈ। ਬਾਬਾ ਗੁਰਮੁਖ ਸਿੰਘ ਲਲਤੋਂ, ਹਰਨਾਮ ਸਿੰਘ ਟੁੰਡੀਲਾਟ, ਲਾਲਾ ਹਰਦਿਆਲ, ਕੇਸਰ ਸਿੰਘ ਠੂਠਗੜ੍ਹ ਵਰਗੇ ਗ਼ਦਰੀ ਉਸਦੀ ਸੂਝ-ਬੂਝ, ਛੋਟੀ ਉਮਰ ਵਿੱਚ ਹੀ ਇਨਕਲਾਬੀ ਵਿਚਾਰਾਂ ਦੀ ਪਕਿਆਈ ਤੇ ਅਜ਼ਾਦੀ ਲਈ ਸਮਰਪਣ ਹੋਣ ਤੋਂ ਬਹੁਤ ਜ਼ਿਆਦਾ ਪ੍ਰਭਾਵਤ ਸਨ। ਗਦਰ ਪਾਰਟੀ ਦੇ ਬਾਬਾ ਸੋਹਣ ਸਿੰਘ ਭਕਨਾ ਤਾਂ ਉਸਨੂੰ ਪਾਰਟੀ ਦਾ ਬਾਲ ਜਰਨੈਲ ਕਿਹਾ ਕਰਦੇ ਸਨ।
ਪਹਿਲੀ ਸੰਸਾਰ ਜੰਗ ਸ਼ੁਰੂ ਹੋ ਗਈ। ਅੰਗਰੇਜ਼ਾਂ ਦੇ ਇਸ ਜੰਗ ਵਿੱਚ ਉਲਝੇ ਹੋਣ ਦਾ ਲਾਹਾ ਲੈਣ ਅਤੇ ਉਨ੍ਹਾਂ ਵਿਰੁੱਧ ਬਗਾਵਤ ਦਾ ਝੰਡਾ ਚੁੱਕਣ ਲਈ ਸੈਕਰੋਮੈਂਟੋ, ਕੈਲੇਫੋਰਨੀਆਂ ਵਿਖੇ ਪਾਰਟੀ ਵਰਕਰਾਂ ਦੀ ਮੀਟਿੰਗ ਵਿੱਚ ਜੰਗੀ ਸਲਾਹਕਾਰ ਕਮੇਟੀ ਬਣਾਈ ਗਈ ਜਿਸ ਵਿੱਚ ਕਰਤਾਰ ਸਿੰਘ ਦਾ ਪ੍ਰਮੁੱਖ ਰੋਲ ਸੀ। ਉਹ ਪਹਿਲਾ ਭਾਰਤੀ ਸੀ ਜਿਸ ਨੇ ਹਵਾਈ ਜਹਾਜ਼ ਉਡਾਉਣ ਦੀ ਟ੍ਰੇਨਿੰਗ ਲਈ ਤੇ ਉਹ ਵੀ ਨਿਸ਼ਚਤ ਸਮੇਂ ਤੋਂ ਘੱਟ ਸਮੇਂ ਵਿੱਚ ਪੂਰੀ ਕੀਤੀ। ਜ਼ਹੀਨ ਦਿਮਾਗ ਦਾ ਮਾਲਕ ਸਰਾਭਾ ਹੀ ਸੀ ਜੋ ਹਰ ਖਤਰੇ ਵਿੱਚ ਜੂਝਣ ਲਈ ਤਿਆਰ ਰਹਿੰਦਾ ਸੀ। ਕਾਮਾਗਾਟਾਮਾਰੂ ਜਹਾਜ਼ ਨੂੰ ਜਬਰਦਸਤੀ ਮੋੜੇ ਜਾਣ ਸਮੇਂ ਉਸ ਨੇ ਸੋਹਣ ਸਿੰਘ ਭਕਨਾ ਨਾਲ ਸਲਾਹ ਮਸ਼ਵਰਾ ਕਰ ਕੇ ਯੋਕੋਹਾਮਾ ਵਿਖੇ 200 ਪਿਸਤੌਲ ਅਤੇ 2000 ਗੋਲੀਆਂ ਪਹੁੰਚਦੀਆਂ ਕੀਤੀਆਂ।
