ਵਿਜੀਲੈਂਸ ਡਾਇਰੈਕਟਰ ਦਾ ਦਾਅਵਾ-2400 ਕਲਾਸਰੂਮ ਬਣਾਉਣ ਸਮੇਂ ਹੋਇਆ 1300 ਕਰੋੜ ਦਾ ਘੁਟਾਲਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਸਰਕਾਰ ਦੇ ਵਿਜੀਲੈਂਸ ਡਿਪਾਰਟਮੈਂਟ ਨੇ ਰਾਜਧਾਨੀ ਦੇ ਸਕੂਲਾਂ ’ਚ ਵੱਡਾ ਘੋਟਾਲਾ ਹੋਣ ਦਾ ਦਾਅਵਾ ਕੀਤਾ ਹੈ। ਵਿਭਾਗ ਦਾ ਕਹਿਣਾ ਹੈ ਕਿ ਦਿੱਲੀ ਦੇ 193 ਸਰਕਾਰੀ ਸਕੂਲਾਂ ’ਚ 2405 ਕਲਾਸਰੂਮ ਬਣਾਉਣ ਸਮੇਂ ਕੇਜਰੀਵਾਲ ਸਰਕਾਰ ਨੇ ਰੱਜ ਕੇ ਭਿ੍ਰਸ਼ਟਾਚਾਰ ਕੀਤਾ। ਮੀਡੀਆ ਰਿਪੋਰਟਾਂ ਤੋਂ ਮਿਲੀ ਜਾਣਕਾਰੀ ਅਨੁਸਾਰ 1300 ਕਰੋੜ ਰੁਪਏ ਦੇ ਘੋਟਾਲੇ ਦੀ ਰਿਪੋਰਟ ਮੁੱਖ ਸਕੱਤਰ ਨੂੰ ਸੌਂਪ ਦਿੱਤੀ ਗਈ ਹੈ ਅਤੇ ਨਾਲ ਹੀ ਸਰਕਾਰੀ ਏਜੰਸੀ ਤੋਂ ਇਸ ਦੀ ਜਾਂਚ ਕਰਵਾਉਣ ਦੀ ਮੰਗ ਵੀ ਕੀਤੀ ਗਈ ਹੈ। ਅਪ੍ਰੈਲ 2015 ’ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੀਡਬਲਿਊਡੀ ਨੂੰ ਦਿੱਲੀ ਦੇ 193 ਸਰਕਾਰੀ ਸਕੂਲਾਂ ’ਚ 2405 ਐਕਸਟਰਾ ਕਲਾਸਰੂਮ ਬਣਾਉਣ ਦਾ ਹੁਕਮ ਦਿੱਤਾ ਸੀ। ਕੇਂਦਰੀ ਵਿਜੀਲੈਂਸ ਕਮਿਸ਼ਨ ਨੇ 17 ਫਰਵਰੀ 2020 ਦੀ ਇਕ ਰਿਪੋਰਟ ’ਚ ਦਿੱਲੀ ਦੇ ਸਰਕਾਰੀ ਸਕੂਲਾਂ ਵਿਚ 2400 ਤੋਂ ਵੱਧ ਜਮਾਤਾਂ ਦੀ ਉਸਾਰੀ ਵਿਚ ਲੋਕ ਨਿਰਮਾਣ ਵਿਭਾਗ ਵੱਲੋਂ ਕੀਤੀਆਂ ਗਈਆਂ ਊਣਤਾਈਆਂ ਦਾ ਜ਼ਿਕਰ ਕੀਤਾ ਸੀ। ਕੇਂਦਰੀ ਵਿਜੀਲੈਂਸ ਕਮਿਸ਼ਨ ਨੇ ਫਰਵਰੀ 2020 ’ਚ ਰਿਪੋਰਟ ਦਿੱਲੀ ਸਰਕਾਰ ਵਿਜੀਲੈਂਸ ਡਾਇਰੈਕਟੋਰੇਟ ਨੂੰ ਭੇਜ ਕੇ ਇਸ ’ਤੇ ਰਾਏ ਮੰਗੀ ਸੀ। ਪ੍ਰੰਤੂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਢਾਈ ਸਾਲ ਤੱਕ ਇਸ ਮਾਮਲੇ ਨੂੰ ਅੱਗੇ ਨਹੀਂ ਵਧਾਇਆ। ਇਸ ਤੋਂ ਬਾਅਦ ਅਗਸਤ 2022 ’ਚ ਦਿੱਲੀ ਐਲਜੀ ਨੇ ਮੁੱਖ ਸਕੱਤਰ ਨੂੰ ਹੁਕਮ ਦੇ ਕੇ ਦੇਰੀ ਦੀ ਜਾਂਚ ਕਰਕੇ ਰਿਪੋਰਟ ਦੇਣ ਲਈ ਕਿਹਾ ਅਤੇ ਵਿਭਾਗ ਨੇ ਜੋ ਰਿਪੋਰਟ ਸੌਂਪੀ ਉਸ ’ਚ ਦੱਸਿਆ ਗਿਆ ਕਿ ਟੈਂਡਰ ਪ੍ਰੋਸੈਸ ’ਚ ਉਲਟਫੇਰ ਕਰਨ ਦੇ ਲਈ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ।
Check Also
ਦਿੱਲੀ ਸ਼ਰਾਬ ਘੁਟਾਲਾ ਮਾਮਲੇ ’ਚ ਕੇਜਰੀਵਾਲ ਖਿਲਾਫ਼ ਚੱਲੇਗਾ ਕੇਸ
ਐਲਜੀ ਵੀ ਕੇ ਸਕਸੇਨਾ ਨੇ ਈਡੀ ਨੂੰ ਦਿੱਤੀ ਮਨਜ਼ੂਰੀ ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੇ …