1.8 C
Toronto
Thursday, November 27, 2025
spot_img
Homeਭਾਰਤਅਮਰਿੰਦਰ ਨੇ ਕੇਜਰੀਵਾਲ ਨਾਲ ਮੁਲਾਕਾਤ ਤੋਂ ਕੀਤਾ ਇਨਕਾਰ

ਅਮਰਿੰਦਰ ਨੇ ਕੇਜਰੀਵਾਲ ਨਾਲ ਮੁਲਾਕਾਤ ਤੋਂ ਕੀਤਾ ਇਨਕਾਰ

ਪ੍ਰਦੂਸ਼ਣ ਮਾਮਲੇ ‘ਤੇ ਕੈਪਟਨ ਨੂੰ ਮਿਲਣਾ ਚਾਹੁੰਦੇ ਸਨ ਕੇਜਰੀਵਾਲ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੇਸ਼ ਦੇ ਉੱਤਰੀ ਰਾਜਾਂ ਵਿੱਚ ਧੂੰਏਂ ਅਤੇ ਧੁੰਦ ਕਰਕੇ ਆਮ ਜਨਜੀਵਨ ਵਿੱਚ ਵਿਘਨ ਪੈਣ ਦੇ ਮੁੱਦੇ ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੀਟਿੰਗ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ ਹੈ। ਕੈਪਟਨ ਨੇ ਆਪਣੇ ਹਮਰੁਤਬਾ ਨੂੰ ਸੁਝਾਅ ਦਿੱਤਾ ਹੈ ਕਿ ਉਹ ਇਸ ਗੰਭੀਰ ਮੁੱਦੇ ‘ਤੇ ਰਾਜਨੀਤੀ ਕਰਨ ਤੋਂ ਗੁਰੇਜ਼ ਕਰਨ। ਉਨ੍ਹਾਂ ਕਿਹਾ ਕਿ ਕੇਂਦਰ ਦੇ ਦਖ਼ਲ ਤੋਂ ਬਿਨਾ ਇਸ ਸਮੱਸਿਆ ਦਾ ਹੱਲ ਸੰਭਵ ਨਹੀਂ ਹੈ। ਕੇਜਰੀਵਾਲ ਇਸ ਮੁੱਦੇ ‘ਤੇ ਪੰਜਾਬ ਦੇ ਆਪਣੇ ਹਮਰੁਤਬਾ ਨੂੰ ਵੀ ਮਿਲਣਾ ਚਾਹੁੰਦੇ ਸਨ, ਪਰ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਇਹ ਸਮੱਸਿਆ ਕੇਂਦਰ ਸਰਕਾਰ ਦੇ ਦਖਲ ਤੋਂ ਬਿਨਾ ਹੱਲ ਨਹੀਂ ਹੋ ਸਕਦੀ। ਲਿਹਾਜ਼ਾ ਕੇਂਦਰ ਸਰਕਾਰ ਨੂੰ ਪੰਜਾਬ, ਦਿੱਲੀ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਸੱਦਣੀ ਚਾਹੀਦੀ ਹੈ। ਇਸ ਸਿਲਸਿਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਹੈ। ਮੁੱਖ ਮੰਤਰੀ ਦਾ ਤਰਕ ਹੈ ਕਿ ਇਸ ਮਸਲੇ ਨੂੰ ਹੱਲ ਕਰਨ ਲਈ ਦਿੱਲੀ ਦੇ ਮੁੱਖ ਮੰਤਰੀ ਕੋਲ ਕੋਈ ਤਾਕਤ ਨਹੀਂ ਹੈ ਤੇ ਉਹ ਦਿੱਲੀ ਵਿੱਚ ਇਸ ਸਮੱਸਿਆ ਨੂੰ ਹੱਲ ਕਰਨ ਵਿੱਚ ਨਾਕਾਮ ਰਹੇ ਹਨ ਤੇ ਹੁਣ ਮਹਿਜ਼ ਬਿਆਨਬਾਜ਼ੀ ਨਾਲ ਹੀ ਕੰਮ ਚਲਾਉਣਾ ਚਾਹੁੰਦੇ ਹਨ। ਪੰਜਾਬ ਸਰਕਾਰ ਦਾ ਤਰਕ ਹੈ ਕਿ ਇਸ ਮੁੱਦੇ ‘ਤੇ ਕੌਮੀ ਗਰੀਨ ਟ੍ਰਿਬਿਊਨਲ ਤੇ ਸੁਪਰੀਮ ਕੋਰਟ ਵਿੱਚ ਮਾਮਲੇ ਪਹਿਲਾਂ ਹੀ ਵਿਚਾਰ ਅਧੀਨ ਹਨ ਤੇ ਆਸ ਹੈ ਕਿ ਸਿਖਰਲੀ ਅਦਾਲਤ ਇਸ ਮੁੱਦੇ ਦਾ ਸਥਾਈ ਹੱਲ ਕਰਨ ਵਿੱਚ ਸਫਲ ਹੋ ਜਾਵੇਗੀ।

RELATED ARTICLES
POPULAR POSTS