ਉਹ ਸਰਾਭਾ ਹੀ ਸੀ ਜੋ ਅਮਰੀਕਾ ਵਿੱਚ ਆਪਣਾ ਭਵਿੱਖ ਬਣਾਉਣ ਖਾਤਰ ਗਿਆ ਅਮਰੀਕਾ ਛੱਡ ਕੇ ਆਪਣਾ ਦੇਸ਼ ਅਜ਼ਾਦ ਕਰਾਉਣ ਲਈ ਵਾਪਸ ਪਰਤਿਆ। ਉਸ ਨੇ ਦਿਨ ਰਾਤ ਇੱਕ ਕਰਕੇ ਫੌਜੀ ਛਾਉਣੀਆਂ ਵਿੱਚ ਸੰਪਰਕ ਬਣਾਏ। ਉਸਦੀ ਦਲੀਲ ਇੰਨੀ ਵਜ਼ਨਦਾਰ ਹੁੰਦੀ ਸੀ ਕਿ ਉਹ ਅਗਲੇ ਨੁੰ ਪਹਿਲੀ ਮੁਲਾਕਾਤ ਵਿੱਚ ਹੀ ਆਪਣੇ ਵਿਚਾਰਾਂ ਨਾਲ ਕਾਇਲ ਕਰ ਲੈਂਦਾ ਸੀ। ਉਸ ਨੇ ਇੱਕ ਫੌਜੀ ਅਫਸਰ ਨੂੰ ਦੋ ਘੰਟੇ ਦੇ ਸਫਰ ਵਿੱਚ ਹੀ ਸਹਿਮਤ ਕਰ ਲਿਆ ਸੀ ਕਿ ਉਹ ਗਦਰ ਸਮੇਂ ਅਸਲਾਖਾਨੇ ਦੀਆਂ ਚਾਬੀਆਂ ਗਦਰੀਆਂ ਨੂੰ ਸੌਂਪ ਦੇਵੇਗਾ। ਕਿਰਪਾਲ ਸਿੰਘ ਦੀ ਗਦਾਰੀ ਕਾਰਨ ਸਰਕਾਰ ਨੂੰ ਸੂਹ ਮਿਲਣ ਤੇ ਗਦਰ ਦੀ ਯੋਜਨਾ ਸਿਰੇ ਨਾ ਚੜ੍ਹੀ ਕਿਉਂਕਿ ਫੌਜੀਆਂ ਨੂੰ ਨਿਹੱਥੇ ਕਰ ਦਿੱਤਾ ਗਿਆ। ਗਦਰੀਆਂ ਦੀ ਫੜੋ ਫੜਾਈ ਹੋ ਗਈ। ਸਰਾਭਾ ਬਚ ਨਿਕਲਿਆ ਤੇ ਸੁਰੱਖਿਅਤ ਅਫਗਾਨਿਸਤਾਨ ਦੀ ਸਰਹੱਦ ਤੱਕ ਪਹੁੰਚ ਗਿਆ ਪਰ ਉਹ ”ਬਣੀ ਸ਼ੇਰਾਂ ਦੇ ਕੀ ਜਾਣਾ ਭੱਜ ਕੇ” ਯਾਦ ਕਰਦਿਆਂ ਵਾਪਸ ਮੁੜ ਆਇਆ ਤੇ ਲੋਕਾਂ ਵਿੱਚ ਕੰਮ ਕਰਨ ਲੱਗਾ। ਅੰਤ ਗ੍ਰਿਫਤਾਰ ਕਰ ਲਿਆ ਗਿਆ। ਉਸ ਨੂੰ ਵਿਸ਼ੇਸ਼ ਅਦਾਲਤ ਵਿੱਚ ਫਾਂਸੀ ਦੀ ਸਜਾ ਸੁਣਾਈ ਗਈ। ਉਸ ਨੂੰ ਵਿਸ਼ਨੂੰ ਗਣੇਸ਼ ਪਿੰਗਲੇ, ਹਰਨਾਮ ਸਿੰਘ ਸਿਆਲਕੋਟੀ, ਬਖਸ਼ੀਸ ਸਿੰਘ ਗਿੱਲਵਾਲੀ, ਜਗਤ ਸਿੰਘ ਸੁਰ ਸਿੰਘ, ਸੁਰੈਣ ਸਿੰਘ ਪੁੱਤਰ ਈਸ਼ਰ ਸਿੰਘ ਗਿੱਲਵਾਲੀ ਅਤੇ ਸੁਰੈਣ ਸਿੰਘ ਪੁੱਤਰ ਬੂੜ ਸਿੰਘ ਗਿੱਲਵਾਲੀ ਸਮੇਤ ਸੈਂਟਰਲ ਜੇਲ੍ਹ ਲਹੌਰ ਵਿੱਚ ਫਾਂਸੀ ਲਾ ਕੇ ਸ਼ਹੀਦ ਕਰ ਦਿੱਤਾ। ਅੱਜ ਸਾਡੇ ਸਾਹਮਣੇ ਇਹ ਸਵਾਲ ਖੜ੍ਹੇ ਹਨ ਕਿ ਉਹਨਾਂ ਦੀ ਸ਼ਹੀਦੀ ਦਾ ਕੀ ਫਾਇਦਾ ਹੋਇਆ? ਉਹ ਕਿਸ ਵਾਸਤੇ ਸ਼ਹੀਦ ਹੋਏ? ਉਹਨਾਂ ਦੇ ਸੁਪਨੇ ਕੀ ਸਨ? ਅੱਜ ਵੀ ਭਾਰਤ ਦੀ ਬਹੁ-ਬਿਣਤੀ ਗਰੀਬੀ ਦੀ ਮਾਰ ਝੱਲ ਰਹੀ ਹੈ। ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਦੇਸ਼ ਦਾ ਭਵਿੱਖ ਜਵਾਨੀ ਨਸ਼ਿਆਂ ਦੇ ਜਾਲ ਵਿੱਚ ਫਸਾਈ ਜਾ ਰਹੀ ਹੈ। ਸੋਚੀ ਸਮਝੀ ਸਕੀਮ ਲੋਕ ਘੋਲਾਂ ਨੂੰ ਖੁੰਢਾ ਕਰਨ ਲੋਕ ਮੁੱਦਿਆਂ ਨੂੰ ਅੱਖੋਂ ਪਰੋਖੇ ਕਰਨ ਲਈ ਧਾਰਮਿਕ ਵਿਵਾਦ ਖੜ੍ਹੇ ਕੀਤੇ ਜਾ ਰਹੇ ਹਨ। ਆਮ ਲੋਕਾਂ ਦੇ ਸਿਰ ਤੇ ਫਿਰਕੂ ਦੰਗਿਆਂ ਦਾ ਖਤਰਾ ਹਰ ਸਮੇਂ ਮੰਡਲਾਉਂਦਾ ਰਹਿੰਦਾ ਹੈ। ਕਰਤਾਰ ਸਿੰਘ ਸਰਾਭਾ ਦਾ ਲਿਖਿਆ ,”ਮੈਂ ਸਿੰਘਾਂ ਤੋਂ ਇਹ ਪੁੱਛਦਾ ਹਾਂ ਕਿ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਾ ਕੇ ਸ਼ੇਰ ਬਣਨਾ ਸਿਖਾਇਆ ਸੀ। ਇੱਕ ਇੱਕ ਨੂੰ ਸਵਾ-ਸਵਾ ਲੱਖ ਨਾਲ ਲੜਨਾ ਸਿਖਾਇਆ ਸੀ। ਪਹਿਲਾਂ ਵਰਗੀ ਬਹਾਦਰੀ ਸਿੰਘਾਂ ਵਿੱਚ ਕਿਉਂ ਨਹੀਂ ਰਹੀ? ਇਸ ਦੇ ਦੋ ਸਬੱਬ ਹਨ। ਪਹਿਲਾ,ਉਹ ਆਦਮੀ ਜਿਹੜੇ ਅੰਮ੍ਰਿਤ ਛਕਾਉਂਦੇ ਹਨ,ਉਹ ਖੁਦ ਗੁਲਾਮ ਹਨ। ਗੁਰਦਆਰਿਆਂ ਦੇ ਗ੍ਰੰਥੀ ਅੰਗਰੇਜ ਬਾਂਦਰਾਂ ਨੂੰ ਝੂਕ ਝੁਕ ਕੇ ਸਲਾਮ ਕਰਦੇ ਦੇਖੇ ਜਾ ਸਕਦੇ ਹਨ। ਭਲਾ ਜੇ ਅਜਿਹੇ ਨੀਚ ਪੁਰਸ਼ ਜਿਹੜੇ ਲੀਡਰ ਬਣੇ ਹੋਏ ਹਨ ਤਾਂ ਉਹਨਾਂ ਵਿੱਚ ਕੀ ਤਾਕਤ ਅਤੇ ਦਲੇਰੀ ਹੋ ਸਕਦੀ ਹੈ? ਜਦ ਤੱਕ ਗੁਰੂ ਗੋਬਿੰਦ ਸਿੰਘ ਜੀ ਵਰਗੇ ਸ਼ੇਰਦਿਲ ਤੇ ਬਹਾਦਰ ਆਦਮੀ ਲੀਡਰ ਨਹੀਂ ਹੁੰਦੇ ਤਦ ਤੱਕ ਕੋਈ ਅਸਰ ਨਹੀਂ ਹੋਵੇਗਾ। ਅੱਜ ਕੱਲ੍ਹ ਦੇ ਹਾਲਾਤ ਤੇ ਅੱਛੀ ਤਰ੍ਹਾਂ ਨਿਗਾਹ ਮਾਰ ਕੇ ਸਿੰਘਾਂ ਨੂੰ ਚਾਹੀਦੈ ਕਿ ਉਹ ਗੁਲਾਮ ਤੇ ਡਰਾਕਲ ਗ੍ਰੰਥੀਆਂ ਨੂੰ ਕੱਢ ਕੇ ਬਾਹਰ ਮਾਰਨ। ਇਹ ਸੱਚ ਸਦੀ ਬੀਤ ਜਾਣ ਦੇ ਬਾਦ ਹੋਰ ਵੀ ਉੱਭਰ ਕੇ ਸਾਹਮਣੇ ਆਇਆ ਹੈ।
ਕੁਰਸੀਆਂ ਦੇ ਭੁੱਖੇ ਲੋਕ ਅੱਜ ਵੀ ਝੂਠੇ ਮਜ੍ਹਬ ਲਈ ਲੋਕਾਂ ਵਿੱਚ ਵੰਡੀਆਂ ਪਾ ਰਹੇ ਹਨ ਅਤੇ ਲੋਕਾਂ ਨੂੰ ਲੜਾ ਲੜਾ ਕੇ ਮਰਵਾਉਣਾ ਚਾਹੰਦੇ ਹਨ। ਗਦਰ ਦੀ ਗੂੰਜ ਦਾ ਸੁਨੇਹਾ ਸੀ:
ਝੂਠੇ ਮਜ੍ਹਬਾਂ ਤੋਂ ਮਰਨ ਦਿਨ ਰਾਤ ਲੜ ਲੜ,
ਸੱਚੇ ਦੀਨ ਦੀ ਕਿਸੇ ਨੂੰ ਸੂਹ ਕੋਈ ਨਾ।
ਜਿਸ ਤਰ੍ਹਾਂ ਕਰਤਾਰ ਸਿੰਘ ਸਰਾਭਾ ਵਰਗੇ ਗ਼ਦਰੀ ਸੂਰਮੇ ਧਰਮ ਤੇ ਜਾਤ-ਪਾਤ ਤੋਂ ਉੱਪਰ ਉੱਠ ਕੇ ਸਾਂਝੇ ਮੁਫਾਦ ਲਈ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਲੜਾਈ ਲੜ ਰਹੇ ਸਨ। ਅੱਜ ਵੀ ਲੋੜ ਹੈ ਮਨੁੱਖੀ ਬਰਾਬਰੀ ਤੇ ਹੱਕਾਂ ਲਈ ਸਭ ਧਿਰਾਂ ਇਕੱਠੀਆਂ ਹੋ ਕੇ ਲੜਨ। ਗਦਰੀ ਸੂਰਬੀਰਾਂ ਨੂੰ ਯਾਦ ਕਰਨਾ ਮਹਿਜ ਰਵਾਇਤੀ ਹੀ ਨਹੀਂ ਹੋਣਾ ਚਾਹੀਦਾ ਸਗੋਂ ਇਸ ਮੌਕੇ ਨੂੰ ਆਪਣਾ ਲੋਕ-ਪੱਖੀ ਦ੍ਰਿਸ਼ਟੀਕੋਣ ਉਸਾਰਨ ਅਤੇ ਸ਼ਹੀਦਾਂ ਦੇ ਅਧੂਰੇ ਰਹਿ ਗਏ ਸੁਪਨਿਆਂ ਨੂੰ ਪੂਰਾ ਕਰਨ ਲਈ ਆਪਣਾ ਬਣਦਾ ਯੋਗਦਾਨ ਪਾਉਣ ਦਾ ਸੰਕਲਪ ਕਰਨਾ ਬਣਦਾ ਹੈ ।
ਅੱਜ ਕਹਿਣ ਤਾਂ ਭਾਰਤ ਆਜ਼ਾਦ ਹੈ ਪਰ ਇਹ ਉਹ ਆਜ਼ਾਦੀ ਨਹੀਂ ਜੋ ਕਰਤਾਰ ਸਿੰਘ ਸਰਾਭਾ ਤੇ ਉਸ ਦੇ ਸਾਥੀਆਂ ਨੇ ਚਿਤਵੀ ਸੀ ਅਤੇ ਨਾ ਹੀ ਅੱਜ ਦੇ ਸਿਆਸੀ ਲੀਡਰਾਂ ਦਾ ਰੋਲ ਹੀ ਜਮਹੂਰੀ ਅਤੇ ਸਮਾਜਵਾਦੀ ਹੈ। ਸਰਾਭੇ ਹੋਰਾਂ ਬਿਨਾਂ ਧਾਰਮਿਕ ਭੇਦ ਭਾਵ ਰੱਖੇ ਮੁਲਕ ਲਈ ਆਪਣੀਆਂ ਜਾਨਾਂ ਵਾਰੀਆਂ ਪਰ ਹੁਣ ਤੁਹਾਡੇ ਸਾਹਮਣੇ ਹੀ ਆਪਣੀਆਂ ਗੱਦੀਆਂ ਕਾਇਮ ਰੱਖਣ ਲਈ ਧਾਰਮਕਿ, ਭਾਸ਼ਾਈ , ਸੁਬਾਈ ਤੇ ਨਸਲੀ ਅਤੇ ਜਾਤੀ ਵਖੇੜੇ ਕਰ ਕੇ ਲੋਕਾਂ ਨੂੰ ਇੱਕ ਦੂਜੇ ਨਾਲ ਲੜਾਇਆ ਜਾਂਦਾ ਹੈ ਤੇ ਅਸਲੀ ਮਸਲਿਆਂ ਤੋਂ ਬੇਮੁੱਖ ਕਰਨ ਲਈ ਤਿਲਕਾਇਆ ਜਾਂਦਾ ਹੈ। ਉਂਝ ਤਾਂ ਬੋਲਣ ਦੀ ਆਜ਼ਾਦੀ ਹੈ ਪਰ ਸੱਚ ਬੋਲਣ ਵਾਲੇ ਬੁੱਧੀਜੀਵੀਆਂ ਅਤੇ ਪੱਤਰਕਾਰਾਂ ਦੀ ਜ਼ੁਬਾਨ ਨੂੰ ਹਰ ਤਰੀਕਾ ਵਰਤ ਕੇ ਜਿੰਦਰਾ ਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕਰਤਾਰ ਸਿੰਘ ਸਰਾਭਾ ਨੇ ਤਾਂ ਗਦਰ ਪਾਰਟੀ ਦਾ ਝੰਡਾ ਬਣਾਉਣ ਵੇਲੇ ਤਿੰਨ ਰੰਗ ਚੁਣੇ ਸਨ ਜਿਹੜੇ ਹਿੰਦੂ, ਸਿੱਖ ਤੇ ਮੁਸਲਿਮ ਏਕਤਾ ਦੇ ਪ੍ਰਤੀਕ ਸਨ। ਗਦਰ ਪਾਰਟੀ ਦੇ ਮੈਂਬਰਾਂ ਨੂੰ ਆਪਣਾ ਧਰਮ ਮੰਨਣ ਦੀ ਖੁੱਲ੍ਹ ਸੀ। ਗਦਰ ਪਾਰਟੀ ਦਾ ਮੈਂਬਰ ਬਣਨ ਲਈ ਕਿਸੇ ਖਾਸ ਧਰਮ ਦਾ ਨਹੀਂ ਸਗੋਂ ਭਾਰਤੀ ਹੋਣਾ ਜਾਂ ਇਨਸਾਨ ਹੋਣਾ ਹੀ ਸ਼ਰਤ ਸੀ। ਪਰ ਹੁਣ ਕੋਈ ਕੀ ਖਾਵੇ,ਕੀ ਪੀਵੇ, ਕੀ ਪਹਿਣੇ ਇਨ੍ਹਾਂ ਗੱਲਾਂ ਨੂੰ ਆਧਾਰ ਬਣਾ ਕੇ ਮਨੁੱਖੀ ਜਾਨਾਂ ਲਈਆਂ ਜਾ ਰਹੀਆਂ ਹਨ। ਆਢ ਗੁਆਂਢ ਦੇ ਮੁਲਕਾਂ ਦੇ ਲੋਕਾਂ ਨੂੰ ਦੁਸ਼ਮਨ ਗਰਦਾਨ ਕੇ ਨਫਰਤ ਫੈਲਾਈ ਜਾ ਰਹੀ ਹੈ।
ਅਰਬਾਂ ਰੁਪਇਆ ਜਿਹੜਾ ਆਮ ਲੋਕਾਂ ਦੀ ਭਲਾਈ ਲਈ ਖਰਚ ਕੀਤਾ ਜਾਣਾ ਚਾਹੀਦਾ ਹੈ ਹਥਿਆਰਾਂ ਤੇ ਖਰਚ ਕੀਤਾ ਜਾ ਰਿਹਾ ਹੈ। ਜਦ ਕਿ ਭਾਰਤ ਵਿੱਚ ਲੱਖਾਂ ਹੀ ਲੋਕ ਕੂੜੇ ਦੇ ਢੇਰਾਂ ਵਿੱਚੋਂ ਰੋਟੀ ਲਭਦੇ ਫਿਰਦੇ ਹਨ। ਬੰਦਿਆਂ ਨੂੰ ਬੰਦੇ ਨਹੀਂ ਸਗੋਂ ਵੋਟਾਂ ਸਮਝ ਕੇ ਉਹਨਾਂ ਦੀ ਖਰੀਦ ਕੀਤੀ ਜਾਂਦੀ ਹੈ ਜਾਂ ਫਿਰ ਡਰਾ ਧਮਕਾ ਕੇ ਵੋਟਾਂ ਬਟੋਰੀਆਂ ਜਾਂਦੀਆਂ ਹਨ। ਕੀ ਸਰਾਂਭੇ ਅਤੇ ਗਦਰੀਆਂ ਨੇ ਅਜਿਹੇ ਆਜ਼ਾਦ ਭਾਰਤ ਦਾ ਸੁਪਨਾ ਲਿਆ ਸੀ। ਹਰਗਿਜ਼ ਨਹੀਂ। ਜੇ ਅਜਿਹਾ ਹੁੰਦਾ ਤਾਂ ਲੋਕਾਂ ਵਿੱਚ ਬਾਹਰਲੇ ਦੇਸ਼ਾਂ ਵਿੱਚ ਹਰ ਜਾਇਜ, ਨਾਜਾਇਜ ਤਰੀਕੇ ਨਾਲ ਆਉਣ ਦੀ ਹੋੜ ਨਾ ਲਗਦੀ।
ਭਾਰਤ ਦੀ ਹੋਣਹਾਰ ਜਵਾਨੀ ਬਾਹਰ ਨੂੰ ਭੱਜ ਰਹੀ ਹੈ ਤੇ ਬਾਕੀ ਨਸ਼ਿਆਂ ਦੀ ਦਲਦਲ ਵਿੱਚ ਫਸੇ ਹੋਏ ਨੇ। ਇਹ ਹੈ ਭਾਰਤ ਦੇ ਭਵਿੱਖ ਦੀ ਤਸਵੀਰ। ਜੇ ਅਸੀਂ ਆਪਣੇ ਆਪ ਨੂੰ ਸੱਚਮੁੱਚ ਹੀ ਸਰਾਭੇ ਹੋਰਾਂ ਦੇ ਵਾਰਿਸ ਮੰਨਦੇ ਹਾਂ ਤਾਂ ਸਾਨੂੰ ਆਪਣੇ ਵਿੱਤ ਮੁਤਾਬਕ ਉਹਨਾਂ ਦੇ ਸੁਪਨਿਆਂ ਦਾ ਭਾਰਤ ਸਿਰਜਣ ਲਈ ਯਤਨ ਕਰਨਾ ਬਣਦਾ ਹੈ। ਜੇ ਅਸੀਂ ਕੋਈ ਯੋਗਦਾਨ ਨਹੀਂ ਵੀ ਪਾ ਸਕਦੇ ਤਾਂ ਘੱਟੋ ਘੱਟ ਉਹਨਾਂ ਦੇ ਵਿਚਾਰਾਂ ਵੱਲ ਪਿੱਠ ਤਾਂ ਬਿਲਕੁੱਲ ਹੀ ਨਹੀਂ ਕਰਨੀ ਚਾਹੀਦੀ ਨਹੀਂ ਤਾਂ ਉਹਨਾਂ ਦੇ ਦਿਹਾੜੇ ਮਨਾਉਣਾ ਮੱਸਿਆ ਜਾਂ ਸੰਗਰਾਂਦਾ ਬਣਾਉਣ ਵਾਂਗ ਹੋਵੇਗਾ ਕਿ ਧਾਰਮਿਕ ਸਥਾਨ ਤੇ ਹਾਜ਼ਰੀ ਲਵਾਈ ਤੇ ਛਕ-ਛਕਾ ਕੇ ਮੁੜ ਆਏ।
647-924-9087

Check Also

ਸਿੱਖ ਬੀਬੀਆਂ ਲਈ ਦਸਤਾਰ ਸਜਾਉਣ ਦਾ ਮਹੱਤਵ

ਤਲਵਿੰਦਰ ਸਿੰਘ ਬੁੱਟਰ ਪ੍ਰੋ. ਪੂਰਨ ਸਿੰਘ ਲਿਖਦੇ ਹਨ, ‘ਗੁਰੂ ਗੋਬਿੰਦ ਸਿੰਘ ਦਾ ਖ਼ਾਲਸਾ ਪੰਥ ਇਕ …